9.6 C
United Kingdom
Saturday, March 7, 2026

More

    ਮਰੋੜਿਆ ਨਾ ਕਰ

    ਦੁੱਖਭੰਜਨ ਰੰਧਾਵਾ
    0351920036369

    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,
    ਤੇਰੀ ਹਾਂ ਵਿੱਚ ਮੇਰੀ ਹੁੰਦੀ ਹਾਂ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਹਰ ਗਲੀ ਹਰ ਮੋੜ ਸੀ ਲਗਦੇ ਪੁਰਾਣੇ,
    ਕਰਦੇ ਸੀ ਬੋਰ ਮੈਨੂੰ ਮਿਲਣ ਦੇ ਟਿਕਾਣੇ,
    ਸਭ ਤੇਰੇ ਨਾਲ ਲਗਦੈ ਨਵਾਂ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਤੇਰੇ ਆਉਣ ਦਾ ਏ ਚਾਅ ਝੱਲਿਆ ਨਾ ਜਾਵੇ,
    ਮਨ ਚ ਖੁਸੀ਼ਆਂ ਦਾ ਮੇਲਾ ਤੇ ਲੁੱਡੀ ਦਿਲ ਪਾਵੇ,
    ਕਿਉਂ ਉੱਡੇ ਨਾ ਬਨੇਰੇ ਉੱਤੋਂ ਕਾਂ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਤੇਰੇ ਚਾਅ ਵਿੱਚ ਹੱਥਾਂ ਤੇ ਲਵਾ ਲਈ ਮਹਿੰਦੀ,
    ਮਹਿੰਦੀ ਕੰਨਾਂ ਵਿੱਚ ਮੈਨੂੰ ਬੜਾ ਕੁਝ ਕਹਿੰਦੀ,
    ਬਾਂਹ ਚੂੜੀਆਂ ਨਾ ਭਰ ਲਈ ਏ ਤਾਂ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਵੇ ਤੇਰੇ ਬਾਜੋਂ ਧੁੱਪਾਂ ਤੇ ਦੁਪਹਿਰ ਕੱਟ ਲਈ,
    ਵੇ ਤੇਰੇ ਬਾਜੋਂ ਹੂਰ ਤੇਰੀ ਹਾਵਾਂ ਪੱਟ ਲਈ,
    ਤੇਰੀ ਮਾਨਣੀ ਏ ਚਿਰਾਂ ਪਿੱਛੋਂ ਛਾਂ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਵੇ ਤੂੰ ਗੱਲ-ਗੱਲ ਉੱਤੇ ਐਂਵੇ ਰੁੱਸਿਆ ਨਾ ਕਰ,
    ਵੇ ਚੰਨਾਂ ਰੋਸਾ ਤੇਰਾ ਨੈਣਾਂ ਨੂੰ ਦੇਂਵਦਾ ਈ ਭਰ,
    ਮੁਆਫ ਕਰ ਜਿਹੜੇ ਹੋਏ ਨੇ ਗੁਨਾਂਹ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਵੇ ਤੇਰੇ ਨਾਲ ਮੇਰੇ ਦੁੱਖ ਤੇਰੇ ਨਾਲ ਮੇਰੇ ਸੁੱਖ,
    ਤੇਰੇ ਨਾਲ ਮੇਰਾ ਰੱਜ ਤੇਰੇ ਨਾਲ ਮੇਰੀ ਭੁੱਖ,
    ਤੇਰੀ ਜੱਗੋਂ ਅੱਡ ਦਿਲ ਵਿੱਚ ਥਾਂ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਤੂੰ ਮੰਗਿਆ ਸੀ ਦਿਲ ਮੈਥੋਂ ਨਾ ਨਈ ਸੀ ਹੋਈ,
    ਕਦੇ ਹਾਂ ਨਾ ਮੈਂ ਕਹਿੰਦੀ ਜੇ ਹੁੰਦਾ ਹੋਰ ਕੋਈ,
    ਤੇਰੇ ਨਾਲ ਕਰ ਬੈਠੀ ਆਂ ਜੁਬਾਂ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    ਦੁੱਖਭੰਜਨਾ ਵੇ ਤੇਰੇ ਉੱਤੇ ਚਿਰਾਂ ਦੀ ਸੀ ਅੱਖ,
    ਗੁਸਤਾਖ ਤੂੰ ਬਥੇਰਾ ਫਿਰ ਵੀ ਲਵਾਂ ਤੇਰਾ ਪੱਖ,
    ਤੇਰੇ ਪਿੱਛੇ ਹੋ-ਹੋ ਜਾਵਾਂ ਮੈਂ ਸਵਾਹ ਢੋਲਣਾ |
    ਮਰੋੜਿਆ ਨਾ ਕਰ ਮੇਰੀ ਬਾਂਹ ਢੋਲਣਾ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!