(ਹਰਜੀਤ ਲਸਾੜਾ, ਬ੍ਰਿਸਬੇਨ 14 ਦਸੰਬਰ)
ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਬ੍ਰਿਸਬੇਨ ਸ਼ਹਿਰ ਵਿਖੇ ਮਨਾਇਆ ਗਿਆ। ਸਮੂਹ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਉਦਿਆਂ ਸ਼ਰਧਾਂਜਲੀ ਭੇਂਟ ਕੀਤੀ ਅਤੇ ਬਾਬਾ ਸਾਹਿਬ ਦੇ ਦਰਸਾਏ ਨਿਰਪੱਖਤਾ ਤੇ ਬਰਾਬਰੀ ਦੇ ਮਾਰਗ ‘ਤੇ ਮਨੁੱਖਤਾ ਨੂੰ ਚੱਲਣ ਦੀ ਅਪੀਲ ਕੀਤੀ। ਸਮਾਗਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਮੋਰੋਂ ਵੱਲੋਂ ਹਾਜ਼ਰੀਨ ਦੇ ਸਵਾਗਤ ਨਾਲ ਕੀਤੀ ਗਈ ਅਤੇ ਉਨ੍ਹਾਂ ਮਨੁੱਖਤਾ ਦੀ ਬਿਹਤਰੀ ਲਈ ਆਪਣੇ ਅਧਿਕਾਰਾਂ ਦੇ ਪ੍ਰਤੀ ਵਧੇਰੇ ਜਗਿਆਸੂ ਹੋਣ ਦਾ ਚਿੰਤਨ ਕੀਤਾ। ਭਾਰਤ ਤੋਂ ਬਸਪਾ ਪ੍ਰਧਾਨ ਸ. ਜਸਵੀਰ ਸਿੰਘ ਗੜੀ ਨੇ ਵੀਡੀਓ ਕਾਨਫਰੰਸ ਰਾਹੀਂ ਸਮਾਗਮ ਦਾ ਹਿੱਸਾ ਬਣਦਿਆਂ ਸਮੁੱਚੇ ਭਾਰਤੀ ਸਮਾਜ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਅਤੇ ਇਕ ਸਾਂਝੇ ਮੰਚ ਹੇਠ ਇਕਜੁੱਟਤਾ ਨੂੰ ਸਮੇਂ ਦੀ ਮੰਗ ਦੁਹਰਾਇਆ। ਬੁਲਾਰਿਆਂ ਵੱਲੋਂ ਮਜ਼ੂਦਾ ਕਿਸਾਨ ਅੰਦੋਲਨ ਬਾਬਤ ਵੀ ਚਿੰਤਨ ਅਤੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਬੁਲੰਦ ਕੀਤਾ। ਬ੍ਰਿਸਬੇਨ ਤੋਂ ਟਿੱਪਣੀਕਾਰ ਦਲਜੀਤ ਸਿੰਘ ਵੱਲੋਂ ਤਿਆਰ ਕੀਤੀ ਦਸਤਾਵੇਜ਼ੀ ਫ਼ਿਲਮ ਅਤੇ ਤਕਰੀਰ ਪ੍ਰਭਾਵਸ਼ਾਲੀ ਰਹੀ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬੱਚਿਆਂ ਦੀ ਰਚਨਾਵਾਂ ਨੇ ਸਮਾਗਮ ਨੂੰ ਹੋਰ ਉਸਾਰੂ ਤੇ ਸਾਰਥਕ ਬਣਾਇਆ। ਬੁਲਾਰਿਆਂ ਨੇ ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਆਦਿ ਨਾਲ ਬਾਬਾ ਸਾਹਿਬ ਨੂੰ ਸੰਜੀਦਗੀ ਨਾਲ ਯਾਦ ਕੀਤਾ। ਮੰਚ ਸੰਚਾਲਨ ਸਤਵਿੰਦਰ ਟੀਨੂੰ ਵੱਲੋਂ ਨਿਭਾਇਆ ਗਿਆ।