ਰਜਨੀ ਵਾਲੀਆ
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |
ਉਸਨੂੰ ਕੋਈ ਰੋਕ ਨਈ ਸਕਦਾ,
ਜਿੱਤਣੋਂ ਜੋ ਕਦੇ ਹਰਿਆ ਹੋਵੇ |
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |
ਡੁੱਬਣ ਦਾ ਡਰ ਉਸਨੂੰ,
ਜੋ ਤਰਨਾ ਜਾਣੇ ਨਾ |
ਬੇਚੈਨੀ ਦਾ ਡਰ ਉਸਨੂੰ,
ਜੋ ਜਰਨਾ ਜਾਣੇ ਨਾ |
ਡੁੱਬਦਾ ਨਈਂ ਕਦੇ ਓ,
ਜੋ ਕਦੀ ਤਰਿਆ ਹੋਵੇ |
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |
ਜੇ ਇਲਮ ਹੋਵੇ ਡਾਢਾ,
ਤਾਂ ਬੰਦਾ ਹਸਤੀ ਬਣ ਜਾਵੇ |
ਜੇ ਬੇਇਲਮਾ ਹੋਵੇ ਤਾਂ,
ਚੀਜ਼ ਬੜੀ ਸਸਤੀ ਬਣ ਜਾਵੇ |
ਉਹ ਅਮਰ ਹੋ ਜਾਂਦਾ ਏ,
ਜੋ ਪਲ-ਪਲ ਮਰਿਆ ਹੋਵੇ |
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |
ਉਹ ਡਿੱਗਣ ਦੱਸ ਕਿੱਦਾਂ,
ਜੋ ਠੇਡੇ ਖਾ-ਖਾ ਖੜਦੇ ਨੇ |
ਉਹਨਾਂ ਦਾ ਨਾ ਵਾਲ ਵਿੰਗਾ,
ਹੋਵੇ ਜੋ ਹੱਕ ਲਈ ਲੜਦੇ ਨੇ |
ਉਹ ਜਰਨ ਨਹੀਂ ਦੇਂਦਾ ,
ਜੋ ਖੁਦ ਜਰਿਆ ਹੋਵੇ |
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |
ਜੋ ਝੱਟ ਬੁੱਝੀ ਜਾਵੇ,
ਉਹ ਬੁਝਾਰਤ ਨਹੀ ਹੁੰਦੀ |
ਜੋ ਖੜੀ ਰੇਤੇ ਨਾਲ ਹੋਵੇ,
ਉਹ ਇਮਾਰਤ ਨਹੀ ਹੁੰਦੀ |
ਉਸਨੇ ਗਰਮੀ ਕੀ ਦੇਣੀ,
ਜੋ ਖੁਦ ਠਰਿਆ ਹੋਵੇ |
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |
ਕਦੇ ਸੌ਼ਕ ਨਈ ਮਾਰੀ ਦੇ,
ਸੌ਼ਕਾਂ ਨੂੰ ਪਾਲਿਆ ਜਾਂਦਾ ਏ |
ਜਿਉਂ ਖਾਰ ਨੂੰ ਸੁੱਟ ਦੇਈਦਾ ਏ,
ਤੇ ਫੁੱਲ ਸੰਭਾਲਿਆ ਜਾਂਦਾ ਏ |
ਉਸਦਾ ਸਾਰਨ ਆ ਜਾਈਏ,
ਜਿਸਦਾ ਨਾ ਸਰਿਆ ਹੋਵੇ |
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |
ਰਜਨੀ ਜਜਬੇ ਹੋਣ ਫੌਲਾਦਾਂ,
ਵਰਗੇ ਕਦੇ ਫੇਰ ਕੋਈ ਨਾ ਡੱਕੇ |
ਅੱਖਾਂ ਵਿੰਨ-ਵਿੰਨ ਸੁੱਟ ਦਏ,
ਬੰਦਾ ਅੱਖ ਕੋਈ ਜੇ ਚੱਕੇ |
ਬੰਦੇ ਨੇ ਜਰੀਆ ਹੋਣ ਮੁਸੀਬਤਾਂ,
ਤੇ ਹੌਂਸਲਾ ਧਰਿਆ ਹੋਵੇ |
ਖਿੱਲਰਦਾ ਨਈਂ ਉਹ ਜੋ,
ਜ਼ਹਿਨ ਚ ਭਰਿਆ ਹੋਵੇ |