ਮਨਦੀਪ ਖੁਰਮੀ ਹਿੰਮਤਪੁਰਾ (ਗਲਾਸਗੋ)
ਸਾਊਥਾਲ ਵਸਦੇ ਡਾ. ਤਾਰਾ ਸਿੰਘ ਆਲਮ ਨੂੰ ਮੈਂ 2009 ‘ਚ ਨਿਰਮਲ ਜੌੜਾ ਵੀਰ ਜੀ ਦੀ ਫੇਰੀ ਮੌਕੇ ਮਿਲਿਆ। ਉਸ ਦਿਨ ਤੋਂ ਉਹਨਾਂ ਨਾਲ ਰਸਮੀ ਨਹੀਂ ਸਗੋਂ ਪਰਿਵਾਰਕ ਸਾਂਝ ਬਣੀ। ਉਹਨਾਂ ਨੂੰ ਨੇੜਿਓਂ ਦੇਖਣ ਵਾਲੇ ਜਾਣਦੇ ਹਨ ਕਿ ਹਰ ਵੇਲੇ ਗੁਰਬਾਣੀ ਵਿਚਾਰ ਨਾਲ ਜੁੜੇ ਰਹਿਣ ਵਾਲੇ, ਤੂੰ ਹੀ ਤੂੰ ਹੀ ਦੀ ਰਾਹ ਦੇ ਰਾਹੀ, ਨਿਰੰਤਰ ਲਿਖਣ ਕਾਰਜ ਵਿੱਚ ਰੁੱਝੇ ਰਹਿਣ ਵਾਲੇ, ਘਰ ਆਏ ਨੂੰ ਪਲਕਾਂ ‘ਤੇ ਬਿਠਾਉਣ ਵਾਲੇ, ਘਰ ਆਏ ਅਣਜਾਣ ਨੂੰ ਵੀ ਪ੍ਰਸ਼ਾਦਾ ਛਕੇ ਬਿਨਾਂ ਮੁੜਦੇ ਨਹੀਂ ਦੇਖਿਆ। ਸਾਹਿਤਕ ਖੇਤਰ ਵਿੱਚ ਦਹਾਕਿਆਂ ਲੰਮਾ ਮੇਲ ਮਿਲਾਪ ਪਰ ਸਿਆਸਤਾਂ ਦੇ ਮੁਲੰਮੇ ਤੋਂ ਨਿਰਲੇਪ, ਹਰ ਛੋਟੇ ਵੱਡੇ ਦੇ ਪਿਆਰ ਸਤਿਕਾਰ ‘ਚ ਜੁੜੇ ਹੱਥ ਤੇ ਦੁਆਵਾਂ ਅਸੀਸਾਂ ਦੇ ਟੋਕਰੇ ਝੋਲੀ ਪਾ ਕੇ ਤੋਰਨਾ ਉਹਨਾਂ ਦਾ ਸੁਭਾਅ ਹੈ। ਲਿਖਤਾਂ ਦੀ ਗੱਲ ਕਰਾਂ ਤਾਂ ਉਹਨਾਂ ਦੀਆਂ ਜ਼ਿਆਦਾਤਰ ਲਿਖਤਾਂ ਗੁਰਬਾਣੀ ਮੱਤਾਂ ਦੇ ਪ੍ਰਭਾਵ ਅਧੀਨ ਸੇਧ ਦੇਣ ਵਾਲੀਆਂ ਹਨ। ਕਿਸਾਨ ਸੰਘਰਸ਼ ਜ਼ੋਰਾਂ ‘ਤੇ ਹੈ ਤਾਂ ਡਾ. ਤਾਰਾ ਸਿੰਘ ਆਲਮ ਜੀ ਦੀ ਕਲਮ ਦਾ ਮੁਹਾਣ ਦੇਖ ਕੇ ਇਉਂ ਲੱਗਿਆ ਜਿਵੇਂ ਉਹ ਆਪਣੀ ਉਮਰ ਦੇ 18ਵੇਂ 19ਵੇਂ ਸਾਲ ਦੇ ਜੋਸ਼ ਤਹਿਤ ਲਿਖ ਰਹੇ ਹੋਣ। ਬਿਨਾਂ ਸ਼ੱਕ ਉਹਨਾਂ ਦੀਆਂ ਸੈਂਕੜੇ ਰਚਨਾਵਾਂ ਸਮਾਜਿਕ, ਆਰਥਿਕ ਤੇ ਸਿਆਸੀ ਟੀਰ ਨੂੰ ਨੰਗਿਆਂ ਕਰਨ ਵਾਲੀਆਂ ਹਨ ਪਰ ਉਹਨਾਂ ਦੀ ਕਿਸੇ ਹੋਰ ਲਿਖਤ ਵਿੱਚ ਐਨਾ ਰੋਹ ਜਾਂ ਗੁੱਸੇ ਦੇ ਕਣ ਨਹੀਂ ਸਨ ਦੇਖਣ ਨੂੰ ਮਿਲੇ, ਜਿੰਨੇ ਉਹਨਾਂ ਦੇ ਲਿਖੇ ਤੇ ਹਾਲ ਹੀ ਵਿੱਚ ਲੋਕ ਅਰਪਣ ਹੋਏ ਗੀਤ “ਸਾਥ ਦਿਓ ਕਿਰਸਾਨਾਂ ਦਾ” ਵਿੱਚ ਸੁਣਨ ਨੂੰ ਮਿਲੇ। ਇਸ ਤਰ੍ਹਾਂ ਦੇ ਮਨੋਭਾਵ ਇੱਕ ਸਾਧ ਬਿਰਤੀ ਵਾਲੇ ਇਨਸਾਨ ਅੰਦਰ ਉਦੋਂ ਪੈਦਾ ਹੁੰਦੇ ਹਨ ਜਦੋਂ ਹਾਕਮ ਦੇ ਜ਼ਬਰ ਦੀ ਇੰਤਹਾ ਹੋ ਜਾਵੇ, ਸਿਖਰ ਹੋ ਜਾਵੇ। ਮੈਂ ਉਹਨਾਂ ਨਾਲ ਵਿਚਰਦੇ ਆਉਣ ਦੇ 11 ਸਾਲ ਦੇ ਸਮੇਂ ਵਿੱਚ ਉਹਨਾਂ ਦੀਆਂ ਗੱਲਾਂ, ਗੀਤਾਂ, ਰਚਨਾਵਾਂ ਵਿੱਚ ਉਹ ਤਲਖੀ, ਵੰਗਾਰ, ਰੋਹ ਨਹੀਂ ਸੀ ਦੇਖੀ, ਜੋ ਇਸ ਗੀਤ ਰਾਹੀਂ ਦੇਖਣ ਨੂੰ ਮਿਲੀ।ਹਰ ਸਾਹ ਨੂੰ ਪ੍ਰਮਾਤਮਾ ਭਗਤੀ ਲੇਖੇ ਲਾਉਣ ਵਾਲੇ ਤਾਰਾ ਸਿੰਘ ਆਲਮ ਇਸ ਤਰ੍ਹਾਂ ਵਿਚਲਿਤ ਹੋਣਗੇ ਸੁਪਨੇ ਵਿੱਚ ਵੀ ਨਹੀ ਸੋਚਿਆ ਜਾ ਸਕਦਾ।ਕਈ ਸੌ ਸਮੁੰਦਰਾਂ ਵਰਗੀ ਰਵਾਨੀ ਭਰੀ ਸੋਚ ਦੇ ਮਾਲਕ ਡਾ: ਆਲਮ ਦੀਆਂ ਲੱਗਭਗ ਅੱਧਿਓ ਵਧੇਰੇ ਕਿਤਾਬਾਂ ਦੇ ਨਾਵਾਂ ਵਿੱਚ ਵੀ ਸਮੁੰਦਰ ਸ਼ਬਦ ਦਾ ਜਿਕਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਪੰਜਾਬ,ਪੰਜਾਬੀ,ਪੰਜਾਬੀਅਤ ਨੂੰ ਸਮੁੰਦਰ ਵਾਂਗ ਵਿਸ਼ਾਲ ਅਤੇ ਠਾਠਾਂ ਮਾਰਦਾ ਦੇਖਣ ਦੇ ਕਿੰਨੇ ਇਛੁੱਕ ਹਨ।ਸ਼ਾਂਤ ਚਿੱਤ ਰਹਿ ਕੇ ਬਿਜੜੇ ਵਾਂਗ ਹਰ ਵਕਤ ਸਾਹਿਤ ਰਚਨਾ ਵਿੱਚ ਰੁੱਝੇ ਰਹਿਣ ਵਾਲੇ ਇਸ ਦਰਵੇਸ਼ ਲੇਖਕ ਦਾ ਲਿਖਿਆ ਗੀਤ ” ਸਾਥ ਦਿਓ ਕਿਰਸਾਨਾਂ ਦਾ” ਇੱਕ ਹੱਥ ਮਾਲਾ ਅਤੇ ਦੂਜੇ ਹੱਥ ਖੰਡਾ ਫੜੇ ਹੋਣ ਦੀ ਤਰਜ਼ਮਾਨੀ ਕਰਦਾ ਹੈ।ਜਿੱਥੇ ਡਾ: ਤਾਰਾ ਸਿੰਘ ਆਲਮ ਨੇ ਆਪਣੇ ਦੁਖੀ ਹੋਏ ਮਨ ਰਾਹੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਹੈ ਉੱਥੇ ਗਾਇਕ ‘ਤੇ ਸੰਗੀਤਕਾਰ ਸੁਖਵਿੰਦਰ ਸਿੰਘ ਨੇ ਵੀ ਬੋਲਾਂ ਨਾਲ ਮੁਕੰਮਲ ਤੌਰ ਤੇ ਇਨਸਾਫ ਕੀਤਾ ਹੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਸਤਾਏ ਸਾਧੂ ਵਿਰਤੀ ਦੇ ਲੋਕ ਵੀ ਵਿਆਕੁਲ ਨਜ਼ਰ ਆ ਰਹੇ ਹਨ।