ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ), 3 ਨਵੰਬਰ 2020
ਕੈਲੀਫੋਰਨੀਆਂ ਦੀਆਂ ਜੰਗਲੀ ਅੱਗਾਂ ਵਿੱਚ ਹੋਏ ਨੁਕਸਾਨ ਲਈ ਇੱਥੋਂ ਦੀਆਂ ਬਿਜਲੀ ਕੰਪਨੀਆਂ ਵੀ ਜਿੰਮੇਵਾਰ ਹਨ। ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ ਰਾਜ ਵਿੱਚ ਬਿਜ਼ਲੀ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਮੋਹਰੀ ਹੈ ਪਰ ਜੰਗਲੀ ਅੱਗਾਂ ਵਿੱਚ ਹੋਏ ਨੁਕਸਾਨ ਵਿੱਚ ਇਸ ਕੰਪਨੀ ਤੇ ਵੀ ਉਂਗਲੀ ਉੱਠਦੀ ਹੈ। 2017 ਅਤੇ 2018 ਦੀ ਜੰਗਲੀ ਅੱਗ ਦੇ ਪੀੜਤਾਂ ਨੇ ਉਹਨਾਂ ਦੇ ਨੁਕਸਾਨ ਲਈ ਪੀ ਜੀ ਐਂਡ ਈ ਨੂੰ ਜਿੰਮੇਵਾਰ ਠਹਿਰਾਇਆ ਸੀ ਅਤੇ ਆਪਣੀ ਭਰਭਾਈ ਦੀ ਮੰਗ ਕੀਤੀ ਸੀ।ਉਹਨਾਂ ਪੀੜਿਤਾਂ ਨੂੰ ਇਸ ਮਹੀਨੇ ਹਰੇਕ ਨੂੰ 25,000 ਡਾਲਰ ਦੀ ਮੁੱਢਲੀ ਰਾਸ਼ੀ ਮਿਲਣ ਦੀ ਉਮੀਦ ਹੈ। ਕੰਪਨੀ ਦੇ ਜੰਗਲੀ ਅੱਗ ਦੇ ਦਾਅਵਿਆਂ ਦਾ ਭੁਗਤਾਨ ਕਰਨ ਲਈ ਸਥਾਪਤ ਕੀਤੇ ਗਏ ਪੀ ਜੀ ਐਂਡ ਈ ਫਾਇਰ ਵਿਕਟਿਮ ਟਰੱਸਟ ਨੇ ਸੋਮਵਾਰ ਦੇਰ ਰਾਤ ਤੱਕ ਐਲਾਨ ਕੀਤਾ ਕਿ ਪੀੜਿਤਾਂ ਨੂੰ 23 ਨਵੰਬਰ ਤੱਕ ਭੁਗਤਾਨ ਕਰਨ ਦੀ ਉਮੀਦ ਹੈ।
ਇਸ ਮਾਮਲੇ ਸੰਬੰਧੀ ਟਰੱਸਟ ਨੇ ਦੱਸਿਆ ਕਿ ਉਹ 2017 ਦੇ ਵਾਈਨ ਕੰਟਰੀ ਅਤੇ 2018 ਦੇ ਕੈਂਪ ਫਾਇਰ ਦੇ 80,000 ਅੱਗ ਪੀੜਿਤਾਂ ਨੂੰ ਲਗਭੱਗ 13.5 ਬਿਲੀਅਨ ਡਾਲਰ ਦੀ ਵੰਡ ਕਰੇਗੀ। ਪੀ ਜੀ ਐਂਡ ਈ ਨੂੰ ਇਹਨਾਂ ਅੱਗਾਂ ਵਿੱਚ ਹੋਏ ਨੁਕਸਾਨ ਦਾ ਦੋਸ਼ੀ ਮੰਨਿਆ ਮੰਨਿਆ ਗਿਆ ਸੀ ਜਿਸ ਵਿੱਚ 85 ਲੋਕ ਮਾਰੇ ਗਏ ਸਨ। ਅੱਗ ਦੇ ਪੀੜਿਤਾਂ ਨੂੰ ਭੁਗਤਾਨ ਪ੍ਰਾਪਤ ਕਰਨ ਲਈ ਟਰੱਸਟ ਦੀ ਵੈਬਸਾਈਟ ਤੇ 31 ਦਸੰਬਰ ਤੱਕ ਦਾਅਵੇ ਦਾਇਰ ਕਰਨੇ ਜਰੂਰੀ ਹਨ, ਭਾਵੇਂ ਕਿ ਉਹਨਾਂ ਨੇ ਪਹਿਲਾਂ ਹੀ ਅਦਾਲਤ ਵਿੱਚ ਦਾਅਵਾ ਪੇਸ਼ ਕਰ ਦਿੱਤਾ ਹੋਵੇ।ਟਰੱਸਟ ਦੇ ਪ੍ਰਬੰਧਕ ਕੈਥੀ ਯਾਂਨੀ ਅਨੁਸਾਰ ਉਹ ਹਰ ਦਾਅਵੇ ਦੀ ਕੇਸ ਦੇ ਅਧਾਰ ਤੇ ਸਮੀਖਿਆ ਕਰਨ ਜਾ ਰਹੇ ਹਨ ਤਾਂ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬੇਨਤੀ ਕਰਤਾ 25,000 ਡਾਲਰ ਦੀ ਅਦਾਇਗੀ ਦੇ ਯੋਗ ਹੈ ਵੀ ਜਾਂ ਨਹੀਂ। ਇਸ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ ਤਾਂ ਕਿ ਹਰ ਕਿਸੇ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ।