ਰਜਨੀ ਵਾਲੀਆ
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ |
ਅਕਸਰ ਦੋਵੇਂ ਹੀ ਹੋਵਣ,
ਅਣਮੁੱਲੇ ਅਤੇ ਕੀਮਤੀ ਧੰਨ,
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ |
ਕਈਆਂ ਨਾਲ ਗੁਜਾਰੇ,
ਕਈ ਨੇ ਬਣਦੇ ਸਹਾਰੇ |
ਕਈ ਕੌਲ ਪੁਗਾਉਂਦੇ,
ਕਈ ਲਾਉਂਦੇ ਨੇ ਲਾਰੇ |
ਕੌਲ ਜਦ ਹੁ਼ੰਦੇ ਪੂਰੇ,
ਮਨ ਹੁੰਦਾ ਪ੍ਰਸੰਨ |
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ |
ਗਾਗਰ ਵਿੱਚ ਜਦ,
ਸਾਗਰ ਭਰਦਾ |
ਤਦ ਤਾਂ ਜਿੱਤ-ਜਿੱਤ,
ਮਨ ਵੀ ਹਰਦਾ |
ਉਹ ਵੀ ਮਹਿਲਾਂ ਵਰਗੀ,
ਜਾਪੇ ਭਾਵੇਂ ਸਿਰ ਤੇ ਹੋਵੇ ਛੰਨ |
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ |
ਕਈ ਚਾਨਣੀਆਂ ਰਾਤਾਂ,
ਕਈ ਕਾਲੇ ਸੇਹ ਹਨੇਰੇ |
ਸੁੱਖ ਦੇਣ ਵਾਲਿਆ ਵੇ,
ਜਾਵਾਂ ਸਦਕੇ ਮੈਂ ਤੇਰੇ |
ਤੂੰ ਮੰਨਦਾ ਏਂ ਮੇਰੀ ਤਾਂ,
ਹੀ ਲਵਾਂ ਮੈਂ ਤੇਰੀ ਮੰਨ |
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ |
ਜਿੰਨਾਂ ਕਰਕੇ ਡਰ ਨਹੀ,
ਲਗਦਾ ਡਰ ਨੂੰ ਜਿਹੜੇ ਮਾਰਨ |
ਲੱਗੀ ਥੀਂ ਜਿਤਾਵਣ ਖਾਤਿਰ,
ਆਪੇ ਹੀ ਬਾਜੀਆਂ ਹਾਰਨ |
ਤਿਰਪਾਲ ਵੀ ਚਾਹੇ ਸਿਰਤੋਂ,
ਜਾਵੇ ਰਹੇ ਨਾ ਭਾਵੇਂ ਛੰਨ |
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ |
ਕਈ ਵਾਰੀ ਤਾਂ ਜੀਅ ਕਰਦਾ,
ਕਰਕੇ ਬਹਿ ਜਾਵਾਂ ਇੱਕ ਪਾਸਾ |
ਸੁਰਗਾਂ ਜਈ ਕਿਲਕਾਰੀ ਉੱਤੋਂ,
ਵਾਰ ਦਿਆਂ ਮੈਂ ਆਪਣਾ ਹਾਸਾ |
ਕਈਆਂ ਨੂੰ ਤਾਂ ਵੇਖਦਿਆਂ,
ਹੀ ਚੜ ਜਾਂਦਾ ਏ ਚੰਨ |
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ |
ਸਿੱਖਣ ਨੂ਼ੰ ਕੁਝ ਮਿਲ ਜਾਵੇ,
ਤਾਂ ਰਜਨੀਏ ਕੁਝ ਸਿੱਖ ਲਈਏ |
ਕੁਝ ਪਾਵਣ ਦੀ ਖਾਤਿਰ ਜੇ,
ਕੁਝ ਦੇਣਾ ਪਵੇ ਤਾਂ ਦੇਈਏ |
ਪਰ ਸੋਚੀਏ ਸਮਝੀਏ ਦੁਨੀਆ,
ਉੱਤੇ ਲੱਕੜੀ ਵੰਨ-ਸੁਵੰਨ |
ਕਦੇ ਕਦੇ ਹੀ ਮਿਲਦੇ ਜਿੰਦੇ,
ਚੰਗੇ ਬੰਦੇ ਤੇ ਪਵਿੱਤਰ ਮਨ