3.5 C
United Kingdom
Sunday, March 8, 2026

More

    ਪਿੰਡਾਂ ਤੋਂ ਕਿਨਾਰਾ ਕਰਕੇ ਸ਼ਹਿਰਾਂ ’ਚ ਵੱਸਣ ਦਾ ਰੁਝਾਨ ਤੇਜ

    ਜਮੀਨਾਂ ਠੇਕੇ ਤੇ ਦੇੇਕੇ ਸ਼ਹਿਰਾਂ ’ਚ ਬਣਾਇਆ ਰੈਣ ਬਸੇਰਾ
    ਅਸ਼ੋਕ ਵਰਮਾ
    ਬਠਿੰਡਾ, 21ਨਵੰਬਰ2020: ਪੰਜਾਬ ਨੂੰ ਬੇਸ਼ੱਕ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਪਿਛਲੇ ਡੇਢ ਦਹਾਕੇ ਦੌਰਾਨ ਪਿੰਡਾਂ ਚੋਂ ਆਕੇ ਸ਼ਹਿਰਾਂ ’ਚ ਵੱਸ ਜਾਣ ਦਾ ਰੁਝਾਨ ਤੇਜ ਹੋਇਆ ਹੈ। ਹਾਲਾਂਕਿ ਇਸ ਵਰਤਾਰੇ ਨਾਲ ਪੇਂਡੂ ਅਬਾਦੀ ਨੂੰ ਖੋਰਾ ਲੱਗਾ ਹੈ ਪਰ ਬੱਚਿਆਂ ਦੀ ਪੜਾਈ ਅਤੇ ਬੇਹਤਰ ਜਿੰਦਗੀ ਲਈ ਲੋਕ ਲਗਾਤਾਰ ਪਿੰਡ ਛੱਡ ਰਹੇ ਹਨ। ਮਾਮਲੇ ਦਾ ਦੂਸਰਾ ਪਹਿਲਾਂ ਇਹ ਵੀ ਹੈ ਕਿ ਸਰਦੇ ਪੁੱਜਦੇ ਕਿਸਾਨਾਂ ਨੇ ਖੇਤੀ ਧੰਦੇ ਦਾ ਤਿਆਗ ਕਰਕੇ ਆਪਣੀਆਂ ਜਮੀਨਾਂ ਠੇਕੇ ਤੇ ਦੇਣ ਉਪਰੰਤ  ਖੁਦ ਸ਼ਹਿਰਾਂ ’ਚ ਵੱਸਣਾ ਸ਼ੁਰੂ ਕਰ ਦਿੱਤਾ ਹੈ। ਵਿਸ਼ੇਸ਼ ਤੱਥ ਹੈ ਕਿ ਇਹਨਾਂ ਨੇ ਆਪਣੀਆਂ ਜ਼ਮੀਨਾਂ ਪਿੰਡਾਂ ਦੇ ਛੋਟੇ ਅਤੇ ਬੇ-ਜ਼ਮੀਨੇ ਕਿਸਾਨਾਂ ਨੂੰ ਠੇਕੇ ‘ਤੇ ਦੇ ਦਿੱਤੀਆਂ ਹਨ ਅਤੇ ਬਦਲੇ ’ਚ ਮਿਲੀ ਰਾਸ਼ੀ  ਨਾਲ ਸ਼ਹਿਰੀ ਖੇਤਰਾਂ ’ਚ ਲਾਹੇਵੰਦ ਕਾਰੋਬਾਰ ਚਲਾ ਲਏ। ਇਸੇ ਕਰਕੇ ਸ਼ਹਿਰਾਂ ’ਚ ਆਲੀਸ਼ਾਨ ਕਲੋਨੀਆਂ ਲਗਾਤਾਰ ਬਣ ਰਹੀਆਂ ਹਨ ਜਿਹਨਾਂ ‘ਚ ਵੱਡੇ ਜ਼ਿਮੀਂਦਾਰਾਂ ਦੀਆਂ ਕੋਠੀਆਂ ਅਤੇ ਮਹਿੰਗੀਆਂ ਕਾਰਾਂ ਗਿਣਤੀ ਵਧ ਰਹੀ ਹੈ।
