ਅਸ਼ੋਕ ਵਰਮਾ
ਬਠਿੰਡਾ, 14 ਦਸੰਬਰ2020: ਮਾਲਵਾ ਪੱਟੀ ਅੱਜ ਵੀ ਸੰਘਣੀ ਧੁੰਦ ‘ਚ ਘਿਰੀ ਰਹੀ ਅਤੇ ਸੀਤ ਲਹਿਰ ਤੇਜ਼ ਹੋਣ ਕਾਰਨ ਸਮੁੱਚੇ ਇਲਾਕੇ ‘ਚ ਠੰਢ ਦਾ ਕਹਿਰ ਜਾਰੀ ਹੈ ਜਿਸ ਤੋਂ ਰਾਹਤ ਮਿਲਣ ਦੇ ਵੀ ਆਸਾਰ ਨਜ਼ਰ ਨਹੀਂ ਆ ਰਹੇ ਹਨ। ਅੱਜ ਬਠਿੰਡਾ ਸ਼ਹਿਰ ਵਿਚ ਠੰਢ ਕਾਰਨ ਇੱਕ ਬੇਸਹਾਰਾ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਮੱਛੀ ਮਾਰਕੀਟ ’ਚ ਰਹਿ ਰਿਹਾ ਸੀ । ਪਤਾ ਲੱਗਣ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਮਿ੍ਰਤਕ ਦੇਹ ਨੂੰ ਹਸਪਤਾਲ ਭਿਜਵਾਇਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ।
ਓਧਰ ਮੌਸਮ ਵਿਭਾਗ ਅਨੁਸਾਰ ਅੱਜ ਦਾ ਵੱਧ ਤੋਂ ਵੱਧ ਤਾਪਮਾਨ 11.8 ਸੈਲਸੀਅਸ ਮਾਪਿਆ ਗਿਆ ਹੈ, ਜਦੋਂਕਿ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਰਿਹਾ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 13.8 ਡਿਗਰੀ ਅਤੇ ਘੱਟ ਤੋਂ ਘੱਟ 8.6 ਡਿਗਰੀ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਮਿਜ਼ਾਜ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ ।ਅੱਜ ਵੀ ਇਲਾਕੇ ਵਿਚ ਅੱਧਾ ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਠੰਢੀਆਂ ਸਰਦ ਹਵਾਵਾਂ ਵਗਦੀਆਂ ਰਹੀਆਂ ਤੇ ਬਹੁਤੇ ਥਾਈਂ ਤਾਪਮਾਨ ਆਮ ਨਾਲੋਂ ਛੇ ਤੋਂ 10 ਦਰਜੇ ਤੱਕ ਹੇਠਾਂ ਚਲਾ ਗਿਆ ਹੈ।
ਸ਼ੀਤ ਲਹਿਰ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਸੜਕੀ ਅਤੇ ਰੇਲ ਆਵਾਜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ । ਆਲਮ ਇਹ ਹੈ ਕਿ ਸੜਕ ਉੱਤੇ ਵਾਹਨ ਚਾਲਕਾਂ ਨੂੰ ਦਿਨ ਸਮੇਂ ਵੀ ਬੱਤੀਆਂ ਜਗਾ ਕੇ ਚੱਲਣਾ ਪੈ ਰਿਹਾ ਹੈ ਅਤੇ ਕੁਝ ਦੂਰੀ ਅੱਗੇ ਵੀ ਨਜ਼ਰ ਨਹੀਂ ਆਉਂਦਾ । ਠੰਢ ਤੋਂ ਬਚਾਅ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਸੰਘਣੇ ਕੋਹਰੇ ਕਾਰਨ ਨੌਕਰੀ ਪੇਸ਼ਾ ਅਤੇ ਆਮ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਹੈ।
