ਅਸ਼ੋਕ ਵਰਮਾ
ਮਾਨਸਾ, 20 ਦਸੰਬਰ 2020: ਦੇਸ਼ ਭਰ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਇੱਕ ਕਿਸਾਨ, ਵਪਾਰੀ ਅਤੇ ਮਜ਼ਦੂਰ ਏਕਤਾ ਦਾ ਪ੍ਰਤੀਕ ਬਣ ਚੁੱਕਾ ਹੈ। ਇਸ ਅੰਦੋਲਨ ਵਿੱਚ ਜਿੱਥੇ ਕਿਸਾਨ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲੜਾਈ ਲੜ ਰਹੇ ਹਨ, ਉੱਥੇ ਇਸ ਅੰਦੋਲਨ ਦੌਰਾਨ ਪੰਜਾਬ ਦੇ ਵਪਾਰੀ ਵਰਗ ਖਾਸ ਕਰਕੇ ਆੜ੍ਹਤੀਆਂ ਵੱਲੋਂ ਵੀ ਇਸ ਅੰਦੋਲਨ ਵਿੱਚ ਅਗਲੀ ਭੂਮਿਕਾ ਨਿਭਾਈ ਜਾ ਰਹੀ ਹੈ। ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਆਖਿਆ ਕਿ ਕਿਸਾਨ ਅੰਦੋਲਨ ਨੂੰ ਮੋਦੀ ਸਰਕਾਰ ਅਤੇ ਮੋਦੀ ਮੀਡੀਆ ਵੱਲੋਂ ਖਾਲਿਸਤਾਨੀ ਜਾਂ ਨਕਸਲੀ ਅੰਦੋਲਨ ਦੇ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੇਸ਼ ਦੇ ਧਰਮ ਨਿਰਪੱਖ ਲੋਕਾਂ ਨੇ ਅਜਿਹੀਆਂ ਚਾਲਾਂ ਸਫਲ ਨਹੀਂ ਹੋਣ ਦਿੱਤੀਆਂ ਹਨ। ਉਹਨਾਂ ਕਿਹਾ ਕਿ ਹੁਣ ਇਸ ਕਿਸਾਨਾਂ ਨਾਲੋਂ ਆੜ੍ਹਤੀਆ ਵਰਗ ਨੂੰ ਤੋੜਨ ਲਈ ਇੱਕ ਸਾਜਿਸ਼ ਅਧੀਨ ਇਸ ਅੰਦੋਲਨ ਵਿੱਚ ਮੋਢੇ ਨਾਲ ਮੋਢਾ ਜ਼ੋੜ ਕੇ ਸਾਥ ਦੇ ਰਹੇ ਆੜ੍ਹਤੀਆਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਐਡਵੋਕੇਟ ਮਾਹਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਉਪਰ ਇਨਕਮ ਟੈਕਸ ਵਿਭਾਗ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਜਲਦੀ ਹੀ ਇਸ ਸਬੰਧ ਵਿੱਚ ਆੜ੍ਹਤੀਆ ਆਗੂਆਂ ਨਾਲ ਮੀਟਿੰਗਾਂ ਕਰਕੇ ਸੰਘਰਸ਼-ਸ਼ੀਲ ਜਥੇਬੰਦੀਆਂ ਸਾਂਝੀ ਰਣਨੀਤੀ ਬਣਾ ਕੇ ਅਜਿਹੀਆਂ ਛਾਪਾਮਾਰੀ ਕਰ ਰਹੀਆਂ ਆਮਦਨ ਕਰ ਵਿਭਾਗ ਦੀਆਂ ਟੀਮਾਂ ਦਾ ਘਿਰਾਓ ਕਰਨ ਦੀ ਯੋਜਨਾ ਉਲੀਕਣ ਲਈ ਮਜ਼ਬਰ ਹੋਣਗੀਆਂ। ਆੜ੍ਹਤੀਆ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਵੀ ਇਨਕਮ ਟੈਕਸ ਵਿਭਾਗ ਵੱਲੋਂ ਆੜਤੀਆਂ ਤੇ ਕੀਤੀਆਂ ਜਾ ਰਹੀਆਂ ਨਜਾਇਜ਼ ਕਾਰਵਾਈਆਂ ਦੀ ਨਿਖੇਧੀ ਕੀਤੀ । ਉਨਾਂ ਕਿਹਾ ਕਿ ਆੜ੍ਹਤੀਆ ਭਾਈਚਾਰਾ ਡਰਨ ਵਾਲਾ ਨਹੀਂ ਹੈ ਅਤੇ ਉਹ ਇਸੇ ਤਰਾਂ ਕਿਸਾਨ ਅੰਦੋਲਨ ਵਿੱਚ ਅੱਗੇ ਵਧ ਕੇ ਸਹਿਯੋਗ ਦਿੰਦਾ ਰਹੇਗਾ ਕਿਉਂਕਿ ਕਿਸਾਨ ਅਤੇ ਆੜ੍ਹਤੀਆਂ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ।ਉਹਨਾਂ ਕਿਹਾ ਕਿ ਮੋਦੀ ਦੀਆਂ ਅਜਿਹੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਬੇਲੋੜੀ ਛਾਪੇਮਾਰੀ ਬੰਦ ਕਰਨ ਦੀ ਮੰਗ ਕਰਦਿਆਂ ਦਾਨੇਵਾਲੀਆ ਨੇ ਸਮੂਹ ਪੰਜਾਬੀਆਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ।