ਅਸ਼ੋਕ ਵਰਮਾ
ਬਠਿੰਡਾ,19 ਨਵੰਬਰ 2020:ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਵੱਖ ਵੱਖ ਮਹਿਕਮਿਆਂ ’ਚ ਕੰਮ ਕਰਦੇ ਦਰਜਾ ਚਾਰ, ਠੇਕਾ ਅਧਾਰਿਤ ਅਤੇ ਆਊਟ ਸੋੋਰਸਿੰਗ ਤਹਿਤ ਭਰਤੀ ਮੁਲਾਜਮਾਂ ਨੇ ਕੈਪਟਨ ਸਰਕਾਰ ਦੀਆਂ ਬੇਵਫਾਈਆਂ ਖਿਲਾਫ ਨੰਗੇ ਧੜ ਰੋਸ ਮੁਜਾਹਰਾ ਕੀਤਾ । ਠੰਢੇ ਦੇ ਬਾਵਜੂਦ ਇਹਨਾਂ ਮੁਲਾਜਮਾਂ ਨੇ ਪੰਜਾਬ ਸਰਕਾਰ ਨੂੰ ਗਰਮੀ ਦਿਖਾਈ ਕਿ ਹੁਣ ਉਹ ਅਗਲਾ ਤਿੱਖਾ ਫੈਸਲਾ ਲੈਣਗੇ ਜਿਸ ਲਈ ਮਹਾਂ ਪੰਚਾਇਤ ਸੱਦ ਲਈ ਹੈ। ਮੁਲਾਜਮਾਂ ਨੇ ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਰੋਸ ਰੈਲੀ ਕੀਤੀ ਅਤੇ ਉਹਨਾਂ ਨੂੰ ਵੀ ਸ਼ਬਦੀ ਹੱਲਿਆਂ ਨਾਲ ਨਿਸ਼ਾਨਾ ਬਣਾਇਆ। ਇਸ ਮੌਕੇ ਮੁਲਾਜਮਾਂ ਨੇ ਕਿਹਾ ਕਿ ਠੰਢ ਦੇ ਇਸ ਮੌਸਮ ’ਚ ਆਪਣੇ ਹੱਕਾਂ ਲਈ ਸੜਕਾਂ ਤੇ ਉੱਤਰੇ ਮੁਲਾਜਮਾਂ ਵੱਲ ਦੇਖਣਾ ਚਾਹੀਦਾ ਹੈ। ਮੁਲਾਜਮਾਂ ਨੇ ਅਗਲੀਆਂ ਚੋਣਾਂ ’ਚ ਹਕੂਮਤੀ ਧਿਰ ਨੂੰ ਸਿਆਸੀ ਸੱਟ ਮਾਰਨ ਦੀ ਚਿਤਾਵਨੀ ਵੀ ਦਿੱਤੀ।
ਸੂਬਾ ਜਨਰਲ ਸਕੱਤਰ ਅਤੇ ਖੁਰਾਕ ਤੇ ਸਪਲਾਈਜ਼ ਦੇ ਸੂਬਾ ਪ੍ਰਧਾਨ ਸਾਥੀ ਰਣਜੀਤ ਸਿੰਘ ਰਾਣਵਾਂ, ਸੂਬਾ ਮੀਤ ਪ੍ਰਧਾਨ ਸਾਥੀ ਮਨਜੀਤ ਸਿੰਘ, ਮੇਲਾ ਸਿੰਘ ਪੁੰਨਾਂਵਾਲ, ਜਨਰਲ ਸਕੱਤਰ ਬਲਜਿੰਦਰ ਸਿੰਘ ਪਟਿਆਲਾ, ਸਾਥੀ ਜੁਗਰਾਜ ਰਾਮਾਂ, ਮੋਹਨ ਸਿੰਘ ਬਰਨਾਲਾ, ਗੁਰਬੰਸ ਸਿੰਘ ਬਠਿੰਡਾ ਅਤੇ ਚੇਅਰਮੈਨ ਸਾਥੀ ਹਰਭਗਵਾਨ (ਸ੍ਰੀ ਮੁਕਤਸਰ ਸਾਹਿਬ), ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਦਰਜਾ ਚਾਰ ਮੁਲਾਜਮਾਂ ਨੂੰ ਡੀ.ਏ.