                   ਇਸ ਨਜ਼ਰੀਏ ਤੋਂ ਬਠਿੰਡਾ ਨੂੰ ਇੱਕ ਅਹਿਮ ਉਦਾਹਰਨ ਵਜੋਂ ਦੇਖਿਆ ਜਾ ਸਕਦਾ ਹੈ ਜਿੱਥੇ ਪਿਛਲੇ ਇੱਕ ਦਹਾਕੇ ’ਚ ਬਣੀਆਂ ਅੱਧੀ ਦਰਜਨ ਰਿਹਾਇਸ਼ੀ ਕਲੋਨੀਆਂ ਇਨਾਂ ਵੇਰਵਿਆਂ ਦੀਆਂ ਗਵਾਹ ਹਨ। ਵੇਰਵਿਆਂ ਮੁਤਾਬਕ ਬਠਿੰਡਾ ਪੱਟੀ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜਿਸ ’ਚੋਂ ਲੋਕਾਂ ਨੇ ਸ਼ਹਿਰਾਂ ਵੱਲ ਪਲਾਇਨ ਨਾ ਕੀਤਾ ਹੋਵੇ। ‘ਬਾਬੂਸ਼ਾਹੀ’ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪਿੰਡ ਛੱਡਕੇ ਸ਼ਹਿਰਾਂ ’ਚ ਵੱਸਣ ਵਾਲਿਆਂ ‘ਚ ਸਰਕਾਰੀ ਕਰਮਚਾਰੀ ਅਤੇ ਅਧਿਆਪਕ ਸ਼ਾਮਲ ਹਨ। ਕੁੱਝ ਮਾਮਲੇ ਅਜਿਹੇ ਵੀ ਸਾਹਮਣੇ ਆਏ ਜਿੰਨਾਂ ਪਤੀ-ਪਤਨੀ ਦੋਵੇਂ ਸਰਕਾਰੀ ਮੁਲਾਜਮ ਹਨ ਜੋ ਆਪਣੇ ਬੱਚਿਆਂ ਨੂੰ ਸ਼ਹਿਰੀ ਸਕੂਲਾਂ ਜਾਂ ਕਾਲਜਾਂ ’ਚ ਪੜਾਉਣ ਅਤੇ ਸੁੱਖ ਸਹੂਲਤਾਂ ਮਾਨਣ ਲਈ ਪਿੰਡ ਛੱਡਕੇ ਸ਼ਹਿਰਾਂ ’ਚ ਆ ਵਸੇ ਜਦੋਂ ਕਿ ਕੁੱਝ ਪੜੇ ਲਿਖੇ ਲੋਕਾਂ ਦੇ ਬੱਚੇ ਸ਼ਹਿਰ ਆ ਗਏ ਜਿਸ ਕਰਕੇ ਉਨਾਂ ਲਈ ਪਿੰਡ ਛੱਡਣਾ ਮਜਬੂਰੀ ਬਣ ਗਿਆ।
                     ਉਂਜ ਪਿੰਡਾਂ ’ਚ ਰੁਜਗਾਰ ਦੇ ਮੌਕੇ ਘਟਣ ਕਾਰਨ ਮਜ਼ਦੂਰ ਵੀ ਕੰਮ ਦੀ ਤਲਾਸ਼ ’ਚ ਸ਼ਹਿਰਾਂ ’ਚ ਆਏ ਅਤੇ ਇੱਥੋਂ ਦੇ ਹੀ ਹੋ ਗਏ।ਇਸ ਕਰਕੇ ਵੀ ਪੇਂਡੂ ਅਬਾਦੀ ਨੂੰ ਖੋਰਾ ਲੱਗਿਆ ਹੈ। ਬਠਿੰਡਾ ਦੀ ਪਾਸ਼ ਕਲੋਨੀ ਮਾਡਲ ਟਾਊਨ ’ਚ ਰਹਿਣ ਵਾਲੇ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਨਾਂ ਨੇ ਪੂਰੀ ਗਿਣਤੀ-ਮਿਣਤੀ ਤੋਂ ਬਾਅਦ ਖੇਤੀ ਕਰਨੀ ਛੱਡੀ ਅਤੇ ਜਮੀਨ ਨੂੰ ਠੇਕੇ ‘ਤੇ ਦੇਣਾ ਲਾਹੇਵੰਦ ਸਮਝਿਆ ਹੈ।  