4.4 C
United Kingdom
Sunday, March 8, 2026

More

    ਹਾਕਮਾ ਇੱਕ ਚੀਜ਼ ਨਾ ਭੁੱਲੀ

    ਦੁੱਖਭੰਜਨ ਰੰਧਾਵਾ
    0351920036369

    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |
    ਜਿਸ ਨੂੰ ਅੰਨ-ਦਾਤਾ ਕਹਿੰਦੇ ਨੇ,
    ਮੈਂ ਉਸ ਭਗਵਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਜੱਟ ਜੋ ਮੂੰਹੋਂ ਕਹਿ ਦਏ,
    ਓਈਓ ਕਰਕੇ ਵਿਖਾ ਦੇਂਦਾ |
    ਚੰਗਿਆਂ ਨਾ ਚੰਗਾ ਏ,
    ਬੁਰਿਆਂ ਨੂੰ ਮੱਤ ਸਿਖਾ ਦੇਂਦਾ |
    ਜੋ ਕਰਕੇ ਮੁੱਕਰਦਾ ਨਹੀਂ,
    ਉਸ ਜੁਬਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਮੈਨੂੰ ਜਾਣੀਂ ਨਾ ਤੀਲਾ ਮੈਂ,
    ਬੌਕਰ ਬਣਕੇ ਹੂੰਝ ਦੇਊਂ |
    ਜੇ ਆਕੜ ਛੱਡੀ ਨਾ ਆਪਣੀਂ,
    ਤੈਨੂੰ ਨਕਸੇ਼ ਤੋਂ ਪੂੰਜ ਦੇਊਂ |
    ਮੈਂ ਪੱਖੀਆਂ ਦੀ ਝੱਲ ਨਈਂ,
    ਮੈਂ ਤੁਫਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਕਿਸੇ ਤੋਂ ਮੰਗਕੇ ਨਈਂ ਖਾਂਦਾ,
    ਸਭ ਮੇਰੀ ਬੀਜੀ ਖਾਂਦੇ ਨੇਂ |
    ਜੱਟ ਨੂੰ ਸਲਿਊਟਾਂ ਕਰਦੇ ਨੇਂ,
    ਜੋ ਲੋਕ ਵੀ ਮੰਡੀ ਜਾਂਦੇ ਨੇ |
    ਜੋ ਹੱਕ-ਹਲਾਲ ਦੀ ਖਾਵੇ,
    ਓ ਦੀਨ ਈਮਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਮੈਂ ਘਾਟੇ ਵਾਧੇ ਨਈਂ ਦੇਖਦਾ,
    ਜਦ ਕੁਝ ਕਰਨ ਤੇ ਆਵਾਂ |
    ਜਾਂ ਮਰ ਜਾਨਾਂ ਜਾਂ ਮਾਰ ਦੇਨਾਂ,
    ਜਦੋਂ ਵੀ ਮਰਨ ਤੇ ਆਵਾਂ |
    ਮੈਂ ਤੇਰੇ ਨਫੇ ਦਾ ਨਹੀਂ ਤੇਰੇ,
    ਨੁਕਸਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਤੇਰਾ ਹੁਣ ਤਖਤ ਹਿਲਾ ਦੇਣੈ,
    ਜਿਹੜੇ ਤੂੰ ਤਖਤ ਤੇ ਚੜ ਬੈਠੈਂ |
    ਉਹ ਘੁਰਨਾ ਵੀ ਲੱਭਲਾਂਗੇ,
    ਜਿਸਦੇ ਵਿੱਚ ਜਾ ਕੇ ਵੜ ਬੈਠੈਂ |
    ਮੈਂ ਨੇਜਿਆਂ,ਤੇਗਾਂ ਤੇ ਸੁਣ,
    ਕਿਰਪਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਮੈਂ ਪਿਆਰਿਆਂ ਨੂੰ ਤੋਹਫੇ ਵਿੱਚ,
    ਸਦਾ ਗੁਲਾਬ ਦੇਂਦਾ ਹਾਂ |
    ਓਏ ਜੋ ਅੱਗੋਂ ਕੌੜਦੈ ਮੈਨੂੰ,
    ਮੂੰਹ ਭੰਨ ਜਵਾਬ ਦੇਂਦਾ ਹਾਂ |
    ਅਸੀ ਕਦੇ ਭੀਖ ਨਈਂ ਮੰਗਦੇ,
    ਦਾਨੀਆਂ ਦੇ ਦਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਸਿੰਘਾਂ ਕਈ ਵਾਰ ਜਿੱਤੀ ਏ ਤੂੰ,
    ਕਿਹੜੀ ਦਿੱਲੀ ਦੀ ਗੱਲ ਕਰਦੈਂ |
    ਘੰਟੀ ਸਦਾ ਸਿੰਘਾ ਨੇ ਗਲ ਪਾਈ,
    ਜਿਹੜੀ ਬਿੱਲੀ ਦੀ ਗੱਲ ਕਰਦੈਂ |
    ਮੈਂ ਤਾਂ ਪੂਰੀ ਦਿੱਲੀ ਵਿੱਚ ਹੋਏ,
    ਪਏ ਐਲਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    ਅਸਾਂ ਕਦੇ ਜੋਸ਼ ਵਿੱਚ ਆ ਕੇ,
    ਆਪਣਾ ਹੋਸ਼ ਨਈਂ ਖੋਇਆ |
    ਅਸੀਂ ਅੱਗ ਅੰਦਰ ਬਾਲਦੇ ਆਂ,
    ਕਦੇ ਆਕਰੋਸ਼ ਨਈਂ ਖੋਇਆ |
    ਹੁਣ ਹੋਣੈਂ ਜੋ ਤੂੰ ਵੇਖੀਂ ਓਏ,
    ਮੈਂ ਤਾਂ ਘਮਸਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ

    ਦੁੱਖਭੰਜਨ ਇੱਕ ਨਈਂ ਏਥੇ,
    ਦੁੱਖਭੰਜਨ ਲੱਖਾਂ ਹੋ ਗਏ ਨੀ |
    ਦੁੱਖਭੰਜਨ ਵੇਖ ਚੁਫੇਰੇ ਆ ਕੇ,
    ਥਾਂ-ਥਾਂ ਤੇ ਖਲੋ ਗਏ ਨੀ |
    ਮੈਂ ਗੁਰੂ ਗ੍ਰੰਥ ਸਾਹਿਬ,ਗੀਤਾ ਤੇ,
    ਬਾਈਬਲ,ਕੁਰਾਨ ਦਾ ਪੁੱਤ ਹਾਂ |
    ਹਾਕਮਾ ਇੱਕ ਚੀਜ਼ ਨਾ ਭੁੱਲੀ,
    ਓਏ ਮੈਂ ਕਿਰਸਾਨ ਦਾ ਪੁੱਤ ਹਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!