ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ) 2 ਨਵੰਬਰ 2020
ਅਮਰੀਕਨ ਟਰੱਕਿੰਗ ਭਾਈਚਾਰੇ ਵਿੱਚ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਦੁਰਘਟਨਾਵਾਂ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਹਿਲਾਕੇ ਰੱਖ ਦਿੱਤਾ ਹੈ। ਕੁਝ ਕੁ ਮਹੀਨੇ ਪਹਿਲਾ ਫਰਿਜ਼ਨੋ ਕੈਲੇਫੋਰਨੀਆਂ ਦੇ ਦੋ ਪੰਜਾਬੀ ਮੁੰਡੇ ਵੱਖ ਵੱਖ ਟਰੱਕ ਐਕਸੀਡੈਂਟਾਂ ਵਿੱਚ ਟਰੱਕਾਂ ਵਿੱਚ ਜਿਉਂਦੇ ਸੜਕੇ ਇਸ ਫ਼ਾਨੀ ਦੁਨੀਆਂ ਤੋ ਸਦਾ ਲਈ ਕੂਚ ਕਰ ਗਏ ਸਨ, ਹੁਣ ਫੇਰ ਅਮਰੀਕਾ ਦੀ ਟੈਕਸਾਸ ਸਟੇਟ ਤੋ ਬੜੀ ਮਾੜੀ ਖ਼ਬਰ ਸੁਣਨ ਨੂੰ ਮਿਲੀ ਕਿ ਬੇਕਰਸਫੀਲਡ ਨਿਵਾਸੀ ਸਰਬਜੀਤ ਸਿੰਘ ਉਮਰ ਤਕਰੀਬਨ 23 ਸਾਲ ਟਰੱਕ ਐਕਸੀਡੈਂਟ ਵਿੱਚ ਆਪਣੀ ਜਾਨ ਗਵਾ ਬੈਠਾ। ਜਾਣਕਾਰੀ ਮੁਤਾਬਿਕ ਐਂਤਵਾਰ ਰਾਤੀਂ ਕਰੀਬ ਢਾਈ ਕੁ ਵਜੇ ਨੀਂਦਰੇ ਕਾਰਨ ਫਰੀਵੇਅ ਚਾਲੀ (I-40) ਈਸਟ ਬਾਂਡ ਐਡਰੀਅਨ ਟੈਕਸਾਸ ਵਿੱਚ ਰਿਸਟ-ਏਰੀਏ ਵਿੱਚ ਖੜੇ ਟਰੱਕ ਵਿੱਚ ਸਰਬਜੀਤ ਦਾ ਪਿੱਛੋਂ ਟਰੱਕ ਵੱਜਿਆ ‘ਤੇ ਟਰੱਕ ਬੁਰੀ ਤਰਾਂ ਨਾਲ ਨੁਕਸਾਨਿਆ ਗਿਆ ‘ਤੇ ਮੁੰਡੇ ਦੀ ਥਾਂਏ ਮੌਤ ਹੋ ਗਈ। ਸਵ. ਸਰਬਜੀਤ ਸਿੰਘ ਦਾ ਪਿਛਲਾ ਪਿੰਡ ਧਰਮਕੋਟ ਜ਼ਿਲ੍ਹਾ ਮੋਗਾ ਨਾਲ ਸਬੰਧਤ ਹੈ। ਸੁਣਨ ਵਿੱਚ ਆਇਆ ਹੈ ਕਿ ਹਾਲੇ ਤਿੰਨ ਕੁ ਮਹੀਨੇ ਪਹਿਲਾ ਹੀ ਇਸ ਦਾ ਵਿਆਹ ਹੋਇਆ ਸੀ। ਪੁਲਿਸ ਐਕਸੀਡੈਂਟ ਦੀ ਜਾਂਚ ਕਰ ਰਹੀ ਹੈ। ਇਸ ਦੁਖਦਾਇਕ ਘਟਨਾਂ ਕਾਰਨ ਕੈਲੀਫੋਰਨੀਆਂ ਦਾ ਟਰੱਕਿੰਗ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ।