ਬਰੈਂਪਟਨ (ਬਲਜਿੰਦਰ ਸੇਖਾ)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਨੇਸ਼ਨ ਨੂੰ ਸੰਬੋਧਨ ਹੁੰਦਿਆਂ ਇੱਕ ਵਾਰ ਫਿਰ ਤੋਂ ਵੱਡਾ ਐਲਾਨ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਹੁਣ ਘੱਟ ਆਮਦਨ ਵਾਲੇ ਲੋਕ, ਮੌਸਮੀ ਕਾਮੇ ਅਤੇ ਜਿਨ੍ਹਾਂ ਦੇ ਈ.ਆਈ. ਲਾਭ ਹਾਲ ਵਿੱਚ ਹੀ ਬੰਦ ਹੋਏ ਹਨ, ਹੁਣ ਇਹ ਲੋਕ ਵੀ ਸੀ.ਈ.ਆਰ.ਬੀ. ਪ੍ਰੋਗਰਾਮ ਦਾ ਲਾਭ ਲੈ ਸਕਣਗੇ।ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਆਮਦਨ ਕੋਵਿਡ-19 ਕਰਕੇ $1000 ਪ੍ਰਤੀ ਮਹੀਨਾ ਤੋਂ ਘੱਟ ਰਹਿ ਗਈ ਹੈ, ਹੁਣ ਉਹ ਲੋਕ ਇਸ ਪ੍ਰੋਗਰਾਮ ਲਈ ਯੋਗ ਹੋਣਗੇ।ਜਿਨ੍ਹਾਂ ਲੋਕਾਂ ਨੂੰ 1 ਜਨਵਰੀ ਤੋਂ ਬਾਅਦ ਈ.ਆਈ. ਬੈਨਿਫ਼ਿਟ ਮਿਲਣੇ ਬੰਦ ਹੋਏ ਹਨ, ਹੁਣ ਉਹ ਵੀ ਯੋਗ ਹੋਣਗੇ।
ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿਹਾ ਕਿ ਉਹ ਪ੍ਰੀਮੀਅਰਾਂ ਨਾਲ ਮਿਲਕੇ $2500 ਪ੍ਰਤੀ ਮਹੀਨਾ ਤੋਂ ਘੱਟ ਆਮਦਨ ਵਾਲੇ ਲਾਂਗ ਟਰਮ ਕੇਅਰ ਸੈਂਟਰ ਕਰਮਚਾਰੀਆਂ ਵਰਗੇ ਅਸੈਂਸ਼ਿਅਲ ਵਰਕਰਾਂ ਦੀ ਆਮਦਨ ਵਧਾਉਣ ਲਈ ਕਾਰਵਾਈ ਕਰਨਗੇ।ਉਨ੍ਹਾਂ ਕਿਹਾ ਕਿ ਮੈਂ ਕੈਨੇਡਾ ਵਿੱਚ ਜਿੰਨੇ ਵੀ ਲੋਕ ਇਸ ਵਕਤ ਤੰਗੀ ਦਾ ਸਾਹਮਣਾ ਕਰ ਰਹੇ ਹਨ ਉਨ੍ਹਾਂ ਦੇ ਨਾਲ ਹਾਂ ਅਤੇ ਉਨ੍ਹਾਂ ਦੀ ਸਥਿਤੀ ਨੂੰ ਨੇੜਿਓਂ ਸਮਝ ਸਕਦਾ ਹਾਂ । ਉਨ੍ਹਾਂ ਇਹ ਵੀ ਆਖਿਆ ਕਿ ਸਾਰੇ ਲੋਕ ਇਸ ਗੱਲ ਦੀ ਚਿੰਤਾ ਕਰ ਰਹੇ ਹਨ ਕਿ ਅਸੀਂ ਕਦੋਂ ਕਰੋਨਾ ਨੂੰ ਮਾਤ ਦੇ ਸਕਾਂਗੇ ਉਨ੍ਹਾਂ ਕਿਹਾ ਕਿ ਜਿੰਨਾ ਹੋ ਸਕੇ ਆਪਣੇ ਘਰਾਂ ਵਿੱਚ ਰਹੋ,ਸਿਹਤ ਅਧਿਕਾਰੀਆਂ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ਅਤੇ ਜੇਕਰ ਘਰ ਤੋਂ ਬਾਹਰ ਜਾਣਾ ਵੀ ਪੈਂਦਾ ਹੈ ਤਾਂ ਉਚਿਤ ਦੂਰੀ ਬਣਾ ਕੇ ਰੱਖੋ।