3.8 C
United Kingdom
Friday, March 6, 2026

More

    ਲਿਖਣਾ ਤੇ ਗਾਉਣਾ ਮੇਰੀ ਇਬਾਦਤ ਹੈ – ਭੁਪਿੰਦਰ ਸਿੱਧੂ

    ਗਾਇਕ ਭੁਪਿੰਦਰ ਸਿੱਧੂ

    ਮਾਲਵੇ ਦਾ ਸਹਿਤਕਾਰਾਂ ਦਾ ਮਸ਼ਹੂਰ ਪਿੰਡ ਹੈ ਕੁੱਸਾ । ਇਸ ਪਿੰਡ ਦੇ ਮਿਰਕਣੀਆਂ ( ਅਮਰੀਕਾ ਦਾ ਦੇਸੀ ਨਾਮ ) ਦੇ ਪ੍ਰੀਵਾਰ ਦੇ ਕਿਸੇ ਮੈਂਬਰ ਨੇ ਇਹ ਸੁਪਨਾ ਵੀ ਨਹੀਂ ਲਿਆ ਹੋਣਾ ਕਿ ਉਨ੍ਹਾਂ ਦੇ ਖੇਤੀਬਾੜੀ ਕਿੱਤੇ ਚੋਂ ਨਿਕਲ ਕੇ ਕੋਈ ਘਰ ਦਾ ਜੀਅ ਗੀਤਾਂ ਦੀ ਖੇਤੀਬਾੜੀ ( ਗੀਤਕਾਰੀ ) ਅਤੇ ਗਾਇਕੀ ਕਰੇਗਾ । ਏਅਰਫੋਰਸ ਵਿੱਚ ਨੌਕਰੀ ਕਰਨ ਵਾਲੇ ਸਰਦਾਰ ਮਹਿੰਦਰ ਸਿੰਘ ਸਿੱਧੂ ਅਤੇ ਸਰਕਾਰੀ ਅਧਿਆਪਕਾ ਸ਼੍ਰੀ ਮਤੀ ਦਲਜੀਤ ਕੌਰ ਦੇ ਤਿੰਨਾਂ ਪੁੱਤਰਾਂ ਵਿਚੋਂ ਵੱਡਾ ਭੁਪਿੰਦਰ ਸਿੰਘ ਇੱਕ ਦਿਨ ਭੁਪਿੰਦਰ ਸਿੱਧੂ ਬਣਕੇ ਨਾਮ ਕਮਾਏਗਾ । ਸ਼ਿਵਚਰਨ ਜੱਗੀ ਕੁੱਸਾ ( ਪ੍ਰਸਿੱਧ ਨਾਵਲਕਾਰ ਅਤੇ ਫਿਲਮ ਲੇਖਕ ) ਦੀ ਲਿਖਤ ਕਲਾ ਤੋਂ ਪ੍ਰਭਾਵਿਤ ਭੁਪਿੰਦਰ ਨੂੰ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਗਾਉਣ ਦਾ ਮੌਕਾ ਮਿਲਿਆ ਸੀ ਉਪਰੰਤ ਸਕੂਲ ਵਿੱਚ ਪੜਦਿਆਂ ਬਾਲ ਸਭਾ ਵਿੱਚ ਵੀ ਹਾਜ਼ਰੀ ਲੱਗਦੀ ਰਹੀ ।