ਪਿੰਡ ਦਿਆਲਪਰਾ ਮਿਰਜਾ ਤੋਂ ਹਰਿੰਦਰ ਸਿੰਘ ਸਿੱਧੂ ਬਠਿੰਡਾ ’ਚ ਰਹਿ ਰਿਹਾ ਹੈ। ਇਸੇ ਹੀ ਪਿੰਡ ਦੇ ਅਧਿਆਪਕ ਅਤੇ ਮਲਵਈ ਗਿੱਧੇ ਦੇ ਮਾਹਿਰ ਅਮਰਜੀਤ ਸਿੰਘ ਸਿੱਧੂ ਵੀ ਸੇਵਾਮੁਕਤ ਹੋਣ ਮਗਰੋਂ ਇੱਥੇ ਹੀ ਵੱਸ ਗਏ । ਉਨ੍ਹਾਂ ਦਾ ਭਰਾ ਲਾਲਜੀਤ ਸਿੰਘ ਵੀ ਹੁਣ ਬਠਿੰਡਾ ਰਹਿੰਦਾ ਹੈ। ਇਸ ਪਿੰਡ ਦੇ ਹੋਰ ਵੀ ਕਈ ਪ੍ਰੀਵਾਰ ਹਨ ਜੋ ਬਠਿੰਡਾ ’ਚ ਰਹਿਣ ਲੱਗੇ ਹਨ।
                       ਪਿੰਡ ਕੋਠਾ ਗੁਰੂ ਦਾ ਸੇਵਾਮੁਕਤ ਅਧਿਆਪਕ ਬਲਜੀਤ ਸਿੰਘ ਵੀ ਹੁਣ ਬਠਿੰਡਾ ਦਾ ਪੱਕਾ ਵਸਨੀਕ ਹੈ। ਬਠਿੰਡਾ ਵੱਸਦੇ ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਠੇਕੇ ‘ਤੇ ਦਿੱਤੀ ਜ਼ਮੀਨ ਨਾਲ ਹਰ ਸਾਲ ਬੱਝਵੀਂ ਆਮਦਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਵਰਤਾਰਾ ਸਬਜੀ ਦੇ ਕਾਸ਼ਤਕਾਰਾਂ ਤੇ ਛੋਟੇ ਕਿਸਾਨਾਂ ਲਈ ਲਾਹੇਵੰਦ ਰਿਹਾ ਹੈ ਕਿਉਂਕਿ ਇਨ੍ਹਾਂ ਨੂੰ ਪਿੰਡ ਵਿੱਚ ਰਹਿ ਕੇ ਹੀ ਰੁਜਗਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀਕਰਨ ਅਤੇ ਖਪਤਕਾਰ ਬਾਜ਼ਾਰ ਨੇ ਵੀ ਵੱਡੇ ਕਿਸਾਨਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਜਿਸ ਕਰਕੇ ਉਹ ਸ਼ਹਿਰ ਨੂੰ ਤਰਜੀਹ ਦੇਣ ਲੱਗਾ ਹੈ। ਵੇਰਵਿਆਂ ਅਨੁਸਾਰ ਕਈ ਹੋਰ ਕਿਸਾਨ ਅਜਿਹੇ ਹਨ ਜਿੰਨ੍ਹਾਂ ਕੋਲ 50 ਤੋਂ 100  ਸੌ ਏਕੜ ਦੀ ਮਾਲਕੀ ਅਤੇ ਖੇਤੀ ਲਈ ਹਰ ਤਰਾਂ ਦੇ ਸਾਧਨ ਜੁਟਾਉਣ ਦੀ ਸਮਰੱਥਾ ਰੱਖਦੇ ਹਨ ਫਿਰ ਵੀ ਸ਼ਹਿਰ ਉਨ੍ਹਾਂ ਤਰਜੀਹ ਬਣ ਗਿਆ।
                ਜਨਗਣਨਾ ਨੇ ਹਕੀਕਤ ਤੋਂ ਪਰਦਾ ਚੁੱਕਿਆ
    ਸਾਲ 2011 ਦੀ ਜਨਗਣਨਾ ‘ਚ ਪੇਂਡੂ ਤੇ ਸ਼ਹਿਰੀ ਅਬਾਦੀ ਸਬੰਧੀ ਇਹੋ ਤੱਥ ਸਾਹਮਣੇ ਆਏ ਹਨ ਕਿ ਲੋਕਾਂ ਦੀ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਦੌੜ ਵਧ ਗਈ ਹੈ । ਜਨਗਨਣਾ ਦੇ ਅੰਕੜਿਆਂ ਅਨੁਸਾਰ ਪੇਂਡੂਆਂ ’ਚ ਸ਼ਹਿਰੀਕਰਨ ਦਾ ਪ੍ਰਭਾਵ ਬਠਿੰਡਾ ਜ਼ਿਲੇ੍ਹ ’ਚ 6 ਫੀਸਦੀ ਪਿਆ ਹੈ । ਸਾਲ 2001 ਦੀ ਜਨਗਨਣਾ ਮੁਤਾਬਕ 70. 27 ਫੀਸਦੀ ਲੋਕ ਪਿੰਡਾਂ ’ਚ ਅਤੇ 29. 73 ਫੀਸਦੀ ਸ਼ਹਿਰਾਂ ’ਚ ਵਸਦੇ ਸਨ ਜਦੋਂ ਕਿ 2001 ਚ ਇਹ ਅੰਕੜਾ 64. 01 ਪ੍ਰਤੀਸ਼ਤ ਅਤੇ 35. 99 ਪ੍ਰਤੀਸ਼ਤ ਹੋ ਗਿਆ। ਮਾਨਸਾ ਜ਼ਿਲ੍ਹੇ ’ਚ ਪਿੰਡਾਂ ਦੇ ਲੋਕਾਂ ’ਚ ਸ਼ਹਿਰ ਵੱਲ ਭੱਜਣ ਦੀ ਦੌੜ ਬਠਿੰਡਾ ਤੋਂ ਘੱਟ ਰਹੀ ਜਿੱਥੇ ਪੇਂਡੂ ਅਬਾਦੀ 79.32 ਫੀਸਦੀ ਤੋਂ ਘਟਕੇ 78.74 ਫੀਸਦੀ ਅਤੇ ਸ਼ਹਿਰੀ 20. 68 ਤੋਂ ਵਧਕੇ 21. 26 ਫੀਸਦੀ ਹੋ ਗਈ।
                                 ਖਪਤਕਾਰ ਸੱਭਿਆਚਾਰ ਦਾ ਸਿੱਟਾ
    ਨਾਗਰਿਕ ਚੇਤਨਾ ਮੰਚ ਦੇ ਪਿ੍ਰੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਖਪਤਕਾਰ ਸੱਭਿਆਚਾਰ ਨੇ ਤਕੜੇ ਪ੍ਰੀਵਾਰਾਂ ਅਤੇ ਕਰਮਚਾਰੀ ਵਰਗ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਉਨਾਂ ਆਖਿਆ ਕਿ ਇਸ ਕਰਕੇ ਹੀ ਪੇਂਡੂ ਲੋਕਾਂ ’ਚ ਸ਼ਹਿਰਾਂ ਵਿੱਚ ਵੱਸਣ ਦੀ ਰੁਚੀ ਵਧੀ ਹੈ। ਉਨ੍ਹਾਂ ਆਖਿਆ ਕਿ ਜੇਕਰ ਹੁਣ ਗਿਣਤੀ ਕੀਤੀ ਜਾਏ ਤਾਂ  ਲੰਘੇ 9 ਸਾਲਾਂ ਦੌਰਾਨ ਹਕੀਕੀ ਤੌਰ ਤੇ ਤਸਵੀਰ ਹੋਰ ਵੀ ਬਦਲੀ ਹੋਈ ਦਿਖਾਈ ਦੇਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!