(ਹਰਜੀਤ ਲਸਾੜਾ, ਬ੍ਰਿਸਬੇਨ 2 ਦਸੰਬਰ) ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਿਮਾਇਤ ‘ਚ ਬ੍ਰਿਸਬੇਨ ਦੇ ਵੱਖ-ਵੱਖ ਇਲਾਕਿਆਂ ਦੇ ਭਾਈਚਾਰਿਆਂ ਵੱਲੋਂ ਵੱਡੀ ਗਿਣਤੀ ‘ਚ ਭਾਰਤੀ ਹਕੂਮਤ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹਨ। ਜਿਲਮੇਅਰ ਵਿਖੇ ਹਰਜਾਪ ਸਿੰਘ ਭੰਗੂ ਨੇ ਤਕਰੀਰ ‘ਚ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਹੀ ਕੇਂਦਰ ਵੱਲੋਂ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਇਹ ਲੋਕਤੰਤਰ ਦਾ ਘਾਣ ਤੇ ਨਿੰਦਣਯੋਗ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਬਾਬਤ ਸਾਡੇ ਪੁਰਖਿਆਂ ਦੀਆਂ ਮਿਹਨਤਾਂ ਨਾਲ ਕਮਾਈਆਂ ਜਮੀਨਾਂ ‘ਤੇ ਕਬਜ਼ਾ ਜਮਾਉਣਾ ਚਾਹੁੰਦੀ ਹੈ। ਗਾਇਕ ਮਲਕੀਤ ਧਾਲੀਵਾਲ ਨੇ ਕਿਹਾ ਕਿ ਮੁਲਕ ਦੀ ਕਿਸਾਨੀ ਅਤੇ ਅਰਥਚਾਰੇ ਨੂੰ ਬੁਚਾਉਣ ਲਈ ਹੁਣ ਸਿਆਸੀ ਜਮਾਤਾਂ ਨੂੰ ਵੀ ਕਿਸਾਨ ਜਥੇਬੰਦੀਆਂ ਨਾਲ ਇਕਜੁੱਟ ਹੋ ਕੇ ਕੇਂਦਰ ਸਰਕਾਰ ‘ਤੇ ਦਬਾਅ ਪਾਉਣਾ ਸਮੇਂ ਦੀ ਮੰਗ ਹੈ। ਉਹਨਾਂ ਇਸ ਸ਼ਾਂਤਮਈ ਕਿਸਾਨੀ ਸੰਘਰਸ਼ ‘ਤੇ ਪ੍ਰਸ਼ਾਸਨ ਵੱਲੋਂ ਹੋ ਰਹੇ ਤਸ਼ੱਦਦ ਅਤੇ ਬੇਸਿੱਟਾ ਮੀਟਿੰਗਾਂ ਨੂੰ ਮੰਦਭਾਗਾ ਕਿਹਾ ਅਤੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਲਈ ਕਿਹਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਜੀਤ ਕੰਗ, ਸਿਮਰਨ ਬਿੱਲਾ, ਗੁਰਬਾਜ਼ ਸੰਧੂ, ਜਸਕਰਨ ਸਿੰਘ, ਕੁਲਦੀਪ ਬਿੱਲਾ, ਕੁਲਜੀਤ ਵਿਰਕ, ਅਵਤਾਰ ਸੰਘੇੜਾ, ਜਗਜੋਧ ਸਿੰਘ, ਬਲਜੀਤ ਸਿੰਘ, ਨਾਇਬ ਸਿੰਘ, ਆਦੇਸ਼ ਸਿੰਘ, ਲਖਵਿੰਦਰ, ਹਰਮਨ ਕੰਗ, ਜਸਵਿੰਦਰ ਕਾਹਲੋਂ, ਜਸਪਾਲ ਬੈਂਸ, ਚਰਨਜੀਤ ਸਿੰਘ, ਗਾਇਕ ਮਲਕੀਤ ਧਾਲੀਵਾਲ, ਕਮਲ ਬੈਂਸ, ਸਿਮਰਨ ਬਰਾੜ, ਹਰਪ੍ਰੀਤ ਢਾਹਨੀ, ਸੋਨੀ, ਲਖਵੀਰ ਬੱਲ ਆਦਿ ਹਾਜ਼ਰ ਸਨ।