1.5 C
United Kingdom
Saturday, March 7, 2026

More

    ‘ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ’ ਵਿਸ਼ੇ ਤੇ ਵੈਬਿਨਾਰ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ,9 ਨਵੰਬਰ2020: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਅਗਵਾਈ ਹੇਠ ‘ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ’ ਵਿਸ਼ੇ ਤੇ ਵੈਬੀਨਾਰ ਕਰਵਾਇਆ ਜੋ  ਨੌਵੇਂ ਸਿੱਖ ਗੁਰੂ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਵੈਬਿਨਾਰ ਲੜੀ ਦੇ ਹਿੱਸੇ ਵਜੋਂ ਸੀ। ਵੈਬਿਨਾਰ ਦੇ ਮੁੱਖ ਬੁਲਾਰੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਪ੍ਰੋ. ਜਗਬੀਰ ਸਿੰਘ ਸਨ। ਇਸ ਮੌਕੇ ਗੁਰੂ ਗੋਬਿੰਦ ਸਿੰਘ ਚੇਅਰ ਦੇ ਚੇਅਰ ਪ੍ਰੋਫੈਸਰ ਪ੍ਰੋ. ਹਰਪਾਲ ਸਿੰਘ ਪੰਨੂ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਮੁੱਖ ਬੁਲਾਰੇ ਬਾਰੇ  ਜਾਣ-ਪਛਾਣ ਕਾਰਵਾਈ। ਡਾ. ਲਖਵੀਰ ਲੇਜੀਆ ਨੇ ਪ੍ਰੋਗਰਾਮ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ।
                      ਮੁੱਖ ਬੁਲਾਰੇ ਪ੍ਰੋ. ਜਗਬੀਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ, ਉਹਨਾਂ ਦੀ  ਸ਼ਹਾਦਤ ਅਤੇ ਉਪਦੇਸ਼ਾਂ ਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਲਿਖਤਾਂ ਤੋਂ ਲਾਲਚ ਤੋਂ ਦੂਰ ਰਹਿਣ, ਸ਼ਾਂਤੀ ਦੇ ਰਾਹ ‘ਤੇ ਚੱਲਣ, ਕੁਦਰਤ-ਅਨੁਕੂਲ ਜੀਵਨ ਸ਼ੈਲੀ ਅਪਨਾਉਣ, ਨਿਡਰ ਆਚਰਣ ਬਨਾਉਣ, ਪ੍ਰਮਾਤਮਾ ’ਚ ਭਰੋਸਾ, ਆਪਣੇ ਮਨ ਨੂੰ ਕਾਬੂ ਕਰਨ ਅਤੇ ਜਿੰਦਗੀ ਦੇ ਮੁੱਖ ਉਦੇਸ਼ ‘ਮੁਕਤੀ’ ਦੀ ਪ੍ਰਾਪਤੀ ਦੀ ਸਿੱਖਿਆ ਮਿਲਦੀ ਹੈ। ਉਹਨਾਂ ਕਿਹਾ ਕਿ  ਗੁਰੂ ਜੀ ਦੀ ਬਾਣੀ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹੈ ਜੋਕਿ  ਇਹ ਬ੍ਰਹਮ ਜੀਵਨ ਜੀਉਣ ਦੇ ਮਾਰਗ ਤੇ ਚੱਲਣ ਲਈ ਪ੍ਰੇਰਣਾ ਦਿੰਦੀ ਹੈ। ਉਹਨਾਂ ਦੱਸਿਆ ਕਿ ਮੁਗਲਾਂ ਤੋਂ ਹਿੰਦੂ ਭਾਈਚਾਰੇ ਦੀ ਧਾਰਮਿਕ ਅਜਾਦੀ  ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਵਜੋਂ ਜਾਣਿਆ ਜਾਂਦਾ ਹੈ।
                             ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਭਾਰਤ ਵਿੱਚ ਸ਼ਾਂਤੀ, ਧਾਰਮਿਕ ਸਹਿਣਸ਼ੀਲਤਾ, ਕੌਮੀ  ਅਤੇ ਸੱਭਿਆਚਾਰਕ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਦਿੱਤੀ ਸੀ।ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਹਿੱਸਾ ਲੈਣ ਵਾਲਿਆਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਲਈ ਮੁੱਖ ਬੁਲਾਰੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਮਾਜ ਨੂੰ ਧਾਰਮਿਕ ਪਾੜੇ ਤੋਂ ਉਪਰ ਉੱਠਣ ਅਤੇ ਸ਼ਾਂਤੀ ਬਣਾ ਕੇ ਰੱਖਣ ਲਈ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ।  ਅੰਤ ਵਿੱਚ ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ ਨੇ ਵੈਬਿਨਾਰ ਦੌਰਾਨ ਮੌਜੂਦ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾਇਰੈਕਟਰ ਪ੍ਰੋ. ਐਸ.ਕੇ. ਬਾਵਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਵੀ.ਕੇ. ਗਰਗ, ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸਿਰੀਕਾ ਅਤੇ  ਡੀਨ ਰਿਸਰਚ ਪ੍ਰੋ. ਅੰਜਨਾ ਮੁੰਸ਼ੀ, ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!