ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 19 ਨਵੰਬਰ 2020
ਸੰਯੁਕਤ ਰਾਜ ਅਮਰੀਕਾ ਵਿੱਚ ਵਾਇਰਸ ਦੀ ਲਾਗ ਦੇ ਕੇਸਾਂ ਵਿੱਚ ਵਾਧੇ ਦੇ ਨਾਲ ਮੌਤ ਦਰ ਵਿੱਚ ਵੀ ਭਾਰੀ ਗਿਣਤੀ ਵਿੱਚ ਵਾਧਾ ਹੋਇਆ ਹੈ।ਕੋਰੋਨਾਂ ਮੌਤਾਂ ਸੰਬੰਧੀ ਬੁੱਧਵਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਵਿਡ-19 ਮੌਤਾਂ ਦੀ ਗਿਣਤੀ 250,000 ਤੋਂ ਵੱਧ ਹੋ ਗਈ ਹੈ। ਉਪਲੱਬਧ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ, ਪਿਛਲੇ ਚਾਰ ਹਫ਼ਤਿਆਂ ਵਿੱਚ, ਮੌਤਾਂ ਦੀ ਗਿਣਤੀ ਵਿੱਚ 42 ਪ੍ਰਤੀਸ਼ਤ ਵਾਧਾ ਹੋਇਆ ਹੈ, ਜੋ ਕਿ ਅਕਤੂਬਰ ਦੇ ਸ਼ੁਰੂ ਵਿੱਚ ਪ੍ਰਤੀ ਦਿਨ ਔਸਤਨ 821 ਤੋਂ ਪਿਛਲੇ ਹਫ਼ਤੇ ਦੇ ਪ੍ਰਤੀ ਦਿਨ ਔਸਤਨ 1,167 ਤੱਕ ਵਧੀ ਹੈ। ਇਸਦੇ ਇਲਾਵਾ ਯੂ ਐਸ ਏ 11.4 ਮਿਲੀਅਨ ਕੋਵਿਡ -19 ਕੇਸਾਂ ਦੇ ਨਾਲ ਵੀ ਦੁਨੀਆ ਦੀ ਅਗਵਾਈ ਵੀ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਦੇ ਕੋਰੋਨਾਂ ਵਾਇਰਸ ਟੈਸਟਿੰਗ ਦੇ ਡਾ. ਬਰੇਟ ਗਿਰੋਇਰ ਅਨੁਸਾਰ ਦੇਸ਼ ਇਸ ਵੇਲੇ ਇੱਕ ਬਹੁਤ ਹੀ ਖ਼ਤਰਨਾਕ ਸਥਿਤੀ ਵਿੱਚ ਹੈ ਜਿਸ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਦੇਸ਼ ਦੇ ਰਾਜਾਂ ਦੇ ਨਾਲ ਵਾਸ਼ਿੰਗਟਨ, ਡੀ.ਸੀ., ਯੂ.ਐੱਸ. ਵਰਜਿਨ ਆਈਲੈਂਡਜ਼ ਅਤੇ ਗੁਆਮ ਦੀ ਰਿਪੋਰਟ ਵਿੱਚ ਪਿਛਲੇ 14 ਦਿਨਾਂ ਦੌਰਾਨ ਕੋਰੋਨਾਂ ਵਾਇਰਸ ਦੇ ਕੇਸਾਂ ਵਿੱਚ ਬੁੱਧਵਾਰ ਨੂੰ ਵਾਧਾ ਹੋਇਆ ਹੈ ਜਿਸ ਕਰਕੇ ਹਸਪਤਾਲ ਅਤੇ ਡਾਕਟਰ ਬਿਮਾਰ ਮਰੀਜ਼ਾਂ ਦੇ ਵਾਧੇ ਦਾ ਸਾਹਮਣਾ ਕਰ ਰਹੇ ਹਨ। ਵ੍ਹਾਈਟ ਹਾਊਸ ਦੇ ਕੋਰੋਨਾਂ ਵਾਇਰਸ ਟਾਸਕ ਫੋਰਸ ਅਨੁਸਾਰ ਵੀ ਵਾਇਰਸ ਦੇ ਲਾਗ ਦੀ ਸਥਿਤੀ ਕਈ ਸੂਬਿਆਂ ਵਿੱਚ ਬਿਨਾਂ ਸੁਧਾਰ ਦੇ ਹੋਰ ਜ਼ਿਆਦਾ ਵਿਗੜ ਰਹੀ ਹੈ।