10.9 C
United Kingdom
Sunday, September 6, 2026

More

    ਮੱਥੇ ਦੀਆਂ ਲਕੀਰਾਂ

    ਰਜਨੀ ਵਾਲੀਆ
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |
    ਮਿਹਨਤ ਕਰਿਆਂ ਬਣ ਜਾਵਣ,
    ਸ਼ਾਹੂਕਾਰ ਤਕਦੀਰਾਂ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    ਜੇ ਪੈ ਜਾਵੇ ਭਾਰੀ ਕਿੱਧਰੇ,
    ਕਦੇ ਵੀ ਨਾ ਘਬਰਾਈਏ |
    ਸਿਰ ਧੜ ਦੀ ਲਾ ਦੇਈਏ ਉਦੋਂ,
    ਜਦ ਮੱਥਾ ਵੈਰੀ ਨਾਲ ਲਾਈਏ |
    ਜਿੱਤਣ ਜੰਗ ਚ ਓਈਓ ਬਾਜੀ਼,
    ਚੁੱਕਦੇ ਨੇ ਜੋ ਸ਼ਮਸੀ਼ਰਾਂ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    ਧੁੱਪਾਂ ਛਾਵਾਂ ਨੂੰ ਜਦ ਜੱਟ ਨੇਂ,
    ਪਿੰਡੇ ਉੱਤੇ ਹੰਢਾਇਆ |
    ਝੋਨਾ ਪੱਕਿਆ ਮੁੰਜਰ ਸੁਨਹਿਰੀ,
    ਉਹਨੇ ਰੀਝਾਂ ਨਾਲ ਝੰਬਵਾਇਆ |
    ਜੱਟ ਨੇ ਭਰਕੇ ਬੋਹਲ ਟਰਾਲੀ,
    ਦੇ ਵਿੱਚ ਘੱਤੀਆਂ ਜਦੋਂ ਵਹੀਰਾਂ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    ਹਾਸਿਲ ਕਰਨਾ ਹੋਵੇ ਜੇਕਰ,
    ਸਭ ਨੂੰ ਹਾਸਿਲ ਕਰਕੇ ਹੀ ਦੱਸੀਏ |
    ਲੱਖਾਂ ਆਵਣ ਔਕੜਾਂ ਭਾਵੇਂ,
    ਕਦੇ ਘਾਬਰੀਏ ਨਾ ਹੱਸੀਏ |
    ਸਦਾ ਹੀ ਸੁੱਖ ਪਾਇਆ ਏ ਜਿੰਦੇ,
    ਸਹਿ-ਸਹਿ ਕੇ ਦੁੱਖ ਸਰੀਰਾਂ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    ਉੱਚੇ ਅਹੁਦਿਆਂ ਉੱਤੇ ਬਹਿ ਕੇ,
    ਜੋ ਅਫਸਰ ਰਿਸ਼ਵਤ ਖਾਂਦੇ ਨੇਂ |
    ਪੋਰੀ-ਪੋਰੀ ਜੁੜੀ ਗਰੀਬ ਦੀ,
    ਖਾ ਕੇ ਨਰਕਾਂ ਨੂੰ ਜਾਂਦੇ ਨੇਂ |
    ਕੀ ਅਹਿਸਾਸ ਉਹਨਾਂ ਨੂੰ ਹੋਣਾ,
    ਵੇਚੀਆਂ ਨੇ ਜਿੰਨਾਂ ਜ਼ਮੀਰਾਂ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    ਸੰਘਰਸ਼ ਸਦਾ ਹੀ ਪੇਪਰ ਪਾਵੇ,
    ਤੇ ਬੰਦੇ ਨੂੰ ਦੇਣਾ ਪੈਂਦਾ ਏ |
    ਜੋ ਨਾ ਪਰਚਾ ਪਾਸ ਕਰੇ ਓ,
    ਰਾਹਾਂ ਦੇ ਵਿੱਚ ਹੀ ਰਹਿੰਦਾ ਏ |
    ਹਿੰਮਤੀ ਦੇ ਤਾਂ ਰਾਹਾਂ ਵਿੱਚ ,
    ਔਕੜਾਂ ਪਾਈਆਂ ਸਦਾ ਕਰੀਰਾਂ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    ਇਸ਼ਕ ਹਕੀਕੀ ਕਦੇ ਰਾਸ ਨਾ ਆਵੇ,
    ਇਸ ਰਾਹੇ ਰੱਬ ਨੂੰ ਪਾਉਣਾ ਔਖਾ |
    ਰੱਬ ਦੇ ਦਰ ਦਾ ਰਸਤਾ ਮੁਸ਼ਕਿਲ,
    ਇਸ਼ਕੇ ਵਿੱਚ ਮਿਲਦਾ ਸਭਨੂੰ ਧੋਖਾ |
    ਆਈਆਂ ਸੀ ਕਈ ਰੱਬੀ ਰੂਹਾਂ,
    ਇਸ ਰਾਹੇ ਰੁਲ ਗਈਆਂ ਕਈ ਹੀਰਾਂ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    ਧੰਨੇ ਜੱਟ ਦਾ ਇਸ਼ਕ ਹਕੀਕੀ,
    ਉਸਨੇ ਪੱਥਰ ਨਾਲ ਸੀ ਲਾਈ |
    ਪਰਵਾਨ ਹੋਇਆ ਉਹਦਾ ਇਸ਼ਕ,
    ਹਕੀਕੀ ਪ੍ਰਗਟਿਆ ਉਹਦੀ ਵਡਿਆਈ |
    ਰਜਨੀ ਬੁੱਲਾ ਨੱਚਿਆ ਤੇ ਨੱਚੀ,
    ਸੀ ਏਥੇ ਘੂੰਗਰੂ ਪਾ ਕੇ ਮੀਰਾ |
    ਤੇਰੀਆਂ ਮੇਰੀਆਂ ਅੱਡੋ-ਅੱਡਰੀਆਂ,
    ਮੱਥੇ ਦੀਆਂ ਲਕੀਰਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!