ਰਜਨੀ ਵਾਲੀਆ
ਮਿੱਟੀਏ ਤੂੰ ਤਾਂ ਰੱਬ ਤੇ ਹੈਂ,
ਸਾਡੇ ਲਈ ਪੂਜਣਯੋਗ ਬੜੀ |
ਮਿੱਟੀਏ ਨੀ ਤੇਰੇ ਜਿਹਾ,
ਰੰਗ ਮਿਲ ਜਾਏ |
ਤੇਰੇ ਕੌਤਕਾਂ ਤੋਂ ਜਾਣੂ ਸਾਰਾ,
ਜੱਗ ਇਸ ਵਿੱਚ ਸ਼ੱਕ ਕੋਈ ਨਾ |
ਤੇਰੇ ਜਈ ਹਲੀਮੀ ਨਾਲੇ,
ਢੰਗ ਮਿਲ ਜਾਏ |
ਮਿੱਟੀਏ ਨੀ ਤੇਰੇ ਜਿਹਾ,
ਰੰਗ ਮਿਲ ਜਾਏ |
ਮਿੱਟੀਏ ਸਬਰ ਤੈਨੂੰ ਕਿੰਨਾਂ,
ਤੇਰੇ ਉੱਤੇ ਸਾਰਾ ਜੱਗ ਫਿਰਦਾ |
ਤੈਨੂੰ ਤੇਰਿਆਂ ਹੀ ਕਈ ਵਾਰੀ,
ਵੰਡਿਆ ਦੇਖਦੀਆਂ ਬੜੇ ਚਿਰਦਾ |
ਅੱਜ ਹਰ ਹਾਲ ਸਬਰ ਜੇਹੀ,
ਪੱਕੀ ਮੈਨੂੰ ਵੰਗ ਮਿਲ ਜਾਏ |
ਮਿੱਟੀਏ ਨੀ ਤੇਰੇ ਜਿਹਾ,
ਰੰਗ ਮਿਲ ਜਾਏ |
ਜਿਉਂਦਿਆਂ ਮਿੱਟੀ ਪੈਰਾਂ ਹੇਠਾਂ,
ਮੋਇਆਂ ਮਿੱਟੀ ਉੱਤੇ |
ਖੇਤਾਂ ਨੂੰ ਜ਼ਰਖੇਜ ਕਰੇ ਜੱਟ,
ਭਾਗ ਜਗਾਵੇ ਸੁੱਤੇ |
ਖੇਤਾਂ ਦੇ ਵਿੱਚੋਂ ਸੋਨਾ ਕੱਢਣੇ,
ਦਾ ਮੈਨੂੰ ਵੀ ਕੋਈ ਢੰਗ ਮਿਲ ਜਾਏ |
ਮਿੱਟੀਏ ਨੀ ਤੇਰੇ ਜਿਹਾ,
ਰੰਗ ਮਿਲ ਜਾਏ |
ਮਿੱਟੀ ਦੇ ਵਿੱਚ ਹੱਥਾਂ ਰਾਹੀਂ,
ਜੱਟ ਹੱਥੋਂ ਜਦ ਕਿਰਦੇ ਦਾਣੇਂ |
ਖੇਤੀ-ਜੋਤੀ ਉੱਧਮੀ ਕਿੱਤਾ,
ਇਹ ਕੰਮ ਕਰਦੇ ਲੋਕ ਸਿਆਣੇਂ |
ਅੰਨ ਦਾ ਕਿਰਤੀ ਦੇ ਹੱਥੋਂ,
ਇੱਕ ਡੰਗ ਮਿਲ ਜਾਏ |
ਮਿੱਟੀਏ ਨੀ ਤੇਰੇ ਜਿਹਾ,
ਰੰਗ ਮਿਲ ਜਾਏ |
ਪੰਛੀਆਂ ਨੇਂ ਮਿੱਟੀ ਉੱਤੋੱ ਚੁੱਕਿਆ ਏ,
ਤੀਲਾ ਤੇ ਬਣਾਇਆ ਘਰ ਜੀ |
ਬਾਬਾ ਸਾਰਿਆਂ ਦੇ ਨਾਲੋਂ ਨੀਵੀਂ ਮੈਂ,
ਤੇ ਉੱਚੜਾ ਏ ਤੇਰਾ ਦਰ ਜੀ |
ਤੇਰੇ ਨਾਮ ਦੀ ਖੁਮਾਰੀ ਕਹਿੰਦੇ ਚੰਗੀ,
ਉਹਦੇ ਜਈ ਪਤੰਗ ਮਿਲ ਜਾਏ |
ਮਿੱਟੀਏ ਨੀ ਤੇਰੇ ਜਿਹਾ,
ਰੰਗ ਮਿਲ ਜਾਏ |
ਮਿੱਟੀਏ ਨੀ ਤੈਨੂੰ ਨਾ ਕੋਈ ਜਾਣੇ,
ਤੇਰੇ ਨਾ ਹਰ ਨਰ ਬਣਿਆ |
ਤੇਰਾ ਕਹਿ ਕੇ ਤੇਰਾ ਨਾ ਹੋਇਆ,
ਵਾਅਦੇ ਝੂਠੇ ਕਰ ਬਣਿਆ |
ਰਜਨੀ ਨੂੰ ਤੇਰੇ ਨਾਮ ਵਾਲਾ,
ਮਿੱਟੀਏ ਨੀ ਅੱਜ ਪ੍ਰਸੰਗ ਮਿਲ ਜਾਏ |
ਮਿੱਟੀਏ ਨੀ ਤੇਰੇ ਜਿਹਾ,
ਰੰਗ ਮਿਲ ਜਾਏ |