ਗਲਾਸਗੋ/ ਬਲੈਕਬਰਨ (ਮਨਦੀਪ ਖੁਰਮੀ ਹਿੰਮਤਪੁਰਾ)
ਇਸ ਸਾਲ ਵਿੱਚ ਸ਼ੁਰੂ ਹੋਈ ਕੋਰੋਨਾਂ ਵਾਇਰਸ ਮਹਾਂਮਾਰੀ ਨੇ ਲੱਖਾਂ ਹੀ ਲੋਕਾਂ ਨੂੰ ਮੌਤ ਦੇ ਮੂੰਹ ‘ਚ ਪਹੁੰਚਾਇਆ ਹੈ। ਇਸ ਜਾਨਲੇਵਾ ਵਾਇਰਸ ਨੇ ਸੈਕੜੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ, ਪਰ ਯੂਕੇ ਦੇ ਇੱਕ ਪਰਿਵਾਰ ‘ਤੇ ਇਸਨੇ ਆਪਣਾ ਕਹਿਰ ਢਾਹੁੰਦਿਆਂ ਉਸਦੀਆਂ ਤਿੰਨ ਪੀੜ੍ਹੀਆਂ ਦਾ ਹੀ ਖਾਤਮਾ ਕਰ ਦਿੱਤਾ ਹੈ।ਬਲੈਕਬਰਨ ਦੇ ਹਾਜੀ ਸੱਗੀਰ ਅਹਿਮਦ ਨੇ ਕੋਰੋਨਾਂ ਲਾਗ ਦੇ ਕਾਰਨ ਇੱਕ ਹੀ ਮਹੀਨੇ ਵਿੱਚ ਆਪਣੀ ਸੱਸ, ਪਤਨੀ ਅਤੇ ਧੀ ਦੀ ਮੌਤ ਦਾ ਦੁੱਖ ਹੰਢਾਇਆ ਹੈ। ਅਹਿਮਦ ਦੀ 26 ਸਾਲਾਂ ਧੀ ਨਫੀਸਾ ਅਹਿਮਦ ਦੀ ਮੌਤ 11 ਨਵੰਬਰ ਨੂੰ ਕੋਰੋਨਾਂ ਨਾਲ ਪੀੜਿਤ ਹੋਣ ਕਾਰਨ ਹੋਈ ਜਦਕਿ ਉਸਦੀ ਸੱਸ ਮਸਾਰਤ ਬੀਬੀ (85) ਅਤੇ ਪਤਨੀ ਰਿਫਿਤ ਅਹਿਮਦ (60) ਦੀ ਮੌਤ ਹਫ਼ਤਾ ਪਹਿਲਾਂ ਹੋ ਗਈ ਸੀ। ਇਸ ਤਰ੍ਹਾਂ ਇਸ ਵਿਅਕਤੀ ਨੇ ਲਗਭੱਗ ਇੱਕ ਹੀ ਹਫਤੇ ਵਿੱਚ ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਆਪਣੇ ਹੱਥੀਂ ਦਫਨਾਇਆ ਹੈ। ਇਸ ਪਰਿਵਾਰ ਦੀਆਂ ਮੌਤਾਂ ਦੇ ਸਮੇਂ ਬਲੈਕਬਰਨ ਵਿੱਚ ਕੋਰੋਨਾਂ ਵਾਇਰਸ ਦੇ ਲਾਗ ਦੀ ਦਰ 1000 ਨਵੇਂ ਕੇਸਾਂ ਨਾਲ ਪ੍ਰਤੀ 100,000 ਲੋਕਾਂ ਪਿੱਛੇ 694.1 ਤੋਂ ਵੱਧ ਕੇ 721.5 ‘ਤੇ ਪਹੁੰਚ ਗਈ ਸੀ। ਬਲੈਕਬਰਨ ਸੈਂਟਰਲ ਦੇ ਲੇਬਰ ਕੌਂਸਲਰ ਜ਼ਮੀਰ ਖਾਨ ਨੇ ਇਸ ਦੁਖਦਾਈ ਘੜੀ ਵਿੱਚ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਵਾਇਰਸ ਪ੍ਰਤੀ ਸਾਵਧਾਨ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।