ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)
ਸੁਰਜੀਤ ਸੰਧੂ ਨੂੰ ਮੈਂ ਇੱਕ ਸਮਰੱਥ ਗੀਤਕਾਰ ਵਜੋਂ ਜਾਣਦਾ ਹਾਂ ਜਿਸ ਦੇ ਲਿਖੇ ਗੀਤ ਬਹੁਤ ਸੁਰੀਲੇ ਗਲਿਆਂ ਨੇ ਗਾਏ ਹਨ।ਉਸ ਵੱਲੋਂ ਨਿੱਕੇ-ਨਿੱਕੇ ਬਾਲਾਂ ਲਈ ਲਿਖਣਾ ਆਪਣੇ ਆਪ ਵਿੱਚ ਕਮਾਲ ਹੈ।ਬਾਲ ਸਾਹਿਤ ਸਿਰਜਣ ਲਈ ਤੁਹਾਡਾ ਕੋਮਲ ਭਾਵੀ ਹੋਣਾ ਜਰੂਰੀ ਹੈ ਅਤੇ ਸਾਡਾ ਸੁਰਜੀਤ ਤਾਂ ਕੋਮਲ ਭਾਵੀ ਹੋਣ ਦੇ ਨਾਲ-ਨਾਲ ਸੰਵੇਦਨਸ਼ੀਲ ਵੀ ਹੈ।
ਨਿੱਕੇ ਨਿੱਕੇ ਤਾਰੇ ਖ਼ੂਬਸੂਰਤ ਤਸਵੀਰਾਂ ਨਾਲ ਜੜੀ ਨਿੱਕੀਆਂ ਨਿੱਕੀਆਂ ਕਵਿਤਾਵਾਂ ਦੀ ਅਜਿਹੀ ਕਿਤਾਬ ਹੈ ਜੋ ਸਾਡੇ ਕੋਮਲ ਜਿਹੇ ਬਾਲਾਂ ਨੂੰ ਕਵਿਤਾ ਵਿੱਚ ਆਪਣੀ ਗੱਲ ਕਹਿਣ ਦੀ ਪ੍ਰੇਰਣਾ ਦਿੰਦੀ ਹੈ।ਕਿਤਾਬ ਦੀ ਰੌਚਿਕ ਸਮੱਗਰੀ ਬੱਚਿਆਂ ਨੂੰ ਸੁਖ਼ਧ ਸੁਨੇਹੇਂ ਵੀ ਦਿੰਦੀ ਹੈ ਅਤੇ ਉਂਗਲ ਫ਼ੜ੍ਹ ਕੇ ਵਾਤਾਵਰਣ ਦੀ ਸਾਂਭ-ਸੰਭਾਲ ਦਾ ਜੁੰਮਾ ਵੀ ਦਿੰਦੀ ਹੈ।ਜਿੱਥੇ ਰੁੱਖਾਂ ਦੀ ਗੱਲ ਕਰਦਿਆਂ ਸੁਰਜੀਤ ਬੱਚਿਆਂ ਦੇ ਕੋਮਲ ਹਿਰਦਿਆਂ ਵਿੱਚ ਰੱਖਾਂ ਦੀ ਮਹੱਤਤਾ ਜੜ ਦਿੰਦਾ ਹੈ ਓਥੇ ਦੀਵਾਲੀ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਦੀ ਪ੍ਰੇਰਨਾ ਦਿੰਦੀ ਕਵਿਤਾ ਬਾਲਾਂ ਲਈ ਚੰਗੇਰੀ ਜੀਵਨ-ਜਾਚ ਦੀ ਰਾਹ ਦਸੇਰੀ ਬਣਦੀ ਹੈ। ਪੂਲ ਦਾ ਗੀਤ, ਬਸਤੇ ਦਾ ਗੀਤ ਅਤੇ ਬਾਲਾਂ ਦੇ ਪਸੰਦੀਦਾ ਪਾਤਰ ‘ਕੁਲਫ਼ੀਆਂ ਵਾਲਾ’ ਗੀਤ ਬਾਲ ਹਿਰਦਿਆਂ ਨੂੰ ਟੁੰਬਣ ਵਾਲੇ ਹਨ।ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਵਧੀਆ ਕਾਗ਼ਜ਼ ’ਤੇ ਢੁੱਕਵੀਆਂ ਤਸਵੀਰਾਂ ਛਾਪ ਕੇ ਕਿਤਾਬ ਨੂੰ ਹੋਰ ਵੀ ਲੁਭਾਵਣੀ ਬਣਾ ਦਿੱਤਾ ਹੈ।
