
ਦੁੱਖਭੰਜਨ ਰੰਧਾਵਾ
0351920036369
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |
ਮੈਂ ਲੁਟਾਵਾਂ ਦੋ ਜਹਾਨ,
ਆਪਣੇ ਪਿਆਰ ਦੇ ਲਈ |
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |
ਉਸਦੇ ਹਾਸਿਆਂ ਚ ਮੇਰੀਆਂ,
ਸੁਗੰਧੀਆਂ ਨੇਂ ਸੱਭੇ |
ਮੇਰੇ ਸੁਪਨੇ ਆਉਂਦੀ ਰੋਜ਼,
ਪੈਰ ਦੱਬੇ-ਦੱਬੇ |
ਮੈਂ ਹੰਝੂਆਂ ਦੇ ਮੋਤੀ ਬੜੇ,
ਜੋੜੇ ਉਹਦੇ ਸਿ਼ਗਾਰ ਦੇ ਲਈ |
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |
ਉਹਦੀ ਦਿੱਖ ਬੜੀ ਸੋਹਣੀ,
ਤੇ ਚਾਲ ਵੀ ਪਿਆਰੀ |
ਉਹਦੇ ਅੱਗੇ ਕਦੀ ਚੱਲੀ,
ਨਈਂ ਮੇਰੀ ਹੁਸਿ਼ਆਰੀ |
ਮੰਗਾਂ ਰੱਬ ਕੋਲੋਂ ਘੜੀਆਂ,
ਉਹਦੇ ਦੀਦਾਰ ਦੇ ਲਈ |
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |
ਉਹਦੇ ਨਿੱਕੇ-ਨਿੱਕੇ ਰੋਸੇ,
ਮੈਨੂੰ ਲਗਦੇ ਪਿਆਰੇ |
ਉਹਦੀ ਗਹਿਰਾਈ ਵਿੱਚ,
ਤੈਰਾਂ ਮੈਨੂੰ ਲੱਭਣ ਕਿਨਾਰੇ |
ਮੈਂ ਆਪਣਾ ਚਮਨ ਉਜਾੜਾਂ,
ਉਹਦੀ ਗੁਲਜ਼ਾਰ ਦੇ ਲਈ |
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |
ਉਹ ਸਾਦਗੀ ਦੀ ਵੇਲ,
ਤੇ ਓ ਰਿਸ਼ਮਾਂ ਦੀ ਜਾਈ |
ਪੰਜਾਂ ਆਬਾਂ ਵਿੱਚੋਂ ਉਹਦੇ,
ਨਾਵੇਂ ਕੀਤੇ ਆਬ ਢਾਈ |
ਉਹ ਬਣੀਂ ਫੁੱਲਾਂ ਲਈ,
ਤੇ ਮੈਂ ਖਾਰ ਦੇ ਲਈ |
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |
ਓ ਮੈਨੂੰ ਮੌਲਾ ਜਿਹੀ ਲੱਗੇ,
ਤੇ ਲੱਗੇ ਰੱਬ ਦਾ ਦਵਾਰਾ |
ਉਹਦੇ ਸਾਹੀਂ ਲਵਾਂ ਸਾਹ,
ਮੈਂ ਬਿਨਾਂ ਉਹਦੇ ਬੇਸਹਾਰਾ |
ਮੈਂ ਤੀਲਾ-ਤੀਲਾ ਹੋ ਜਾਂ,
ਉਸ ਸਰਕਾਰ ਦੇ ਲਈ |
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |
ਦੁੱਖਭੰਜਨ ਐਸਾ ਪਤੰਗਾ,
ਜੋ ਸ਼ਮਾਂ ਜਗਦਿਆਂ ਸ਼ਹੀਦ |
ਉਹਦੇ ਨਾਲ ਮੇਰੀ ਪੁੰਨਿਆਂ,
ਉਹਦੇ ਨਾਲ ਮੇਰੀ ਈਦ |
ਸਹਿ ਜਾਂ-ਸਹਿ ਜਾਂ ਸਾਰੇ ਦੁੱਖ,
ਉਸ ਸ਼ਾਹੂਕਾਰ ਦੇ ਲਈ |
ਸੁੱਖਾਂ ਮੰਗਾਂ ਦੋਵੇਂ ਵੇਲੇ,
ਮੈਂ ਆਪਣੇਂ ਯਾਰ ਦੇ ਲਈ |