    ਨਾਨਕੇ ਪਿੰਡ ਰਾਏਕੋਟ ਤੋਂ ਮਹਾਵੀਰ ਜੈਨ ਪਬਲਿਕ ਸਕੂਲ ਤੋਂ ਇੰਗਲਿਸ਼ ਮੀਡੀਅਮ ਵਿੱਚ ਪੜ੍ਹਨ ਦੀ ਸ਼ੁਰੂਆਤ ਕੀਤੀ । ਇਸ ਵਿੱਚ ਹੀ ਭੁਪਿੰਦਰ ਦਾ ਪ੍ਰੀਵਾਰ ਲੁਧਿਆਣਾ ਜ਼ਿਲੇ ਦੇ ਛੋਟੇ ਜਿਹੇ ਪਿੰਡ ਕੀਮਾਂ ਭੈਣੀ ਆ ਵਸਿਆ । ਖਾਲਸਾ ਕਾਲਜ ਲੁਧਿਆਣਾ ਵਿੱਚ ਪੜਦਿਆਂ ਵੀ ਚੇਟਕ ਬਰਕਰਾਰ ਰਹੀ । ਫਿਰ ਦਿੱਲੀ ਏਅਰਪੋਰਟ ਤੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਵੀ ਕੀਤੀ । ਇੱਕ ਲੰਬੇ ਵਕਫੇ ਬਾਅਦ ਭੁਪਿੰਦਰ ਨੇ ਖੇਤੀਬਾੜੀ ਕਰਦਿਆਂ ਫੈਸਲਾ ਲਿਆ ਕਿ ਉਹ ਆਪਣੇ ਮੁਢਲੇ ਸ਼ੌਂਕ ਭਾਵ ਗਾਇਕੀ ਅਤੇ ਗੀਤਕਾਰੀ ਨੂੰ ਮਰਨ ਨਹੀਂ ਦੇਵੇਗਾ। ਪਹਿਲੀ ਕੈਸਿਟ “ਪਲੱਸ ਟੂ ਚੋਂ ਪਾਸ” ਨੇ ਬਹੁਤ ਹੀ ਕੌੜਾ ਤਜਰਬਾ ਦਿੱਤਾ । ਘਰੋਂ ਠੀਕ ( ਪੈਸੇ ਵਿੱਚ ) ਹੋਣ ਕਰਕੇ ਦੋਬਾਰਾ ਫਿਰ ਕੋਸ਼ਿਸ਼ ਕੀਤੀ ਤੇ ਥੋੜ੍ਹੀ ਥੋੜ੍ਹੀ ਕਾਮਯਾਬੀ ਮਿਲਣ ਲੱਗੀ ਅਤੇ ਤਜਰਬਾ ਵੀ ਵਧਦਾ ਗਿਆ । ਮਾਤਾ “ਸਰਸਵਤੀ ” ਵੀ ਦਿਆਲ ਹੋਣ ਲੱਗੀ । ਤਕਰੀਬਨ ਚਾਰ ਕੈਸਿਟਾਂ ਰਿਲੀਜ਼ ਹੋਈਆਂ । ਪਸੱਸ ਟੂ ਚੋਂ ਪਾਸ , ਫੈਸ਼ਨ , ਗੋਰਾ ਗੋਰਾ ਰੰਗ , ਸ਼ੁਕੀਨ ਮੁੰਡਾ । ਟਾਵੇਂ ਟਾਵੇਂ ਪ੍ਰੋਗਰਾਮ ਵੀ ਮਿਲਣ ਲੱਗੇ । ਵਿਆਹਾਂ ਸ਼ਾਦੀਆਂ ਤੇ ਵੀ ਬੁੱਕ ਹੋਣ ਲੱਗ ਪਿਆ ਤੇ ਸਿਰਕੱਢ ਮੇਲਿਆਂ ਤੇ ਵੀ ਗਾਇਆ । ਲੋਕਾਂ ਦੀਆਂ ਮਿੰਨਤਾਂ ਕਰਨ ਨਾਲੋ ਮਿਹਨਤ ਕਰਨਾਂ ਸੁਭਾਅ ਬਣਾ ਲਿਆ । ਡਟਿਆ ਰਿਹਾ ਤੇ ਅੱਜ ਵੀ ਕਾਇਮ ਹੈ । ਕਿਸੇ ਵੱਲੋ ਵੀ ਕੋਈ ਸਹਾਇਤਾ ਨਾ ਮਿਲਣ ਦੇ ਬਾਵਜੂਦ ਭੁਪਿੰਦਰ ਨੇ ਆਪਣਾ ਇਸ਼ਕ ਬਰਕਰਾਰ ਰੱਖਿਆ ਹੋਇਆ ਹੈ । ਉਸਨੂੰ ਬੁੱਲਟ , ਫੌਜੀਆਂ ਦੀ ਰੰਮ , ਯਾਰ ਟਰੱਕਾਂ ਤੇ , ਕੰਗਾਲ ਜੱਟ , ਕਾਲਾ ਮਾਲ , ਨੈਰੋ ਜੀਨ ਗੀਤਾਂ ਨੇ ਵਧੀਆ ਰੋਟੀ ਪਾਇਆ ਹੋਇਆ ਹੈ । ਜ਼ਿਆਦਾ ਗੀਤ ਉਸਨੇ ਆਪ ਹੀ ਲਿਖੇ ਹਨ । ਆਪ ਖੁਦ ਗੀਤਕਾਰ ਹੋਣ ਦੇ ਬਾਵਜੂਦ ਉਸਨੇ ਕਈ ਨਵੇਂ ਗੀਤਕਾਰਾਂ ਦੇ ਗੀਤ ਵੀ ਗਾਏ । ਜਿਨ੍ਹਾਂ ਵਿੱਚ ਜੀਤਾ ਸ਼ੇਰੋਂ ਵਾਲਾ ਵਧੀਆ ਨਾਮ ਕਮਾ ਰਿਹਾ ਹੈ । ਭੁਪਿੰਦਰ ਸਿੱਧੂ ਦੇ ਲਿਖੇ ਹੋਏ ਗੀਤ ਪੰਜਾਬ ਦੇ ਪ੍ਰਸਿੱਧ ਕਲਾਕਾਰ ਵੀ ਗਾ ਚੁੱਕੇ ਹਨ ਜਿੰਨਾ ਵਿੱਚ ਸੁਰੀਲੀ ਅਤੇ ਸੁਪਰਸਟਾਰ ਗਾਇਕਾ ਰਜਨੀ ਜੈਨ ਆਰਿਆ , ਹਿੱਟ ਦੋਗਾਣਾ ਜੋੜੀ ਵੀਰ ਸੁੱਖਵੰਤ ਤੇ ਰੇਨੂੰ ਰਣਜੀਤ , ਦੀਪਾ ਬਿਲਾਸਪੁਰੀ , ਲਾਲ ਕਮਲ , ਲਾਡੀ ਧਾਲੀਵਾਲ ਅਤੇ ਜੈਲੀ ਮਨਜੀਤ ਪੁਰੀ ਹਨ । ਪੰਜਾਬੀ ਫਿਲਮ ਗੁਮਰਾਹ ਦਾ ਐਕਟਰ ਵੀ ਹੈ ਭੁਪਿੰਦਰ ਸਿੱਧੂ ਅਤੇ ਟਾਈਟਲ ਗੀਤ ਦਾ ਗੀਤਕਾਰ ਵੀ । ਉਹ ਮਲੇਸ਼ੀਆ ਵਿੱਚ ਵੀ ਪ੍ਰੋਗਰਾਮ ਕਰ ਚੁੱਕਾ ਹੈ ਅਤੇ ਉੱਥੇ ਕਬੱਡੀ ਕੱਪ ਤੇ ਸਨਮਾਨਿਤ ਵੀ ਹੋ ਚੁੱਕਿਆ ਹੈ । ਗਾਇਕੀ ਨਾਲ “ਸਾਹਾਂ” ਵਰਗਾ ਮੋਹ ਹੈ ਭੁਪਿੰਦਰ ਸਿੱਧੂ ਨੂੰ । “ਸ਼ਾਇਰੀ” ਨਾਲ ਇਸ਼ਕ ਹੈ ਅਤੇ “ਸਿਜਦਾ ” ਕਰਦਾ ਹੈ ਉਸਨੂੰ ਦਾਨ ਚ ਮਿਲੇ ਅੱਖਰ ( ਆਮਦ ) ਕਰਨ ਵਾਲੀ “ਦੇਵੀ ” ਨੂੰ । ਅੱਜਕਲ੍ਹ ਭੁਪਿੰਦਰ ਸਿੱਧੂ ਮੋਹਾਲੀ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਹੈ ਅਤੇ ਕੁੱਝ ਵੱਖਰਾ ਕਰਨ ਦਾ ਮਨ ਵਿੱਚ ਸੁਪਨਾ , ਤੜਫ , ਤੇ ਕੋਸ਼ਿਸ਼ ਵੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਨਜ਼ਰ ਆਏਗਾ।

    ਲੇਖਕ ਮਿੰਟੂ ਖੁਰਮੀ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!