3.1 C
United Kingdom
Sunday, March 8, 2026

More

    ਜਨਤਕ ਜੱਥੇਬੰਦੀਆਂ ਵੱਲੋਂ ਡੀਸੀ ਦਫਤਰ ਦੇ ਘਿਰਾਓ ’ਚ ਸ਼ਾਮਲ ਹੋਣ ਦਾ ਸੱਦਾ

    ਅਸ਼ੋਕ ਵਰਮਾ
    ਬਠਿੰਡਾ,10ਦਸੰਬਰ2020: ਜਨਤਕ ਜੱਥੇਬੰਦੀਆਂ ਦੇ ਸਾਂਝੇ ਮੰਚ (ਜੇ.ਪੀ.ਐਮ.ਓ.) ’ਚ ਸ਼ਾਮਲ  ਜੱਥੇਬੰਦੀਆਂ ਦੇ ਕਾਰਕੁੰਨ 14 ਦਸੰਬਰ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦੇ ਕੀਤੇ ਜਾ ਰਹੇ ਘਿਰਾਓ ਵਿੱਚ ਪੂਰੀ ਸ਼ਕਤੀ ਨਾਲ ਸ਼ਾਮਲ ਹੋਣਗੇ। ਇਸ ਦੇਸ਼ ਵਿਆਪੀ ਘਿਰਾਓ ਦਾ ਸੱਦਾ ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ‘ਤੇ ਆਧਾਰਿਤ ‘ਸੰਯੁਕਤ ਕਿਸਾਨ ਮੋਰਚੇ‘ ਵੱਲੋਂ ਦਿੱਤਾ ਗਿਆ ਹੈ। ਜੇ ਪੀ ਐਮ ਓ ਦੀ ਜਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸਾਥੀ ਮਹੀਪਾਲ ਨੇ ਦੱਸਿਆ ਕਿ ਅਡਾਨੀ-ਅੰਬਾਨੀ ਤੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ  ਮੁਨਾਫਿਆਂ ਖਾਤਰ, ਦੇਸ਼ ਦੇ ਕਿਸਾਨਾਂ- ਖਪਤਕਾਰਾਂ ਤੇ ਆਮ ਲੋਕਾਂ ਦੀ ਸੰਘੀ ਘੁੱਟਣ ਲਈ ਘੜੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨ ਲਾਗੂ ਕਰਨ ਲਈ ਬਜਿਦ ਮੋਦੀ ਸਰਕਾਰ ਦੀ ਡਟਵੀਂ ਨਿੰਦਾ ਅਤੇ ਸਮੂਹ ਲੋਕਾਂ ਨੂੰ 14 ਦਸੰਬਰ ਦੇ ਘਿਰਾਓ ’ਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
                      ਉਹਨਾਂ ਕਿਹਾ ਕਿ 8 ਦਸੰਬਰ ਦੇ ਲਾਮਿਸਾਲ ਕਾਮਯਾਬ ਭਾਰਤ ਬੰਦ ਰਾਹੀਂ ਦੇਸ਼ ਵਾਸੀਆਂ ਨੇ ਮੋਦੀ ਸਰਕਾਰ ਖਿਲਾਫ਼ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਦੇ ਹੱਕ ’ਚ ਨਿਵੇਕਲਾ ਲੋਕ ਫਤਵਾ ਜਾਰੀ ਕੀਤਾ ਹੈ ।ਉਹਨਾਂ ਚਿਤਾਵਨੀ ਦਿੱਤੀ ਕਿ  ਫਾਸ਼ੀਵਾਦੀ ਮੋਦੀ ਸਰਕਾਰ ਨੂੰ ਇਸ ਲੋਕ ਰਾਇ ਦੀ ਅਣਦੇਖੀ ਕਰਨੀ ਬਹੁਤ ਮਹਿੰਗੀ ਪਵੇਗੀ।  
