
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 12 ਨਵੰਬਰ 2020
ਅਮਰੀਕਾ ਵਿੱਚ ਕੋਰੋਨਾਂ ਮਹਾਂਮਾਰੀ ਨੇ ਬਹੁਤ ਵੱਡੇ ਪੱਧਰ ਤੇ ਪ੍ਰਕੋਪ ਢਾਹਿਆ ਹੈ ਅਤੇ ਇਹ ਪ੍ਰਕੋਪ ਅਜੇ ਖਤਮ ਨਹੀਂ ਹੋਇਆ ਹੈ। ਸਿਹਤ ਮਾਹਿਰਾਂ ਅਨੁਸਾਰ ਦੇਸ਼ ਆਉਣ ਵਾਲੇ ਲਗਭੱਗ ਚਾਰ ਮਹੀਨਿਆਂ ਤੱਕ ਵਾਇਰਸ ਦੀ ਇਸ ਤੋਂ ਵੀ ਬੁਰੀ ਤਸਵੀਰ ਵੇਖ ਸਕਦਾ ਹੈ। ਇਸ ਸਮੇਂ ਦੇਸ਼ ਵਿੱਚ ਰੋਜ਼ਾਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਕਈ ਖੇਤਰਾਂ ਵਿੱਚ ਕੋਰੋਨਾਂ ਮਰੀਜ਼ ਵੱਡੀ ਗਿਣਤੀ ਵਿੱਚ ਹਸਪਤਾਲਾਂ ਵਿੱਚ ਦਾਖਲ ਹੋ ਰਹੇ ਹਨ।ਇਸਦੀ ਲਾਗ ਦੇ ਮਰੀਜ਼ਾਂ ਨਾਲ ਓਕਲਾਹੋਮਾ ਵਿੱਚ ਆਈ ਸੀ ਯੂ ਰੂਮ ਭਰੇ ਹੋਏ ਹਨ ਅਤੇ ਉੱਤਰੀ ਡਕੋਟਾ ਦੇ ਹਸਪਤਾਲਾਂ ਕੋਲ ਲੋੜੀਂਦੇ ਡਾਕਟਰ ਅਤੇ ਨਰਸਾਂ ਦੀ ਘਾਟ ਹੋ ਗਈ ਹੈ ਜਦਕਿ ਕਈ ਹੋਰ ਹਸਪਤਾਲ ਪ੍ਰਬੰਧਕ ਵੀ ਸਮੱਸਿਆ ਦਾ ਸਾਹਮਣਾ ਕਰਨ ਦੇ ਨਜਦੀਕ ਹਨ। ਡਰੱਗ ਨਿਰਮਾਤਾ ਕੰਪਨੀਆਂ ਦੁਆਰਾ ਤਿਆਰ ਕੀਤੇ ਇੱਕ ਟੀਕੇ ਦੇ ਰਾਹੀਂ ਇਲਾਜ ਦੀ ਉਮੀਦ ਕਰ ਰਹੀਆਂ ਹਨ ਪਰ ਜਨਤਕ ਸਿਹਤ ਅਧਿਕਾਰੀ ਚੇਤਾਵਨੀ ਦੇ ਰਹੇ ਹਨ ਕਿ ਸੰਯੁਕਤ ਰਾਜ ਅਮਰੀਕਾ ਨੇ ਅਜੇ ਤੱਕ ਦੇ ਵਾਇਰਸ ਫੈਲਣ ਦੇ ਸਭ ਤੋਂ ਮੁਸ਼ਕਿਲ ਦਿਨਾਂ ਨੂੰ ਵੇਖਣਾ ਹੈ, ਜਿਹਨਾਂ ਦੀ ਅਗਲੇ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਆਉਣ ਦੀ ਸੰਭਾਵਨਾ ਹੈ। ਮਿਨੀਸੋਟਾ ਯੂਨੀਵਰਸਿਟੀ ਵਿਚ ਸੈਂਟਰ ਆਫ ਇਨਫੈਕਟਸ ਰੋਗ ਰਿਸਰਚ ਐਂਡ ਪਾਲਿਸੀ ਦੇ ਡਾਇਰੈਕਟਰ, ਡਾ. ਮਾਈਕਲ ਓਸਟਰਹੋਲਮ ਅਨੁਸਾਰ ਦੇਸ਼ ਕੋਵਿਡ ਦੇ ਨਰਕ ਵਿਚ ਦਾਖਲ ਹੋਣ ਜਾ ਰਿਹਾ ਹੈ ਕਿਉਂਕਿ ਮਾਹਿਰਾਂ ਅਨੁਸਾਰ ਯੂ ਐਸ ਏ ਹੁਣ ਇਕ ਦਿਨ ਵਿਚ ਔਸਤਨ 120,000 ਤੋਂ ਜ਼ਿਆਦਾ ਨਵੇਂ ਕੋਵਿਡ -19 ਕੇਸਾਂ ਦੀ ਰਿਪੋਰਟ ਕਰ ਰਿਹਾ ਹੈ। ਇਸਦੇ ਨਾਲ ਹੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਅਤੇ ਇਵੈਲਯੂਏਸ਼ਨ ਦੇ ਪ੍ਰੋਫੈਸਰ ਅਲੀ ਮੋਕਦਾਦ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਮਾਰਚ ਅਤੇ ਅਪ੍ਰੈਲ ਨਾਲੋਂ ਦਸੰਬਰ ਵਿਚ ਵਧੇਰੇ ਜਾਨਾਂ ਚਲੀਆਂ ਜਾਣਗੀਆਂ। ਅਜਿਹੇ ਮੁਸ਼ਕਿਲ ਸਮੇਂ ਵਿੱਚ ਸਰਕਾਰ ਅਤੇ ਅਧਿਕਾਰੀਆਂ ਦੀ ਤਿਆਰੀ ਦੇ ਨਾਲ ਜਨਤਾ ਨੂੰ ਵੀ ਆਪਣੀਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦੀ ਜਰੂਰਤ ਹੈ, ਅਜਿਹਾ ਕਰਕੇ ਹੀ ਆਉਣ ਵਾਲੇ ਸਮੇਂ ਦੇ ਪ੍ਰਕੋਪ ਤੋਂ ਬਚਾਅ ਕੀਤਾ ਜਾ ਸਕਦਾ ਹੈ।