ਅਸ਼ੋਕ ਵਰਮਾ
ਬਠਿੰਡਾ, 29 ਨਵੰਬਰ 2020: ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਦੇ ਸੱਦੇ ਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸੰਘਰਸ਼ੀ ਆਗੂਆਂ ਦੇ ਘਰ ਜਬਰੀ ਪਾਈਆਂ ਪੁਲਸ ਫੇਰੀਆਂ ਵਿਰੁੱਧ ਅੱਜ ਬਠਿੰਡਾ ਸ਼ਹਿਰ ਚ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ’ਚ ਫਰੀਦਕੋਟ , ਰਾਮਪੁਰਾ ,ਬਰਨਾਲਾ, ਤੇ ਸੰਗਰੂਰ ਇਕਾਈਆਂ ਦੇ ਮੈਂਬਰ ਵੀ ਹਾਜਰ ਹੋਏ । ਟੀਚਰਜ ਹੋਮ ’ਚ ਹੋਏ ਇਕੱਠ ਨੂੰ ਸਭਾ ਦੇ ਜਿਲ੍ਹਾ ਕਾਰਜਕਾਰਨੀ ਮੈਂਬਰ ਐਡਵੋਕੇਟ ਸੁਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਮਹੂਰੀ ਅਧਿਕਾਰ ਸਭਾ ਅਤੇ ਲੋਕ ਮੋਰਚਾ ਦੇ ਆਗੂਆਂ ਦੇ ਘਰੀਂ ਜਾਕੇ ਮੁਜਰਮਾਂ ਵਾਂਗ ਨਿੱਜੀ, ਪਰਿਵਾਰਕ ਜਾਣਕਾਰੀ ਹਾਸਲ ਕੀਤੀ ਅਤੇ ਘਰਾਂ ਦੇ ਨਕਸ਼ੇ ਬਣਾਏ ਜਦੋਂ ਕਿ ਇਹਨਾਂ ਖਿਲਾਫ ਕੋਈ ਵੀ ਕਾਰਵਾਈ ਪੁਲਸ ਰਿਕਾਰਡ ਵਿਚ ਪੈਂਡਿੰਗ ਨਹੀਂ ਹੈ। ਉਹਨਾਂ ਦੱਸਿਆ ਕਿ ਐਸਐਸਪੀ ਬਠਿੰਡਾ ਨੇ ਪੁਲਸ ਵਲੋਂ ਕੀਤੀ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕੀਤਾ ਹੈ ਜਿਸ ਤੋਂ ਸਾਫ ਜਾਹਰ ਹੋਇਆ ਕਿ ਇਹ ਸਭ ਗੈਰਕਾਨੂੰਨੀ ਸੀ। ਇਸ ਸਮਾਗਮ ਤੇ ਰੋਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਦਰਅਸਲ ਲੋਕ ਜਥੇਬੰਦੀਆਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕਰਦੀਆਂ ਹਨ ਜਿਸ ਕਰਕੇ ਇਹਨਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਹੁਣ ਕਿਰਤੀ ਲੋਕਾਂ ਦੇ ਹਿੱਤਾਂ ‘ਤੇ ਹਮਲਾ ਕਰਨ ਲਈ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਜਿਸ ’ਚ ਵੀ ਇਹ ਆਗੂ ਮੋਹਰੀ ਰੋਲ ਨਿਭਾਉਂਦੇ ਆ ਰਹੇ ਹਨ ਅਤੇ ਉਹਨਾਂ ਨੇ ਮੌਜੂਦਾ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ ਹੈ। ਉਹਨਾਂ ਕਿਹਾ ਕਿ ਜਮਹੂਰੀਅਤ ਦਾ ਹਰ ਨਕਾਬ ਉਤਾਰ ਕੇ ਨੰਗਾ ਚਿੱਟਾ ਪੁਲਸੀਆਂ ਰਾਜ ਸਿਰਜਿਆ ਜਾ ਰਿਹਾ ਹੈ,ਜਿਸ ਦਾ ਵਿਰੋਧ ਕਰਨ ਵਾਲੇ ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ, ਸੰਘਰਸ਼ਸ਼ੀਲ ਲੋਕਾਂ ਤੇ ਝੂਠੇ ਕੇਸਾਂ ਪਾ ਕੇ ਜੇਲਾਂ ਅੰਦਰ ਡੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਨੂੰਨ ਅਨੁਸਾਰ ਪੁਲਸ ਕਿਸੇ ਵੀ ਵਿਅਕਤੀ ਨੂੰ ਨਿਯਮਾਂ ਅਨੁਸਾਰ ਪੁੱਛ-ਪੜਤਾਲ ਵਾਸਤੇ ਲਿਖਤੀ ਸੰਮਨ ਜਾਂ ਨੋਟਿਸ ਭੇਜ ਕੇ ਪੜਤਾਲ ‘ਚ ਸ਼ਾਮਲ ਕਰ ਸਕਦੀ ਹੈ ਪਰ ਪੁਲਿਸ ਇਹਨਾਂ ਬੇਦਾਗ ਸੀਨੀਅਰ ਨਾਗਰਿਕਾਂ ਦੇ ਘਰਾਂ ਵਿਚ ਗੈਰਕਾਨੂੰਨੀ ਤਰੀਕੇ ਨਾਲ ਧਾੜਵੀਆਂ ਦੀ ਤਰਾਂ ਫੇਰੀਆਂ ਪਾ ਰਹੀ ਹੈ। ਉਹਨਾਂ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਅਸਲ ਚ ਸਰਕਾਰ ਆਪਣੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਉਲਝਾਉਣ ਲਈ ਜਮੀਨ ਤਿਆਰ ਕਰ ਰਹੀ ਹੈ। ਇਸ ਮੌਕੇ ਸਭਾ ਦੀ ਬਰਨਾਲਾ ਇਕਾਈ ਦੇ ਸੋਹਣ ਸਿੰਘ ਮਾਝੀ, ਸੰਗਰੂਰ ਇਕਾਈ ਦੇ ਨਾਮਦੇਵ ਸਿੰਘ ਭੁਟਾਲ, ਫਰੀਦਕੋਟ ਇਕਾਈ ਦੇ ਸ਼ਿਵਚਰਨ, ਟੈਕਨੀਕਲ ਸਰਵਿਸ ਯੂਨੀਅਨ ਦੇ ਭੁਪਿੰਦਰ ਸੰਧੂ, ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਜਸਵਿੰਦਰ ਸ਼ਰਮਾ, ਜੇਪੀਐਮਓ ਦੇ ਕਾਮਰੇਡ ਮਹੀਪਾਲ,ਅਖਿਲ ਭਾਰਤੀ ਨਿਪਾਲੀ ਏਕਤਾ ਮੰਚ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੁਖਪਾਲ ਸਿੰਘ ਖਿਆਲੀਵਾਲਾ, ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਜਸਪਾਲ ਮਾਨਖੇੜਾ, ਤਰਕਸ਼ੀਲ ਸੁਸਾਇਟੀ ਬਠਿੰਡਾ ਦੇ ਬਲਰਾਜ ਮੌੜ, ਸੀਟੂ ਦੇ ਜਾਇੰਟ ਸਕੱਤਰ ਐਡਵੋਕੇਟ ਗੁਰਦੇਵ ਬਾਂਡੀ, ਕੌਮਾਂਤਰੀ ਸੱਭਿਆਚਾਰਕ ਮੰਚ ਦੇ ਸਰਪ੍ਰਸਤ ਅਤਰਜੀਤ ਕਹਾਣੀਕਾਰ, ਡੀਟੀਐਫ ਦੇ ਰੇਸ਼ਮ ਸਿੰਘ, ਨੌਜਵਾਨ ਭਾਰਤ ਸਭਾ ਦੇ ਬਲਕਰਨ, ਪੀਆਰਟੀਸੀ ਹੈਂਡੀਕੈਪ ਰਿਟਾਇਰਡ ਵਰਕਰਜ਼ ਐਸੋਸੀਏਸ਼ਨ ਦੇ ਗੁਲਾਬ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਸੁਰਮੁਖ ਸਿੰਘ ਸੇਲਬਰਾਹ, ਜਨਵਾਦੀ ਨੌਜਵਾਨ ਸਭਾ ਦੇ ਜ਼ਿਲਾ ਸਕੱਤਰ ਕੁਲਜੀਤ ਭੁੱਲਰ,ਇਨਕਲਾਬੀ ਕੇਂਦਰ ਪੰਜਾਬ ਦੇ ਹਰਮੇਸ਼ ਕੁਮਾਰ ਪਟਵਾਰੀ, ਇਲਾਕਾ ਸਕੱਤਰ ਰਾਮਪੁਰਾ,ਐਸਐਸਏ (ਰਮਸਾ) ਅਧਿਆਪਕ ਯੂਨੀਅਨ ਪੰਜਾਬ ਦੇ ਹਰਜੀਤ ਜੀਦਾ, ਪੰਜਾਬ ਰਾਜ ਪਾਵਰ ਐਂਡ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਿਟਡ ਰਿਟਾਇਰਡ ਐਸੋਸੀਏਸ਼ਨ ਦੇ ਸਰਕਲ ਸੈਕਟਰੀ ਜਤਿੰਦਰ ਕਿਸ਼ਨ ਸ਼ਰਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ,ਕੇਂਦਰੀ ਪੰਜਾਬੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ,ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਹਰਜਸ ਬਰਾੜ, ਲੋਕ ਮੋਰਚਾ ਦੇ ਜਗਮੇਲ ਸਿੰਘ, ਡੀਟੀਐਫ ਦੇ ਜਸਪਾਲ ਬੰਗੀ, ਟੀਐਸਯੂ (ਭੰਗਲ) ਦੇ ਰੇਸ਼ਮ ਸਿੰਘ, ਔਰਤ ਮੁਕਤੀ ਮੰਚ ਦੇ ਮੁਖਤਿਆਰ ਕੌਰ ਅਤੇ ਲੋਕ ਸੰਗਰਾਮ ਮੋਰਚਾ ਆਗੂਆਂ ਨੇ ਸੰਬੋਧਨ ਕੀਤਾ। ਇਸ ਪਿੱਛੋਂ ਸ਼ੁਰੂ ਕੀਤਾ ਰੋਸ ਮਾਰਚ ਹਨੂੰਮਾਨ ਚੌਕ, ਮਾਲ ਰੋਡ, ਫਾਇਰ ਬਿ੍ਰਗੇਡ ਚੌਕ, ਭਗਤ ਸਿੰਘ ਚੌਕ ਤੇ ਮਹਿਣਾ ਚੌਕ ਤੋਂ ਹੁੰਦਾ ਹੋਇਆ ਟੀਚਰਜ਼ ਹੋਮ ਜਾ ਕੇ ਸਮਾਪਤ ਹੋਇਆ। ਇਸ ਮੌਕੇ ਜਿਲਾ ਪ੍ਰਧਾਨ ਪਿ੍ਰੰਸੀਪਲ ਬੱਗਾ ਸਿੰਘ ਨੇ ਧੰਨਵਾਦ ਕੀਤਾ ਜਦੋਂਕਿ ਸਟੇਜ਼ ਦੀ ਕਾਰਵਾਈ ਪਿ੍ਰਤਪਾਲ ਸਿੰਘ ਨੇ ਚਲਾਈ।