ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਸਿਟੀ ਕੌਂਸਲ ਦੁਆਰਾ ਸ਼ਹਿਰ ਭਰ ਵਿੱਚ ਸੱਤ ਆਰਜ਼ੀ ਪੌਪ-ਅਪ ਬੱਸ ਲੇਨਾਂ ਵਿਕਸਤ ਕਰਨ ਲਈ 1.8 ਮਿਲੀਅਨ ਪੌਂਡ ਤੋਂ ਵੱਧ ਦੀ ਫੰਡਿੰਗ ਨੂੰ ਸਵੀਕਾਰ ਕੀਤਾ ਗਿਆ ਹੈ। ਇਸ ਸੰਬੰਧੀ ਸ਼ਹਿਰ ਪ੍ਰਸ਼ਾਸਨ ਦੇ ਮੈਂਬਰ ਤਕਰੀਬਨ 10 ਲੱਖ ਪੌਂਡ ਦੀ ਰਾਸ਼ੀ ਬੱਸ ਪ੍ਰਾਥਮਿਕਤਾ ਰੈਪਿਡ ਡਿਵੈਲਪਮੈਂਟ ਫੰਡ (ਬੀ ਪੀ ਆਰ ਡੀ ਐਫ) ਤੋਂ ਪ੍ਰਾਪਤ ਕਰਨਗੇ। ਕੌਂਸਲ ਦਾ ਉਦੇਸ਼ ਸ਼ਹਿਰ ਦੀਆਂ ਜ਼ਿਆਦਾ ਟਰੈਫਿਕ ਅਤੇ ਜ਼ਾਮ ਵਾਲਿਆਂ ਬੱਸਾਂ ਲੇਨਾਂ ਜਾਂ ਸਟਾਪਜ਼ ਆਦਿ ਵਿੱਚ ਅਸਥਾਈ ਉਪਾਵਾਂ ਨੂੰ ਲਾਗੂ ਕਰਕੇ ਸੁਧਾਰ ਕਰਨਾ ਹੈ ਜਿਸ ਨਾਲ ਕਿ ਬੱਸਾਂ ਦੀ ਯਾਤਰਾ ਨੂੰ ਤੇਜ਼ ਅਤੇ ਯਾਤਰੀਆਂ ਲਈ ਵਧੇਰੇ ਭਰੋਸੇਮੰਦ ਬਣਾਇਆ ਜਾ ਸਕੇ। ਸ਼ਹਿਰ ਦੀ ਇਸ ਯੋਜਨਾ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਨਾਲ ਨਿੱਜੀ ਵਾਹਨਾਂ ਦੀ ਯਾਤਰਾ ਦੇ ਮੁਕਾਬਲੇ ਲੋਕਾਂ ਵਿੱਚ ਬੱਸ ਉਦਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਤਾ ਮਿਲੇਗੀ। ਲੱਗਭਗ 18 ਮਹੀਨਿਆਂ ਲਈ ਰਹਿਣ ਵਾਲੇ ਇਹ ਸਟਾਪਜ਼ ਪੇਜਲੀ ਰੋਡ ਵੈਸਟ ਬੈਲਾਹੌਸਟਨ ਪਾਰਕ , ਬੋਥਵੈਲ ਸਟ੍ਰੀਟ ਤੇ ਪੀਟ ਸਟ੍ਰੀਟ ਤੋਂ ਇਲਾਵਾ ਹੋਪ ਸਟ੍ਰੀਟ ਅਤੇ ਕਿੰਗ ਜਾਰਜ ਬ੍ਰਿਜ ਦੇ ਵਿਚਕਾਰ ਹੋਣਗੇ। ਇਸਦੇ ਇਲਾਵਾ ਕੈਮਬ੍ਰਿਜ ਸਟ੍ਰੀਟ ਅਤੇ ਰੇਨਫੀਲਡ ਸਟ੍ਰੀਟ ਦੇ ਵਿਚਕਾਰ ਰੇਨਫਰਿਊ ਸਟ੍ਰੀਟ, ਏ 803 ਸਪਰਿੰਗਬਰਨ ਐਕਸਪ੍ਰੈਸ ਵੇਅ, ਬੈਰਹੈੱਡ ਰੋਡ ਦੇ ਹਿੱਸੇ, ਬ੍ਰਿਡਕਾਰਨਟ ਰੋਡ ਜੋ ਕਿ ਪੋਲੋਕ ਚੌਕ ਅਤੇ ਕੋਰਕਰਹਿਲ ਰੋਡ ਦੇ ਵਿਚਕਾਰ ਹੈ ਆਦਿ ਖੇਤਰਾਂ ਵਿੱਚ ਵੀ ਆਰਜ਼ੀ ਬੱਸ ਲੇਨਾਂ ਵਿਕਸਤ ਹੋਣਗੀਆਂ। ਇਸਦੇ ਨਾਲ ਹੀ ਕਲੀਡਾਈਸਾਈਡ ਐਕਸਪ੍ਰੈੱਸ ਵੇਅ ਉੱਤੇ ਟਰਾਇਲ ਵਜੋਂ ਪੌਪ-ਅਪ ਬੱਸ ਲੇਨ ਸਥਾਪਤ ਕਰਨ ਲਈ ਸਿਟੀ ਕੌਂਸਲ ਵੱਲੋਂ ਜਾਂਚ ਕਰਨ ਦੀ ਵੀ ਯੋਜਨਾ ਹੈ।