ਅਸ਼ੋਕ ਵਰਮਾ
ਬਠਿੰਡਾ,3ਦਸੰਬਰ2020: 73ਵੇਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਵਰਚੂਅਲ ਤੌਰ ਤੇ ਕਰਵਾਏ ਜਾ ਰਹੇ ਸਮਾਗਮ ਲਈ ਸੇਵਾਦਾਰਾਂ ਦੀਆਂ ਡਿਊਟੀਆਂ ਲਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਪੰਜ ਦਸੰਬਰ ਤੋਂ ਪਹਿਲਾਂ ਪਹਿਲਾਂ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ. ਪੀ. ਦੁੱਗਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਸੰਕਟ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਦੇਖਦਿਆਂ ਪਿਛਲੇ 72 ਸਾਲ ਦੀ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਇਹ ਸਮਾਗਮ ਵਰਚੂਅਲ ਰੂਪ ’ਚ ਕਰਵ;ਇਆ ਜਾ ਰਿਹਾ ਹੈ ਜਿਸਦਾ ਸ਼ੁਭ ਆਰੰਭ ਸ਼ਨੀਵਾਰ 5 ਦਿਸੰਬਰ ਨੂੰ ਹੋਵੇਗਾ।
ਉਹਨਾਂ ਦੱਸਿਆ ਕਿ ਸਮਾਗਮ ਦੇ ਇੰਤਜਾਮ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਕੀਤੇ ਜਾ ਰਹੇ ਹਨ। ਇਹਨਾਂ ’ਚ ਥਰਮਲ ਸਕਰੀਨਿੰਗ, ਮਾਸਕ ਪਹਿਨਣ , ਸੈਨੇਟਾਇਜੇਸ਼ਨ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪੂਰਨ ਰੂਪ ਨਾਲ ਪਾਲਣ ਸ਼ਾਮਲ ਹੈ। ਉਹਨਾਂ ਦੱਸਿਆ ਕਿ ਇਸ ਸਾਲ ਦੇ ਵਿਸ਼ੇ ‘ਸਥਿਰਤਾ’ ’ਤੇ ਆਧਾਰਿਤ ਗੀਤ , ਵਿਚਾਰ , ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ ਜਿਹਨਾਂ ਦੀ ਰਿਕਾਰਡਿੰਗ ਦਿੱਲੀ ’ਚ ਕੀਤੀ ਗਈ ਹੈ। ਇਸ ਤੋਂ ਇਲਾਵਾ ਦੇਸ਼ – ਵਿਦੇਸ਼ਾਂ ਤੋਂ ਪਹਿਲਾਂ ਰਿਕਾਰਡ ਕੀਤੇ ਪ੍ਰੋਗਰਾਮ ਵੀ ਸ਼ਾਮਲ ਕੀਤੇ ਹਨ ਜਿਹਨਾਂ ਪ੍ਰਸਾਰਣ ਵਰਚੂਅਲ ਰੂਪ ਵਿੱਚ ਹੋਵੇਗਾ ।
ਉਹਨਾਂ ਦੱਸਿਆ ਕਿ ਭਾਵੇਂ ਸਮਾਗਮ ਵਰਚੂਅਲ ਹੈ ਫਿਰ ਵੀ ਇਸ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਪੂਰਜੋਰ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਪ੍ਰਸਾਰਣ ਦੌਰਾਨ ਸ਼ਰਧਾਲੂਆਂ ਨੂੰ ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਤੱਖ ਸਮਾਗਮ ਵਰਗਾ ਹੀ ਅਨੁਭਵ ਪ੍ਰਾਪਤ ਹੋਵੇ। ਉਹਨਾਂ ਦੱਸਿਆ ਕਿ ਅਤੇ ਇਹ ਸਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਮਾਰਗ ਦਰਸ਼ਨ ਨਾਲ ਹੀ ਸੰਭਵ ਹੋ ਸਕਿਆ ਹੈ । ਸ੍ਰੀ ਦੁੱਗਲ ਨੇ ਦੱਸਿਆ ਕਿ ਸਮਾਗਮ ਦਾ ਅਰੰਭ 5 ਦਿਸੰਬਰ ਨੂੰ ਸ਼ਾਮ 4.30 ਵਜੇ ਹੋਵੇਗਾ ਜਿਸ ਵਿੱਚ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ‘ਮਨੁੱਖਤਾ ਦੇ ਨਾਮ ਸੰਦੇਸ਼’ ਦੇਣਗੇ । ਰਾਤ 8.30 ਤੋਂ 9 ਵਜੇ ਤੱਕ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਆਪਣੇ ਪ੍ਰਵਚਨਾਂ ਰਾਹੀਂ ਅਸ਼ੀਰਵਾਦ ਪ੍ਰਦਾਨ ਕਰਨਗੇ ।
ਸਮਾਗਮ ਦਾ ਪ੍ਰਸਾਰਣ ਤਿੰਨ ਦਿਨ ਮਿਸ਼ਨ ਦੀ ਵੈਬਸਾਈਟ ’ਤੇ 4:30 ਤੋਂ 9:00 ਵਜੇ ਤੱਕ ਅਤੇ ਸੰਸਕਾਰ ਚੈਨਲ ’ਤੇ ਵੀ 5:30 ਤੋ 9 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ । ਉਹਨਾਂ ਦੱਸਿਆ ਕਿ ਸਮਾਗਮ ਦੇ ਦੂਜੇ ਦਿਨ 6 ਦਿਸੰਬਰ ਨੂੰ ਦੁਪਹਿਰ 1 ਵਜੇ ਤੋ 3 ਵਜੇ ਤੱਕ ਸੇਵਾਦਲ ਰੈਲੀ ਕਰਵਾਈ ਜਾਵੇਗੀ ਜਿਸ ਦਾ ਸੰਸਕਾਰ ਚੈਨਲ ਤੇ ਨਾਲੋ ਨਾਲ ਪ੍ਰਸਾਰਿਣ ਕੀਤਾ ਜਾਏਗਾ। ਇਸ ਰੈਲੀ ’ਚ ਭਾਰਤ ਅਤੇ ਵਿਦੇਸ਼ਾਂ ਦੇ ਸੇਵਾਦਾਰ ਅਤੇ ਸੇਵਾਦਾਰ ਭੈਣਾਂ ਸਰੀਰਕ ਕਸਰਤ , ਖੇਡ੍ਹਾਂ, ਕਰਤੱਬ ਅਤੇ ਮਿਸ਼ਨ ਦੀ ਸਿਖਲਾਈ ’ਤੇ ਆਧਾਰਿਤ ਲਘੂ ਨਾਟਕ ਪੇਸ਼ ਕੀਤੇ ਜਾਣਗੇ। ਰੈਲੀ ਸਤਿਗੁਰੁ ਮਾਤਾ ਜੀ ਦੇ ਅਨਮੋਲ ਬਚਨਾਂ ਨਾਲ ਸਮਾਪਤ ਹੋਵੇਗੀ । ਇਸੇ ਦਿਨ ਸ਼ਾਮ 4 .30 ਵਜੇ ਤੋਂ ਸਤਿਸੰਗ ਪ੍ਰੋਗਰਾਮ ਕਰਵਾਇਆ ਜਾਏਗਾ।
ਇਸੇ ਦਿਨ ਸ਼ਾਮ 8.30 ਤੋ 9 ਵਜੇ ਤੱਕ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਸਮਾਗਮ ਦੇ ਤੀਸਰੇ ਦਿਨ 7 ਦਿਸੰਬਰ ਨੂੰ ਸ਼ਾਮ 4. 30 ਤੋ ਰਾਤ 8.30 ਵਜੇ ਤੱਕ ਕਰਵੇਏ ਜਾਣ ਵਾਲੇ ਸਤਿਸੰਗ ਪ੍ਰੋਗਰਾਮ ਦਾ ਮੁੱਖ ਕੇਂਦਰ ਇੱਕ ‘ਬਹੁ-ਭਾਸ਼ੀ ਕਵੀ ਸੰਮੇਲਨ’ ਹੋਵੇਗਾ । ਇਸ ਮੌਕੇ ਕਵੀਆਂ ਵੱਲੋਂ ਬਹੁਭਾਸ਼ਾਈ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ। ਰਾਤ 8.30 ਤੋ 9.00 ਵਜੇ ਤੱਕ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪ੍ਰਵਚਨਾਂ ਨਾਲ ਸਮਾਗਮ ਦੀ ਸਮਾਪਤੀ ਕੀਤੀ ਜਾਏਗੀ। ਉਹਨਾਂ ਦੱਸਿਆ ਕਿ ਮਿਸ਼ਨ ਦੇ ਇਤਹਾਸ ਅਤੇ ਵਿਚਾਰਧਾਰਾ ਵਾਲੇ ਚਿਤਰਾਂ ਅਤੇ ਚਲਚਿਤਰਾਂ ਦੇ ਮਾਧਿਅਮ ਨਾਲ ‘ਨਿਰੰਕਾਰੀ ਪ੍ਰਦਰਸ਼ਨੀ’ ਅਤੇ ‘ਬਾਲ ਪ੍ਰਦਰਸ਼ਨੀ ’ ਵੀ ਲਾਈ ਜਾ ਰਹੀ ਹੈ ।