24.8 C
United Kingdom
Wednesday, June 24, 2026

More

    ਸਕਾਟਲੈਂਡ ਵਿੱਚ ਦਾਖਲ ਹੋਣਾ ਜਾਂ ਛੱਡਣਾ ਹੋਵੇਗਾ ਗੈਰਕਾਨੂੰਨੀ, ਲੱਗੇਗਾ ਜ਼ੁਰਮਾਨਾ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਂ ਵਾਇਰਸ ਨੂੰ ਕਾਬੂ ਕਰਨ ਲਈ ਬਣੀਆਂ ਨਵੀਆਂ ਪਾਬੰਦੀਆਂ ਦੇ ਤਹਿਤ ਇਸ ਹਫਤੇ ਦੇ ਅੰਤ ਤੋਂ ਸਕਾਟਲੈਂਡ ਦੀ ਸਰਹੱਦ ਨੂੰ ਪਾਰ ਕਰਨਾ ਗੈਰ ਕਾਨੂੰਨੀ ਹੋਵੇਗਾ। ਇਸ ਅਧੀਨ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਿਨਾਂ ਠੋਸ ਅਤੇ ਜਰੂਰੀ ਕਾਰਨ ਦੇ ਸਕਾਟਲੈਂਡ ਵਿਚ ਦਾਖਲ ਹੋਣ ਜਾਂ ਛੱਡਣ ‘ਤੇ ਪਾਬੰਦੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ 60 ਪੌਂਡ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਹਾਲਾਂਕਿ ਇਸ ਪਾਬੰਦੀ ਦੀ ਵਿਰੋਧੀ ਪਾਰਟੀਆਂ ਦੁਆਰਾ ਅਲੋਚਨਾ ਵੀ ਕੀਤੀ ਗਈ ਹੈ। ਵੀਰਵਾਰ ਸ਼ਾਮ ਨੂੰ ਜ਼ਾਰੀ ਕੀਤੇ ਗਏ ਦਸਤਾਵੇਜ਼ ਦੇ ਅਨੁਸਾਰ, ਸਕਾਟਲੈਂਡ ਵਿੱਚ ਰਹਿੰਦੇ ਕਿਸੇ ਵੀ ਵਿਅਕਤੀ ਨੂੰ ਆਮ ਯਾਤਰਾ ਵਾਲੇ ਖੇਤਰ – ਇੰਗਲੈਂਡ, ਵੇਲਜ਼, ਉੱਤਰੀ ਆਇਰਲੈਂਡ, ਦਿ ਚੈਨਲ ਆਈਲੈਂਡਜ਼ ਅਤੇ ਆਇਰਲੈਂਡ ਦੇ ਗਣਤੰਤਰ ਦੇ ਕਿਸੇ ਵੀ ਹਿੱਸੇ ਦੀ ਯਾਤਰਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਥਾਵਾਂ ਤੋਂ ਕੋਈ ਸਕਾਟਲੈਂਡ ਵੱਲ ਯਾਤਰਾ ਕਰ ਸਕਦਾ ਹੈ। ਇਸ ਤੋਂ ਇਲਾਵਾ ਲੈਵਲ 3 ਜਾਂ ਲੈਵਲ 4 ਲੌਕਡਾਉਨ ਖੇਤਰਾਂ ਵਿੱਚ ਰਹਿਣ ਵਾਲੇ ਲੋਕ (ਜਿਸ ਵਿੱਚ ਕੇਂਦਰੀ ਸਕਾਟਲੈਂਡ ਦੇ ਵਿਸ਼ਾਲ ਹਿੱਸੇ ਵੀ ਸ਼ਾਮਿਲ ਹਨ)  ਨੂੰ ਵੀ ਆਪਣਾ ਖੇਤਰ ਛੱਡਣ ਦੀ ਆਗਿਆ ਨਹੀਂ ਹੈ। ਕੁੱਝ ਬਹੁਤ ਜਰੂਰੀ ਕੰਮਾਂ ਵਿੱਚ ਆਉਣ ਜਾਂ ਜਾਣ ‘ਤੇ ਛੋਟ ਦਿੱਤੀ ਗਈ ਹੈ। ਸਕਾਟਿਸ਼ ਵਾਸੀ ਖੂਨਦਾਨ ਕਰਨ , ਡਰਾਈਵਿੰਗ ਟੈਸਟ, ਸਿਹਤ ਦੇ ਕਾਰਨਾਂ, ਕੰਮ ਜਾਂ ਸਕੂਲ ਲਈ ਆਦਿ ਲਈ ਆਵਾਜਾਈ ਕਰ ਸਕਣਗੇ। ਸਕਾਟਲੈਂਡ ਦੇ ਲੇਬਰ ਲੀਡਰ ਰਿਚਰਡ ਲਿਓਨਾਰਡ ਨੇ ਇਸ ਪਾਬੰਦੀ ਨੂੰ ‘ਡੂੰਘੇ ਨੁਕਸ’ ਵਾਲੀ ਕਰਾਰ ਦਿੱਤਾ ਹੈ ਕਿਉਂਕਿ ਇਹ ਯਾਤਰਾ ਪਾਬੰਦੀ ਲੋਕਾਂ ਨੂੰ ਉਲਝਣ ਵਿੱਚ ਪਾ ਦੇਵੇਗੀ। ਸਕਾਟਲੈਂਡ ਦੀ ਸਰਕਾਰ ਦੇ ਇੱਕ ਬੁਲਾਰੇ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਨਿਯਮ ‘ਪੂਰੀ ਤਰ੍ਹਾਂ ਸਕਾਟਲੈਂਡ ਦੀ ਸੰਸਦ ਦੇ ਅਧਿਕਾਰ ਅੰਦਰ ਹਨ’। ਇਸ ਤੋਂ ਇਲਾਵਾ ਵੇਲਜ਼ ਨੇ ਵੀ ਪਿਛਲੇ ਮਹੀਨੇ ਇੰਗਲੈਂਡ ਦੇ ਲੋਕਾਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ, ਜਦੋਂਕਿ ਇੰਗਲੈਂਡ ਦੇ ਮੌਜੂਦਾ ਲਾਕਡਾਉਨ ਨਿਯਮ ਵੀ ਬਿਨਾਂ ਕਿਸੇ ਠੋਸ ਕਾਰਨ ਤੋਂ ਖੇਤਰੀ ਅਤੇ ਵਿਦੇਸ਼ੀ ਯਾਤਰਾ ‘ਤੇ ਪਾਬੰਦੀ ਲਗਾਉਂਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!