ਰਾਜਿੰਦਰ ਪਰਦੇਸੀ
ਉੱਠੋ ਬਰਖ਼ੁਰਦਾਰ ਇਹ ਚਿੜੀਆਂ ਚੂਕਦੀਆਂ ।
ਸੁੱਤੇਓ ਘੇਸਲ ਮਾਰ ਇਹ ਚਿੜੀਆਂ ਚੂਕਦੀਆਂ।

ਦੂਸ਼ਤ ਦਾਣਾ ਪਾਣੀ ਦੂਸ਼ਤ ਪੌਣ ਵਗੇ,
ਜੀਣਾ ਹੈ ਦੁਸ਼ਵਾਰ ਇਹ ਚਿੜੀਆਂ ਚੂਕਦੀਆਂ।
ਚੋਗਾ ਮੰਗਦੇ ਪੰਛੀ ਖੰਭ ਖਿਚਵਾਉਂਦੇ ਨੇ,
ਰੁੱਖ ਤੇ ਠਾਣੇਦਾਰ ਇਹ ਚਿੜੀਆਂ ਚੂਕਦੀਆਂ।
ਚੋਗਾ ਵੀ ਰਾਖੀ ਵੀ ਬੇ-ਪਰ ਬੋਟਾਂ ਦੀ,
ਸ਼ਿਕਰੇ ਬੇ-ਇਤਬਾਰ ਇਹ ਚਿੜੀਆਂ ਚੂਕਦੀਆਂ।
ਧਨਵਾਨਾ ਦੀ ਕੁਰਸੀ ਖ਼ਾਤਿਰ ਰੁੱਖ ਉਜੜੇ,
ਉੱਜੜ ਗਏ ਘਰਬਾਰ ਇਹ ਚਿੜੀਆਂ ਚੂਕਦੀਆਂ।
ਨਸ਼ਿਆਂ ਦੀ ਪੂਜਾ ਨੇ ਪ੍ਰੀਤ ਪੁਜਾਰੀ ਦੀ,
ਦਿੱਤੀ ਹੈ ਮਤਮਾਰ ਇਹ ਚਿੜੀਆਂ ਚੂਕਦੀਆਂ।
ਧਰਮ ਸਥਾਨੀਂ ਫ਼ਿਲਮੀ ਤਰਜ਼ਾਂ ਭਗਤ ਜਨੌਂ,
ਆਥਣ,ਤੜਕੇਸਾਰ ਇਹ ਚਿੜੀਆਂ ਚੂਕਦੀਆਂ।
ਗੀਤਾਂ ਗਲ੍ਹ ਅੰਗੂਠਾ ਦੇ ਤਾਂ ਗਾਲਾਂ ਨੇ,
ਵਿਲਕੇ ਸੱਭਿਆਚਾਰ ਇਹ ਚਿੜੀਆਂ ਚੂਕਦੀਆਂ।
ਦਹਿਸ਼ਤ ਜਿਹੜੇ ਪਾਉਣ ਗੋਪੀਏ ਇਸ ਪਾਸੇ,
ਉਹੀਓ ਪਰਲੇ ਪਾਰ ਇਹ ਚਿੜੀਆਂ ਚੂਕਦੀਆਂ।
ਭਰਨੇ ਕੋਲੋਂ ਡਰ ਡਰ ਉਮਰ ਗੁਜ਼ਾਰ ਲਈ,
ਉਹ ਨ ਨਰ ਸੀ ਨ ਨਾਰ ਇਹ ਚਿੜੀਆਂ ਚੂਕਦੀਆਂ।
ਚਿੜੀਆਂ ਦੀ ਚੂੰ ਚੂੰ ‘ਪਰਦੇਸੀ’ ਕੌਣ ਸੁਣੇ,
ਬੋਲੀ ਹਰ ਸਰਕਾਰ ਇਹ ਚਿੜੀਆਂ ਚੂਕਦੀਆਂ।
35ਭ / 168 ਦਸ਼ਮੇਸ਼ ਨਗਰ, ਡਾਕ : ਦਕੋਹਾ, ਜਲੰਧਰ
ਈ ਮੇਲ – rajinder.pardesi7@gmail.com
ਮੋਬਾਇਲ +91 9780213351