ਅਸ਼ੋਕ ਵਰਮਾ
ਮਾਨਸਾ ,9 ਨਵੰਬਰ 2020: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਜਿਲ੍ਹੇ ’ਚ ਬਣਾਂਵਾਲੀ ’ਚ ਪ੍ਰਾਈਵੇਟ ਤਾਪ ਬਿਜਲੀ ਘਰ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਘਰਾਂ ਅੱਗੇ ਹਰ ਰੋਜ ਧਰਨੇ ਦੇਣ ਦੇ ਸੱਦੇ ਤਹਿਤ ਅੱਜ ਦੋਵਾਂ ਥਾਵਾਂ ਤੇ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ। ਜਥੇਬੰਦੀ ਵੱਲੋਂ ਮਾਨਸਾ ਸ਼ਹਿਰ ਵਿੱਚ ਮੁਜਾਹਰਾ ਕਰਕੇ ਬੀ.ਜੇ.ਪੀ. ਦੇ ਆਗੂ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਤੀਜੇ ਦਿਨ ਧਰਨਾ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇ ਲਾਏ। ਜਥੇਬੰਦੀ ਦੇ ਸੀਨੀਅਰ ਆਗੂ ਰਾਮ ਸਿੰਘ ਭੈਣੀਬਾਘਾ ਨੇ ਧਰਨੇ ਤੇ ਜੁੜੇ ਕਿਸਾਨਾਂ ਤੇ ਔਰਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਥੇਬੰਦੀ ਵੱਲ਼ੋਂ ਬੀ.ਜੇ.ਪੀ. ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਕਾਰਨ ਇੱਕ ਦਰਜਨ ਆਗੂ ਬੀ.ਜੇ.ਪੀ. ਨੂੰ ਛੱਡ ਚੁੱਕੇ ਹਨ।
ਉਹਨਾਂ ਕਿਹਾ ਕਿ ਸਾਬਕਾ ਮੰਤਰੀ ਭਾਜਪਾ ਆਗੂ ਸੁਰਜੀਤ ਜਿਆਣੀ ਸਮੇਤ ਕੁੱਝ ਹੋਰ ਆਗੂਆਂ ਨੂੰ ਕੇਂਦਰ ਸਰਕਾਰ ਦੇ ਖਿਲਾਫ ਬੋਲਣਾ ਪੈ ਰਿਹਾ ਹੈ ਜੋਕਿ ਕਿਸਾਨ ਸੰਘਰਸ਼ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਮੋਦੀ ਹਕੂਮਤ ਹੰਕਾਰ ਦਾ ਰਸਤਾ ਅਪਣਾ ਰਹੀ ਹੈ ਕਿਉਂਕਿ ਪੈਸੇ ਵਾਲੀ ਵੱਡੀ ਜਮਾਤ ਅਡਾਨੀ, ਅੰਬਾਨੀ ਵਰਗੇ ਇਸ ਦੀ ਪਿੱਠ ਥਾਪੜਦੇ ਹਨ । ਉਹਨਾਂ ਕਿਹਾ ਕਿ ਇਹ ਲੋਕ ਮੋਦੀ ਹਕੂਮਤ ਰਾਹੀ ਦੇਸ਼ ਦੇ ਸਮੁੱਚੇ ਕਾਰੋਬਾਰ ਤੇ ਕਬਜਾ ਕਰਨਾ ਚਾਹੁੰਦੇ ਹਨ ਜਿਸ ਨੂੰ ਪੰਜਾਬ ਅਤੇ ਦੇਸ਼ ਦੇ ਲੋਕ ਸਫਲ ਨਹੀਂ ਹੋਣ ਦੇਣਗੇ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਹਰਿੰਦਰ ਸਿੰਘ ਟੋਨੀ, ਭਾਨ ਸਿੰਘ ਬਰਨਾਲਾ ਨੇ ਵੀ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਚਾਹੇ ਜਿੰਨੀਆਂ ਮਰਜੀ ਕੁਰਬਾਨੀਆਂ ਕਰਨ ਕਾਲੇ ਕਾਨੂੰਨ ਰੱਦ ਕਰਵਾਏ ਜਾਣਗੇ।