ਅੱਜ ਦੂਸਰੇ ਦਿਨ ਵੀ ਲੋਕਾਂ ਨੂੰ ਸੂਰਜ ਦਾ ਮੂੰਹ ਵੇਖਣਾ ਲੋਕਾਂ ਨੂੰ ਨਸੀਬ ਨਹੀਂ ਹੋਇਆ। ਦੂਜੇ ਪਾਸੇ ਰਾਤ ਦੀ ਠੰਢ ਵਧਣ ਕਾਰਨ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਲਈ ਹੋਰ ਵੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਕਿਉਂਕਿ ਠੰਢ ਤੋਂ ਬਚਣ ਲਈ ਇਨਾਂ ਕੋਲ ਲੋੜੀਂਦੇ ਕੱਪੜੇ ਤੇ ਕੰਬਲ ਵੀ ਨਹੀਂ ਹਨ । ਇਹਨਾਂ ਬੇਸਹਾਰਾ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਹਾਰਾ ਜਨ ਸੇਵਾ ਅਤੇ ਸ਼ਹਿਰ ਦੀਆਂ ਦੂਸਰੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਕੰਬਲਾਂ ਅਤੇ ਹੋਰ ਗਰਮ ਕੱਪੜਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।
ਸਹਿਯੋਗ ਕਲੱਬ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਾਂ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਈ ਥਾਵਾਂ ਤੇ ਗਰੀਬਾਂ ਅਤੇ ਲੋੜਵੰਦਾਂ ਦੀ ਸਾਰ ਲਈ ਹੈ। ਠੰਢ ਕਾਰਟ ਗਰਮ ਕੱਪੜਿਆਂ ਦੀਆਂ ਦੁਕਾਨਾਂ‘ਤੇ ਰੌਣਕਾਂ ਲੱਗੀਆਂ ਹੋਈਆਂ ਹਨ। ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਦੀ ਖੇਤੀ ਲਈ ਠੰਢ ਲਾਭਦਾਇਕ ਹੈ ਇਸ ਨਾਲ ਫਸਲ ਦੇ ਝਾੜ ਵੱਧਣ ਦੇ ਆਸਾਰ ਵਧ ਜਾਂਦੇ ਹਨ ਪਰ ਕੋਹਰਾ ਖਤਰਨਾਕ ਸਾਬਤ ਹੋ ਸਕਦਾ ਹੈ ।
ਕਣਕ ਲਈ ਠੰਢਾ ਮੌਸਮ ਵਰਦਾਨ: ਰੋਮਾਣਾ
ਖੇਤੀਬਾੜੀ ਮਾਹਿਰਾਂ ਅਨੁਸਾਰ ਕਣਕ ਦੀ ਖੇਤੀ ਲਈ ਠੰਢ ਲਾਭਦਾਇਕ ਹੈ ਇਸ ਨਾਲ ਫਸਲ ਦੇ ਝਾੜ ਵੱਧਣ ਦੇ ਆਸਾਰ ਵਧ ਜਾਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿਗਿਆਨੀ ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਜੇਕਰ ਠੰਢਾ ਤੇ ਨਾਲ ਹੀ ਮਾੜਾ ਮੋਟਾ ਧੁੱਪ ਵਾਲਾ ਮੌਸਮ ਰਹਿੰਦਾ ਹੈ ਤਾਂ ਕਣਕ ਦੀ ਪੈਦਾਵਾਰ ਵਧਦੀ ਹੈ। ਉਨਾਂ ਆਖਿਆ ਕਿ ਸਿਰਫ ਆਲੂਆ ,ਸਰੋਂ ਜਾਂ ਚੌੜੇ ਪੱਤੇ ਵਾਲੀਆਂ ਫਸਲਾਂ ਲਈ ਕੋਹਰਾ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਕਣਕ ਲਈ ਫਿਲਹਾਲ ਕੋਈ ਹਾਨੀਂ ਵਾਲੀ ਗੱਲ ਨਹੀਂ ਹੈ।
ਕਿਰਤੀਆਂ ਲਈ ਠੰਢ ਦਾ ਨਾਮ ਪ੍ਰੇਸ਼ਾਨੀ
ਮਜ਼ਦੂਰ ਮੁਕਤੀ ਮੋਰਚਾ ਦੇ ਜਰਨਲ ਸਕੱਤਰ ਹਰਵਿੰਦਰ ਸਿੰਘ ਸੇਮਾਂ ਦਾ ਕਹਿਣਾ ਸੀ ਕਿ ਠੰਢ ’ਚ ਵੱਡੀ ਮੁਸ਼ਕਲ ਉਸਾਰੀ ਮਜਦੂਰਾਂ ਨੂੰ ਆਉਂਦੀ ਹੈ ਚਿਣਾਈ ਸੀਮਿੰਟ ਨਾਲ ਹੋਣ ਕਰਕੇ ਤਰ ਕੀਤੀਆਂ ਗਿੱਲੀਆਂ ਇੱਟਾਂ ਤੇ ਠੰਢੇ ਸੀਮਿੰਟ ਨਾਲ ਉਂਗਲਾਂ ਆਕੜ ਜਾਂਦੀਆਂ ਹਨ। ਖਾਸ ਤੌਰ ਤੇ ਜੇਕਰ ਕਿਧਰੇ ਇੱਟ ਡਿੱਗ ਪਵੇ ਤਾਂ ਹੇਠਾਂ ਕੰਮ ਕਰਨ ਵਾਲੇ ਦਿਹਾੜੀਦਾਰਾਂ ਦੇ ਸੱਟ ਵੱਜਣ ਦਾ ਡਰ ਬਣਿਆ ਰਹਿੰਦਾ । ਉਹਨਾਂ ਆਖਿਆ ਕਿ ਅਜਿਹੇ ਮੌਸਮ ’ਚ ਰੋਜਾਨਾ ਕਿਰਤ ਕਰਨ ਵਾਲੇ ਰਿਕਸ਼ਾ ਚਾਲਕ,ਹੋਟਲਾਂ ਤੇ ਕੰਮ ਕਰਨ ਵਾਲੇ ਅਤੇ ਜੁੱਤੀਆਂ ਗੰਢਣ ਵਾਲਿਆਂ ਲਈ ਤਾਂ ਠੰਢਾ ਮੌਸਮ ਪ੍ਰੇਸ਼ਾਨੀਆ ਹੀ ਲੈਕੇ ਆਉਂਦਾ ਹੈ।