ਬਿੱਟੂ ਦੀ ਕਲਮ
ਸਿਰ ਝੁਕਿਆ ਪਰ ਮੈਂ ਨਾਂ ਝੁਕਿਆ
ਸਾਡੀ ਤਾਸੀਰ ਨਾਂ ਚੰਗੀ ਰਹਿ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਤੋਤਾ ਰਟਨ ਤੇ ਭਾਵ ਅਰਥ
ਇੱਕ ਦੂਜੇ ਨੂੰ ਠਿੱਬੀ ਲਾਉਂਦੇ ਨੇ
ਕਿਹੜਾ ਚੰਗਾ ਕਿਹੜਾ ਮਾੜਾ
ਸਾਡੀ ਸਮਝ ਰਤਾ ਨਾਂ ਆਉਂਦੇ ਨੇ
ਚਿੱਟਾ, ਨੀਲਾ ਕੋਈ ਪਾਵੇ ਪੀਲ਼ਾ
ਸਿੱਖੀ ਰੰਗਾ ਵਿੱਚ ਵੰਡੀ ਰਹਿ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਸੇਵਾ ਲੈਣ ਲਈ ਜਿਹੜੇ
ਇੱਕ ਦੂਜੇ ਤੋਂ ਕਾਹਲੇ ਨੇ
ਜਿੱਤਕੇ ਚੋਣਾਂ ਉਹੀ
ਗੋਲਕਾਂ ਲੁੱਟਣ ਵਾਲੇ ਨੇ
ਕੌਣ ਡੋਬਦਾ ਕੌਣ ਤਾਰਦਾ
ਸੰਗਤ ਹੱਕੀ ਬੱਕੀ ਰਹਿ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਨਾਂ ਮਾੜੇ ਨੂੰ ਮਾੜਾ ਕਹਿੰਦੇ
ਤਕੜੇ ਦੇ ਗਾਉਂਦੇ ਸੋਹਿਲੇ
ਜਿਹੜਾ ਸੱਚ ਲਈ ਖੜਦਾ
ਕਰ ਦਿੰਦੇ ਹੱਡ ਪੋਲੇ
ਤੇਰੇ ਸੇਵਕ ਬਾਬਰ ਬਣਗੇ
ਸੰਗਤ ਪੀੜਾ ਡੰਗੀ ਰਹਿ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਕਿਰਤ ਨਾਲ ਕਿੱਥੇ ਮਿਲਦੀ ਰੋਟੀ
ਉਹੀ ਖਾਵੇ ਜੀਹਦੀ ਫਿੱਟ ਹੈ ਗੋਟੀ
ਸੇਵਾ ਲਈ ਚੁੱਕੀ ਫਿਰਦੇ ਸੋਟੀ
ਕਾਰ ਸੇਵਾ ਚ ਮਾਇਆ ਬਣਦੀ ਮੋਟੀ
ਸਰਹੰਦ ਦੀ ਕੰਧ ਹੈ ਕਿੱਧਰ ਗਈ
ਸੰਗਰਮਰ ਹੀ ਲੱਗੀ ਰਹਿ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਕਿਰਤੀ ਬਾਬੇ ਦੀ ਹਲ ਵਾਹੁੰਦੀ ਫੋਟੋ
ਖੌਰੇ ਕਿੱਥੇ ਸਿੱਟ ਦਿੱਤੀ ਏ
ਸੋਭਾ ਸਿੰਘ ਨੇ ਆਹ ਮਾਲਾ
ਪਤਾ ਨੀ ਕਿੱਥੋਂ ਫਿੱਟ ਕੀਤੀ ਏ
ਸੋਨਾ ਸਾਥੋਂ ਸਾਂਭ ਨਾਂ ਹੋਇਆ
ਸਾਡੇ ਪੱਲੇ ਮਿੱਟੀ ਰਹਿ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਸਿੱਖੀ ਵਿੱਚ ਜਾਤਾਂ ਨਹੀਂ ਹਨ
ਸਿੱਖਾਂ ਵਿੱਚ ਕਿੱਥੋਂ ਆ ਗਈਆ
ਪਿੰਡ ਤੇ ਸਾਂਝਾ ਇੱਕੋ ਸੀ
ਗੁਰੂ ਘਰ ਕਈ ਬਣਾ ਗਈਆ
ਮੈਂ ਨਫ਼ਰਤ ਨਾਲ ਪਾਲੀ ਸਾਂਝੀ ਏ
ਰੀਤ ਪ੍ਰੀਤ ਦੀ ਫਿੱਕੀ ਪੈ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਮੈ ਤੇਰਾ ਗੁਨਾਹਗਾਰ ਹਾਂ
ਮੈਥੋ ਸਿੱਖੀ ਰੱਖ ਨਾਂ ਹੋਈ
ਬਾਹਰੋਂ ਕੁਝ ਵੀ ਦਿਖਦਾ ਬਿੱਟੂ
ਪਰ ਰੂਹ ਤੈਥੋਂ ਵੱਖ ਨਾਂ ਹੋਈ
ਤੇਰੀ ਮਹਿਮਾ ਲਿਖਣੀ ਚਾਹੁੰਦਾ ਹਾਂ
ਪਰ ਕਲਮ ਹੀ ਫਿੱਕੀ ਪੈ ਗਈ ਏ
ਬਾਬਾ ਨਾਨਕ ਤਾਂ ਕਦ ਦਾ ਵਿੱਸਰ ਗਿਆ
ਇੱਕ ਤਸਵੀਰ ਹੀ ਟੰਗੀ ਰਹਿ ਗਈ
ਬਿੱਟੂ ਖੰਗੂੜਾ
+447877792555