ਓਧਰ ਜੱਥੇਬੰਦੀ ਵੱਲੋਂ ਬਣਾਂਵਾਲੀ ਥਰਮਲ ਅੱਗੇ ਵੀ ਅੱਜ ਧਰਨਾ ਜਾਰੀ ਰੱਖਿਆ ਗਿਆ । ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਸਰਕਾਰ ਨੇ ਜਥੇਬੰਦੀਆਂ ’ਤੇ ਬੇਲੋੜਾ ਦਬਾਅ ਪਾਕੇ ਮਾਲ ਤੇ ਸਵਾਰੀ ਗੱਡੀਆਂ ਨਾਲੋ-ਨਾਲ ਚਲਾਉਣ ਦੀ ਜੋ ਸਕੀਮ ਬਣਾਈ ਹੈ ਉਹ ਹੰਕਾਰੀ ਵਤੀਰੇ ਤੋਂ ਵੱਧ ਕੁੱਝ ਨਹੀਂ ਹੈ। ਉਹਨਾਂ ਆਖਿਆ ਕਿ ਕਿਸਾਨਾਂ ਨੇ ਕਾਲੇ ਕਾਨੂੰਨਾਂ ਦੀ ਵਾਪਿਸ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਰੇਲਵੇ ਨੇ ਮੋਦੀ ਸਰਕਾਰ ਦੇ ਦਬਾਅ ਹੇਠ ਆ ਕੇ ਪੰਜਾਬ ਦੇ ਲੋਕਾਂ ਨਾਲ ਅਜਿਹਾ ਬਦਲਾਲਊ ਰਵੱਈਆ ਜਾਰੀ ਰੱਖਿਆ ਤਾਂ ਸੰਘਰਸ਼ ਹੋਰ ਮਘਾਇਆ ਜਾਏਗਾ ਜਿਸ ਲਈ ਜਥੇਬੰਦੀਆਂ ਜਿੰਮੇਵਾਰ ਨਹੀਂ ਹੋਣਗੀਆਂ।
ਗੌਰਤਲਬ ਹੈ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਮਾਲ ਗੱਡੀਆਂ ਲਈ ਨਿੱਜੀ ਥਰਮਲ ਸਮੇਤ ਸਾਰੇ ਰੇਲਵੇ ਟਰੈਕ ਖਾਲੀ ਕਰ ਦਿੱਤੇ ਹਨ। ਇਸ ਦੇ ਉਲਟ ਮੋਦੀ ਸਰਕਾਰ ਮਾਲ ਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਚਲਾਉਣ ਤੇ ਅੜੀ ਹੋਈ ਹੈ ਜਿਸ ਕਰਕੇ ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਬਹਾਲ ਨਹੀਂ ਕੀਤੀ ਜਾ ਸਕੀ ਹੈ। ਇਸੇ ਤਰਾਂ ਹੀ ਪਿਛਲੇ ਕਰੀਬ ਦੋ ਹਫਤਿਆਂ ਨੂੰ ਬੰਦ ਪਿਆ ਬਣਾਂਵਾਲਾ ਥਰਮਲ ਪਲਾਂਟ ਵੀ ਚਾਲੂ ਨਹੀਂ ਕੀਤਾ ਜਾ ਸਕਿਆ ਹੈ। ਮਹੱਤਵਪੂਰਨ ਤੱਥ ਹੈ ਕਿ ਕੋਇਲਾ ਆਉਣ ਤੋਂ ਬਾਅਦ ਵੀ ਬਿਜਲੀ ਦੀ ਪੈਦਾਵਾਰ ਸ਼ੁਰੂ ਹੋਣ ’ਚ ਹਫਤਾ ਲੱਗੇਗਾ ਜੋ ਚਿੰਤਾਵਾਲੀ ਗੱਲ ਹੈ। ਇਸ ਮੌਕੇ ਉਤਮ ਸਿੰਘ, ਜਗਦੇਵ ਸਿੰਘ ਬਹਿਮਣ, ਜਸਵਿੰਦਰ ਕੌਰ ਝੇਰਿਆਂਵਾਲੀ, ਨਛੱਤਰ ਸਿੰਘ ਬਹਿਮਣ, ਮਲੀਕਤ ਸਿੰਘ ਕੋਟਧਰਮੂ ਨੇ ਵੀ ਸੰਬੋਧਨ ਕੀਤਾ।