ਅੱਜ ਜਦੋਂ ਬਿਜਲਈ ਮਾਧਿਅਮ ਨੇ ਵੱਖ-ਵੱਖ ਸਾਧਨਾਂ ਰਾਹੀਂ ਬੱਚਿਆਂ ਨੂੰ ਆਪਣੀ ਗਿ੍ਰਫ਼ ਵਿੱਚ ਲੈ ਲਿਆ ਹੈ, ਉਸ ਮੌਕੇ ਬਾਲ ਸਾਹਿਤ ਨਾਲ ਸਬੰਧਤ ਕਿਤਾਬ ਛਾਪਣਾ ਵਿੱਤੀ ਤੋਰ ’ਤੇ ਜੋਖ਼ਮ ਲੈਣ ਵਾਲੀ ਗੱਲ ਹੈ ਪਰ ਸਾਹਿਤ ਨੂੰ ਦਿਲੋਂ ਮੁਹੱਬਤ ਕਰਨ ਵਾਲੇ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਪਿੱਛੇ ਕਿੱਥੇ ਹਟਦੇ ਹਨ।ਕਿਤਾਬ ਦੀ ਸੋਹਣੀ ਛਪਾਈ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਅਤੇ ਜੇ ਮਾਪੇ ਥੋੜ੍ਹਾ ਜਿਹਾ ਤਰੱਦਦ ਕਰਨ ਤਾਂ ਏਹ ਕਿਤਾਬ ਬਾਲਾਂ ਹੱਥੋਂ ਬਿਜਲਈ ਯੰਤਰ ਛੁਡਾ ਕੇ ਉਨ੍ਹਾਂ ਨੂੰ ਕਿਤਾਬਾਂ ਦੇ ਲੜ ਲਾ ਸਕਦੀ ਹੈ।ਜਦੋਂ ਬਾਲ ਅਜਿਹੀਆਂ ਕਵਿਤਾਵਾਂ ਪੜ੍ਹਨਗੇ ਤਾਂ ਉਨ੍ਹਾਂ ਵਿੱਚ ਸੰਵੇਦਨਸ਼ੀਲਤਾ ਵੀ ਵਧੇਗੀ ਅਤੇ ਉਨ੍ਹਾਂ ਦੀ ਸਿਰਜਣ ਸਮਰੱਥਾ ਵੀ ਵਧੇਗੀ।ਉਨ੍ਹਾਂ ਦੇ ਮਨ ਵਿੱਚ ਨਵੀਆਂ ਤਰੰਗਾਂ ਉੱਠਣਗੀਆਂ ਅਤੇ ਮੇਰਾ ਮੰਨਣਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਅਜਿਹੀਆਂ ਕਵਿਤਾਵਾਂ ਦੇ ਲਖਾਇਕ ਬਣ ਸਕਦੇ ਹਨ।
ਪੰਜਾਬੀ ਕੌਂਸਲ ਆਫ਼ ਆਸਟਰੇਲੀਆ ਅੱਜ ਏਹ ਕਿਤਾਬ ਬੈਲਾਵਿਸਟਾ ਵਿੱਚ ਖੁੱਲ੍ਹਣ ਜਾ ਰਹੇ ਸ਼ਾਕਾਹਾਰੀ ਭੋਜਨ ਸਥਲ ‘ਵੈਜੀਡਿਲਾਈਟ’ ਦੇ ਵਿਹੜੇ ਵਿੱਚ ਲੋਕ-ਅਰਪਣ ਕਰਦਿਆਂ ਸੁਰਜੀਤ ਸੰਧੂ ਨੂੰ ਮੁਬਾਰਕਬਾਦ ਦਿੰਦੀ ਹੈ।ਸਾਡੇ ਪੰਜਾਬੀ ਕੌਂਸਲ ਮੈਂਬਰ ਅਤੇ ਵੈਜੀਡਿਲਾਈਟ ਰਾਹੀਂ ਲੋਕ ਮਨਾਂ ’ਤੇ ਰਾਜ ਕਰਦੇ ਵੀਰ ਰਾਜਵੰਤ ਨੇ ਆਏ ਮਹਿਮਾਨਾਂ ਦਾ ਸ਼ਾਨਦਾਰ ਗੁੜ ਵਾਲੀ ਚਾਹ ਅਤੇ ਹਰੇ-ਭਰੇ ਟਿੱਕੀ-ਕਬਾਬ ਨਾਲ ਸਵਾਗਤ ਕੀਤਾ।
ਜੇਕਰ ਕੋਈ ਸੱਜਣ ਏਹ ਕਿਤਾਬ ਲੈਣਾ ਚਾਹੇ ਤਾਂ ਉਹ ਮੇਰੇ ਨਾਲ 0402138322 ਨੰਬਰ ’ਤੇ ਸੰਪਰਕ ਕਰ ਸਕਦਾ ਹੈ।