
ਮਾਲੇਰਕੋਟਲਾ, 15 ਦਸੰਬਰ (ਥਿੰਦ) ਆਪਣੇ ਡਾਕਟਰੀ ਕਿੱਤੇ ਦੇ ਨਾਲ-ਨਾਲ ਸਮਾਜਸੇਵਾ ਦੇ ਖੇਤਰ ‘ਚ ਵੀ ਸਮੇਂ-ਸਮੇਂ ‘ਤੇ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਆ ਰਹੇ ਦਿਮਾਗੀ ਬਿਮਾਰੀਆਂ ਦੇ ਮਾਹਿਰ ਡਾਕਟਰ ਪੁਨੀਤ ਕਥੂਰੀਆ ਨੇ ਹੁਣ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ‘ਚ ਨਿੱਤਰਦਿਆਂ ਦਿੱਲੀ ਪੁੱਜ ਕੇ ਕਿਸਾਨਾਂ ਦੀ ਸੇਵਾ ‘ਚ ਦਵਾਈਆਂ ਦਾ ਲੰਗਰ ਲਗਾਇਆ। ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਲੇਰਕੋਟਲਾ ਦੇ ਪ੍ਰੇਮ ਨਿਊਰੋ ਸੈਂਟਰ ਸਟਾਫ ਸਮੇਤ ਦਿੱਲੀ ਪੁੱਜੇ ਡਾਕਟਰ ਕਥੂਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਕੋਰੋਨਾ ਦੇ ਇਸ ਜਾਰੀ ਕਹਿਰ ਦੌਰਾਨ ਆਪਣੀਆਂ ਜਿੰਦਗੀਆਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਹੱਕਾਂ ਦੀ ਲੜਾਈ ਲੜ ਰਹੇ ਦੇਸ਼ ਦੇ ਅੰਨ੍ਹਦਾਤਾ ਵੱਜੋਂ ਜਾਣੇ ਜਾਂਦੇ ਕਿਸਾਨ ਵੀਰਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਬਿਮਾਰੀਆਂ ਤੋਂ ਮੁਕਤ ਸਿਹਤਮੰਦ ਰਹਿ ਕੇ ਆਪਣੇ ਸੰਘਰਸ਼ ਨੂੰ ਜਾਰੀ ਰੱਖ ਸਕਣ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਹੋਰਨਾਂ ਡਾਕਟਰ ਸਾਥੀਆਂ ਅਤੇ ਸਟਾਫ ਦੇ ਨਾਲ ਮਿਲ ਕੇ ਇਹ ਦਵਾਈਆਂ ਦਾ ਲੰਗਰ ਲਗਾਇਆ ਹੈ, ਜਿੱਥੇ ਅਸੀਂ ਅੰਦੋਲਨਕਾਰੀ ਕਿਸਾਨਾਂ ਦੀ ਜਾਂਚ ਕਰਕੇ ਲੋੜਵੰਦ ਕਿਸਾਨਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਦੀ ਸੇਵਾ ਕਰਕੇ ਮੇਰੇ ਮਨ ਨੂੰ ਜੋ ਸਕੂਨ ਮਿਲਦਾ ਹੈ ਉਹ ਹੋਰ ਕਿਤੇ ਵੀ ਨਹੀਂ ਮਿਲਦਾ, ਕਿਉਂਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਇੱਕ ਵੱਡਾ ਪੁੰਨ ਦਾ ਕੰਮ ਹੈ। ਡਾਕਟਰ ਕਥੂਰੀਆ ਨੇ ਦੱਸਿਆ ਕਿ ਇਸ ਸਮਾਜ ਸੇਵੀਕਾਰਜ ਦੌਰਾਨ ਜਿੱਥੇ ਲੋਕਾਂ ਨੂੰ ਦਵਾਈਆਂ ਵੰਡੀਆਂ ਗਈਆਂ ਉੱਥੇ ਹੀ ਕਿਸਾਨਾਂ ਨੂੰ ਗਰਮ ਕੱਪੜੇ ਅਤੇ ਮਾਸਕ ਵਗੈਰਾ ਵੀ ਵੰਡੇ ਗਏ।