3.1 C
United Kingdom
Sunday, March 8, 2026

More

    ਆਸਟ੍ਰੇਲੀਆ ਨੇ ਬਾਹਰੀ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਮਾਰਚ 2021 ਤੱਕ ਵਧਾਈ

    (ਹਰਜੀਤ ਲਸਾੜਾ, ਬ੍ਰਿਸਬੇਨ 11 ਦਸੰਬਰ) ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਆਸਟਰੇਲਿਆਈ ਸੰਘੀ ਸਰਕਾਰ ਨੇ ਆਪਣੀਆਂ ਨੀਤੀਆਂ ‘ਚ ਹੋਰ ਸਖ਼ਤੀ ਕਰਦਿਆਂ ਆਪਣੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਅਗਲੇ ਸਾਲ ਮਾਰਚ ਦੇ ਅੱਧ ਤਕ ਦੇਸ਼ ਤੋਂ ਬਾਹਰ ਯਾਤਰਾ ਕਰਨ ਤੋਂ ਵਰਜਿਆ ਹੈ। ਗੌਰਤਲਬ ਹੈ ਕਿ ਮੁਲਕ ਤੋਂ ਬਾਹਰ ਜਾਣ ਲਈ ਅੰਤਰਾਸ਼ਟਰੀ ਯਾਤਰਾ ਤੇ ਇਹ ਪਾਬੰਦੀ 18 ਮਾਰਚ 2020 ਤੋਂ ਲਾਗੂ ਹੋਈ ਸੀ ਜਿਸਦੀ ਮਿਆਦ 17 ਦਸੰਬਰ ਨੂੰ ਖਤਮ ਹੋਣ ਵਾਲੀ ਸੀ। ਪਰ ਹੁਣ ਇਸ ਨੂੰ 17 ਮਾਰਚ 2021 ਤੱਕ ਵਧਾ ਦਿੱਤਾ ਗਿਆ ਹੈ।
    ਫ਼ੈਡਰਲ ਸਰਕਾਰ ਦਾ ਮੰਨਣਾ ਹੈ ਕਿ ਇਸ ਤਤਕਾਲੀਨ ਅਵਧੀ ਨੂੰ ਵਧਾਉਣ ਦਾ ਫ਼ੈਸਲਾ ਨਾਗਰਿਕਾਂ ਦੀ ਭਵਿੱਖੀ ਸਿਹਤ ਸੁਰੱਖਿਆ ਅਤੇ ਬਾਹਰੀ ਮੁਲਕਾਂ ਵਿੱਚ ਕਰੋਨਾਵਾਇਰਸ ਮਰੀਜ਼ਾ ਦੀ ਵੱਧ ਰਹੀ ਗਿਣਤੀ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੌਜੂਦਾ ਯਾਤਰਾ ਦੀਆਂ ਪਾਬੰਦੀਆਂ ਅਧੀਨ ਆਸਟ੍ਰੇਲਿਅਨ ਨਾਗਰਿਕ ਅਤੇ ਸਥਾਈ ਵਸਨੀਕਾ ਉਦੋਂ ਤੱਕ ਦੇਸ਼ ਨਹੀਂ ਛੱਡ ਸਕਦੇ
    ਜਦੋਂ ਤੱਕ ਉਨ੍ਹਾਂ ਨੂੰ ਆਸਟ੍ਰੇਲਿਅਨ ਬਾਰਡਰ ਫੋਰਸ (ਏਬੀਐਫ) ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਅਤੇ ਵਿਭਾਗ ਵੱਲੋਂ ਇਹ ਯਾਤਰਾ ਮਨਜ਼ੂਰੀ ਬਹੁਤ ਹੀ ਮੁਸ਼ਕਿਲ ਹਲਾਤਾਂ ਵਿੱਚ ਦਿੱਤੀ ਜਾ ਰਹੀ ਹੈ। ਮਸਲਨ ਸਿਰਫ਼ ਵਿਸ਼ੇਸ਼ ਹਾਲਾਤਾਂ ਜਿਵੇਂ ਪਰਿਵਾਰ ‘ਚ ਮੌਤ, ਕਾਰੋਬਾਰ, ਡਾਕਟਰੀ ਇਲਾਜ, ਤਰਸਵਾਨ ਜਾਂ ਮਾਨਵਤਾਵਾਦੀ ਅਧਾਰਾ, ਰਾਸ਼ਟਰੀ ਹਿੱਤ ਜਾਂ ਤੁਸੀਂ ਤਿੰਨ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਸਟ੍ਰੇਲੀਆ ਤੋਂ ਬਾਹਰ ਯਾਤਰਾ ਕਰ ਰਹੇ ਹੋ ਆਦਿ ਸਥਿੱਤੀ ‘ਚ ਯਾਤਰਾ ਮਨਜ਼ੂਰੀ ਮਿਲਣੀ ਸੰਭਵ ਹੈ। ਏਬੀਐਫ ਵੱਲੋਂ ਹੁਣ ਤੱਕ 95,325 ਛੋਟਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਨੂੰ ਗਵਰਨਰ-ਜਨਰਲ ਦੁਆਰਾ ਅਗਲੇ ਹਫ਼ਤੇ ਰਸਮੀ ਤੌਰ ‘ਤੇ ਮਨਜ਼ੂਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!