ਜਗਦੀਸ਼ ਰਾਣਾ
ਲੱਖ ਮੁਸੀਬਤਾਂ ਝੱਲ ਕੇ ਵੀ ਜਦ ਟੁੱਟ ਕੇ ਹੋਏ ਚੂਰ ਨਹੀਂ.
ਹੁਣ ਨਾ ਹਿੰਮਤ ਹਾਰੋ ਰਾਹੀਓ, ਹੁਣ ਤਾਂ ਮੰਜਿਲ ਦੂਰ ਨਹੀਂ.
ਪਾਣੀ ਦੀ ਥਾਂ ਡੋਲ੍ਹ ਪਸੀਨਾ, ਆਪਾਂ ਇਸਨੂੰ ਸਿੰਜਿਐ ਜਦ,
ਆਸਾਂ ਦੇ ਬੂਟੇ ਨੂੰ ਫਿਰ ਵੀ, ਪੈਣਾਂ ਹੁਣ ਕਿਉਂ ਬੂਰ ਨਹੀਂ.

ਸੋਨੇ ਦਾ ਹੀ ਹੈ ਇਹ ਭਾਵੇਂ , ਪਿੰਜਰਾ ਫਿਰ ਵੀ ਪਿੰਜਰਾ ਹੈ,
ਧਰ ਦੇਵਾਂ ਮੈਂ ਕੈਦ ਉਡਾਰੀ ਇਹ ਮੈਂਨੂੰ ਮਨਜੂਰ ਨਹੀਂ.
ਤੋੜ ਦਿਆਂਗਾਂ ਸੀਖਾਂ ਮੈਂ ਤਾਂ,ਭਾਵੇਂ ਖੰਭ ਹੀ ਟੁੱਟ ਜਾਵਣ,
ਚੂਰੀ ਤੇ ਹੀ ਟਿਕ ਜਾਵਾਂ, ਮੈਂ ਏਨਾ ਵੀ ਮਜਬੂਰ ਨਹੀਂ.
ਜੀਵਨ ਦੇ ਵਿੱਚ ਦੁੱਖ ਵੀ ਚੱਲੇ, ਧੁੱਪ ਛਾਂ ਬਣਕੇ ਨਾਲ ਮੇਰੇ,
ਹੁਣ ਤੱਕ ਜਿੰਨੀ ਬੀਤੀ ਹੈ, ਬਸ ਰਹੀ ਸੁੱਖਾਂ ਭਰਭੂਰ ਨਹੀਂ.
ਮੁਰਸ਼ਦ ਦਾ ਚੰਡਿਆ ਹਰ ਇੱਕ ਨੂੰ, ਅਪਣੇ ਤੋਂ ਚੰਗਾ ਆਖੇ,
ਲੇਕਿਨ ਸਭਨੂੰ ਚੰਗਾ ਕਹਿਣਾ ,ਦੁਨੀਆਂ ਦਾ ਦਸਤੂਰ ਨਹੀਂ.
ਜੁਗਨੂੰ ਹੈ ਜੋ ਅਪਣੀ ਲੋਅ ਤੇ ਹੀ ਇਤਰਾਉਂਦਾ ਰਹਿੰਦਾ ਹੈ,
ਸੂਰਜ ਵੀ ਹੈ ਰਾਣੇ ਜਿਹੜਾ, ਭੋਰਾ ਵੀ ਮਗਰੂਰ ਨਹੀਂ.
ਜਗਦੀਸ਼ ਰਾਣਾ
09872630635