ਪੱਤਰਕਾਰਤਾ ਸਨਸਨੀਖੇਜ਼ ਖ਼ਬਰਾਂ ਅਤੇ ਨਿੱਜੀ ਵਿਚਾਰਾਂ ਤੋਂ ਮੁਕਤ ਰਹੇ
(ਹਰਜੀਤ ਲਸਾੜਾ, ਬ੍ਰਿਸਬੇਨ 18 ਨਵੰਬਰ) ਇੱਥੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਵੱਲੋਂ ਕੌਮੀ ਪ੍ਰੈੱਸ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਬੈਠਕ ਦਾਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਤੇ ਉੱਪ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਨੇ ਆਪਣੇ ਸਾਂਝੇ ਬਿਆਨ ‘ਚ ਕਿਹਾ ਕਿਆਜ਼ਾਦ ਅਤੇ ਨਿਰਪੱਖ ਪ੍ਰੈੱਸ ਤੋਂ ਬਿਨ੍ਹਾਂ ਲੋਕਤੰਤਰ ਦੇ ਪਵਿੱਤਰ ਸਿਧਾਂਤਾਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪ੍ਰੈੱਸ ਹਮੇਸ਼ਾਂ ਲੋਕਤੰਤਰ ਦੀ ਬੁਨਿਆਦ ਦੀ ਰੱਖਿਆ ਕਰਨ ਅਤੇ ਲੋਕਤੰਤਰ ਦੇ ਵੱਖ-ਵੱਖ ਅੰਗਾਂ ਦੀ ਮਜ਼ਬੂਤੀ ਅਤੇ ਪਾਰਦਰਸ਼ਤਾ ਲਈ ਲੋਕਾਈ ਦੇ ਅਧਿਕਾਰਾਂ ਤੇ ਕਰਤੱਵਾਂ ‘ਤੇ ਪਹਿਰਾ ਦਿੰਦੀ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੋਸ਼ਲ ਮੀਡੀਏ ਦੇ ਦੌਰ ਵਿੱਚ ਨਿਰਪੱਖ, ਉਦੇਸ਼ਪੂਰਨ ਅਤੇ ਸਟੀਕ ਜਾਣਕਾਰੀ ਭਰਪੂਰ ਖ਼ਬਰਾਂ ਪ੍ਰਕਾਸ਼ਿਤ ਕਰਨਾ ਮਜ਼ੂਦਾ ਸਮੇਂ ਦੀ ਮੰਗ ਹੈ। ਇਸ ਮੌਕੇ ਹਰਪ੍ਰੀਤ ਸਿੰਘ ਕੋਹਲੀ ਮੁੱਖ ਤੇ ਕਾਨੂੰਨੀ ਸਲਾਹਕਾਰ, ਜਗਜੀਤ ਸਿੰਘ ਖੋਸਾ ਜਨਰਲ ਸਕੱਤਰ, ਹਰਜੀਤ ਲਸਾੜਾ ਪ੍ਰੈੱਸ ਸਕੱਤਰ, ਗੁਰਵਿੰਦਰ ਰੰਧਾਵਾ ਖਜ਼ਾਨਚੀ ਅਤੇ ਮੈਂਬਰਾਂ ‘ਚ ਅਜੇਪਾਲ ਸਿੰਘ ਤੇ ਦੇਵ ਸਿੱਧੂ ਨੇ ਆਪਣੇ-ਆਪਣੇ ਸੰਬੋਧਨ ‘ਚ ਕਿਹਾ ਕਿ ਪੱਤਰਕਾਰਾਂ ਨੂੰ ਸਨਸਨੀਖੇਜ਼ ਖ਼ਬਰਾਂ ਤੋਂ ਪਰਹੇਜ਼ ਅਤੇ ਆਪਣੇ ਨਿੱਜੀ ਵਿਚਾਰਾਂ ਨੂੰ ਮਿਲਾਉਣ ਦੀ ਪ੍ਰਵਿਰਤੀ ਨੂੰ ਰੋਕਣਾ ਚਾਹੀਦਾ ਹੈ। ਵਿਕਾਸ ਤੇ ਸੇਧਮਈ ਖ਼ਬਰਾਂ ਲਈ ਵਧੇਰੇ ਜਗ੍ਹਾ ਹੋਣੀ ਚਾਹੀਦੀ ਹੈ। ਮੀਡੀਏ ਨੂੰ ਲੋਕਾਈ ਦੀ ਆਵਾਜ਼ ਬਣਕੇ ਹਮੇਸ਼ਾ ਹੀ ਉਸਾਰੂ ਅਤੇ ਨਿਰਪੱਖਤਾ ਦੇ ਨਾਲ ਯਤਨਸ਼ੀਲ ਰਹਿਣਾ ਚਾਹੀਦਾ ਹੈ।