ਦੀਆਂ ਕਿਸ਼ਤਾਂ ਅਤੇ ਬਕਾਇਆ ਨਾ ਦੇ ਕੇ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦੋਂਕਿ ਹਰ ਮਹੀਨੇ ਲਾਏ 200 ਰੁਪਏ ਜਜੀਆ ਟੈਕਸ ਦੀ ਵਸੂਲੀ ਕਰਕੇ ਤਾਂ ਜਬਰ ਦੀ ਇੰਤਹਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੰਘਰਸ਼ਾਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਮੁਲਾਜਮ ਵੈਲਫੇਅਰ ਐਕਟ-2016 ਰੱਦੀ ਦੀ ਟੋਕਰੀ ’ਚ ਸੁੱਟ ਕੇ ਮੁਲਾਜਮਾਂ ਨਾਲ ਧਰੋਹ ਕਮਾਇਆ ਹੈ।
ਉਹਨਾਂ ਆਖਿਆ ਕਿ ਪੰਜਾਬ ਸਰਕਾਰ ਤਾਂ ਸੁਪਰੀਮ ਕੋਰਟ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਬਰਾਬਰ-ਕੰਮ-ਬਰਾਬਰ ਤਨਖਾਹ ਵੀ ਲਾਗੂ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਮੁਲਾਜਮਾਂ ਵਿੱਚ ਕੈਪਟਨ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਹੋ ਗਈ ਹੈ। ਉਹਨਾਂ ਆਖਿਆ ਕਿ ਜੰਗਲਾਤ, ਪਨਸਪ, ਸਿਹਤ ਅਤੇ ਪਨਗ੍ਰੇਨ ਦੇ ਦਿਹਾੜੀਦਾਰਾਂ, ਸਫਾਈ ਸੇਵਕਾਂ, ਠੇਕਾ ਅਤੇ ਆਊਟ ਸੋਰਸ ਵਾਲੇ ਸੈਂਕੜੇ ਮੁਲਾਜਮਾਂ ਨੂੰ ਕਈ ਕਈ ਮਹੀਨੇ ਤਨਖਾਹਾਂ ਨਾਂ ਦਿੱਤੇ ਜਾਣ ਕਾਰਨ ਪ੍ਰੀਵਾਰਾਂ ਨੂੰ ਫਾਕੇ ਕੱਟਣੇ ਪੈ ਰਹੇ ਹਨ। ਇਸ ਮੌਕੇ ਆਗੂਆਂ ਨੇ ਟਰੇਡ ਯੂਨੀਅਨਾਂ ਦੇ ਸੱਦੇ ਤੇ 26 ਨਵੰਬਰ ਨੂੰ ਕੀਤੀ ਜਾ ਰਹੀ ਹੜਤਾਲ ’ਚ ਭਰਵੀਂ ਸ਼ਮੂਲੀਅਤ ਦਾ ਐਲਾਨ ਵੀ ਕੀਤਾ। ਆਗੂਆਂ ਨੇ ਦੱਸਿਆ ਕਿ 5 ਦਸੰਬਰ ਨੂੰ ਸੰਗਰੂਰ ਵਿੱਚ ਦਰਜਾ ਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਮਹਾਂ ਪੰਚਾਇਤ ਬੁਲਾਈ ਗਈ ਹੈ ਜਿਸ ’ਚ ਅਗਲੇ ਤਿੱਖੇ ਸੰਘਫਰਸ਼ ਦਾ ਫੈਸਲਾ ਵੀ ਕੀਤਾ ਜਾਏਗਾ।