                     ਮੀਟਿੰਗ ਵਿੱਚ ਸਾਥੀ ਪ੍ਰਕਾਸ਼ ਸਿੰਘ ਨੰਦਗੜ੍ਹ ਤੇ ਗੁਰਮੀਤ ਸਿੰਘ ਜੈ ਸਿੰਘ ਵਾਲਾ (ਦਿਹਾਤੀ ਮਜ਼ਦੂਰ ਸਭਾ), ਨਾਇਬ ਸਿੰਘ, ਸੰਪੂਰਨ ਸਿੰਘ ਤੇ ਬਲਦੇਵ ਸਿੰਘ  ( ਜਮਹੂਰੀ ਕਿਸਾਨ ਸਭਾ), ਤੇਜਾ ਸਿੰਘ (ਟੀ ਐਸ ਯੂ ਥਰਮਲ ਬਠਿੰਡਾ), ਮੇਜਰ ਸਿੰਘ ਦਾਦੂ ( ਟੀ ਐਸ ਯੂ ਥਰਮਲ ਲਹਿਰਾ ਮੁਹੱਬਤ), ਹੰਸ ਰਾਜ ਬੀਜਵਾ ( ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ), ਸੁਖਚੈਨ ਸਿੰਘ (ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ), ਮੱਖਣ ਸਿੰਘ ਖਣਗਵਾਲ (ਸੀਵਰੇਜ ਬੋਰਡ ਇੰਪਲਾਈਜ਼ ਯੂਨੀਅਨ),  ਸੱਤਪਾਲ ਗੋਇਲ ( ਸੀਟੀਯੂ ਪੰਜਾਬ), ਜਗਸੀਰ ਸਿੰਘ ਜੰਗੀਰਾਣਾ ਅਤੇ ਅੰਮਿ੍ਰਤਪਾਲ ਸਿੰਘ( ਜੰਗਲਾਤ ਵਰਕਰਜ਼ ਯੂਨੀਅਨ), ਮਲਕੀਤ ਸਿੰਘ ਮਹਿਮਾ ਸਰਜਾ, ਕੁਲਵਿੰਦਰ ਸਿੰਘ ਭਾਈਕਾ,  ਕਿਸ਼ੋਰ ਚੰਦ ਗਾਜ ਅਤੇ ਦਰਸ਼ਨ ਰਾਮ ਸ਼ਰਮਾ  ਨੇ ਵੀ ਆਪਣੇ ਵਿਚਾਰ ਰੱਖੇ।
                    ਉਹਨਾਂ ਕਿਹਾ ਕਿ  ਤਬਦੀਲ ਹੋ ਚੁੱਕੇ ਕਿਸਾਨ ਘੋਲ ਨੂੰ ਬਦਨਾਮ ਕਰਨ, ਕਿਸਾਨ ਸੰਗਠਨਾਂ ਵਿੱਚ ਫੁੱਟ ਪਾਉਣ ਅਤੇ ਮਿਹਨਤਕਸ਼ ਵਰਗਾਂ ਨੂੰ ਇਸ ਨਿਆਂ ਪੂਰਬਕ ਸੰਗਰਾਮ ਨਾਲੋਂ ਨਿਖੇੜਣ ਦੀਆਂ ਮੋਦੀ ਸਰਕਾਰ ਦੀਆਂ ਕੁਚਾਲਾਂ ਅਤੇ ਘੋਲ ਨੂੰ ਜਬਰ ਰਾਹੀਂ ਕੁਚਲਣ ਦੀਆਂ ਕੋਝੀਆਂ ਸਾਜਿਸ਼ਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ 14 ਦਸੰਬਰ ਦਾ ਦੇਸ਼ ਵਿਆਪੀ ਰੋਸ ਐਕਸ਼ਨ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗਾ।ਆਗੂਆਂ ਨੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦੇਣ ਵਾਲੇ ਲੜਾਕੂ ਜਨ ਸੰਗਠਨਾਂ, ਵਪਾਰਕ ਅਤੇ ਧਾਰਮਕ ਸੰਸਥਾਵਾਂ, ਇਨਸਾਫ ਪਸੰਦ ਤੇ ਪ੍ਰਗਤੀਸ਼ੀਲ ਤਬਕਿਆਂ ਨੂੰ ਅਪੀਲ ਕੀਤੀ ਹੈ ਕਿ ਉਹ 14 ਦਸੰਬਰ ਨੂੰ ਕੀਤੇ ਜਾਣ ਵਾਲੇ ਡੀ ਸੀ ਦਫਤਰ ਦੇ ਘਿਰਾਓ ਵਿੱਚ  ਵੀ ਉਸੇ ਭਾਵਨਾ ਨਾਲ ਦਲ-ਬਲ ਸਮੇਤ ਸ਼ਾਮਲ ਹੋਣ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!