7.5 C
United Kingdom
Sunday, March 8, 2026

More

    ਅਫਸਰਾਂ ਦੇ ਅਵੇਸਲੇਪਣ ਕਾਰਨ ਡੇਂਗੂ ਨੇ ਡੰਗਿਆ ਬਠਿੰਡਾ ਜਿਲ੍ਹਾ

    ਮਰੀਜਾਂ ਦਾ ਅੰਕੜਾ 4 ਸੌ ਵੱਲ ਵਧਿਆ
    ਅਸ਼ੋਕ ਵਰਮਾ
    ਬਠਿੰਡਾ,1 ਨਵੰਬਰ। ਬਠਿੰਡਾ ਪੱਟੀ ਵਿੱਚ ਅਧਿਕਾਰੀਆਂ ਦੇ ਅਵੇਸਲੇਪਣ ਕਾਰਨ ਸ਼ਹਿਰੀ ਜ਼ਿੰਦਗੀ ਨੂੰ ਡੇਂਗੂ ਨੇ ਡੰਗ ਮਾਰਿਆ ਹੈ ਜਦੋਂਕਿ ਪਿੰਡਾਂ  ’ਚ  ਇਸ ਮਰਜ਼ ਤੋਂ ਕਿਸੇ ਹੱਦ ਤੱਕ ਬਚਾਅ ਹੈ।  ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ ਕਰੀਬ 400 ਮਰੀਜ਼ ਡੇਂਗੂ ਪਾਜ਼ਿਟਵ ਪਾਏ ਗਏ ਹਨ ਜਿਹਨਾਂ ਚੋਂ ਪੰਜ ਦਰਜਨ ਮਰੀਜਾਂ ਦਾ ਸਬੰਧ ਪੇਂਡੂ ਖੇਤਰਾਂ ਨਾਲ ਸਬੰਧ ਹੈ ਜਦੋਂਕਿ ਸ਼ੱਕੀ ਮਰੀਜ ਇਸ ਤੋਂ ਵੱਖਰੇ ਹਨ। ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਇਹ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਵੱਡੀ ਗੱਲ ਹੈ ਕਿ ਪ੍ਰਾਈਵੇਟ ਹਸਪਤਾਲਾਂ ਦੇ ਖਰਚਿਆਂ ਨੇ ਆਮ ਲੋਕਾਂ ਨੂੰ ਸਰਕਾਰੀ ਹਸਪਤਾਲ ਦੇ ਲੜ ਲਾ ਦਿੱਤਾ ਹੈ ਜਿੱਥੇ ਲੋਕ ਡੇਂਗੂ ਦੇ ਇਲਾਜ ਲਈ ਭਟਕਦੇ ਫਿਰ ਰਹੇ ਹਨ।  
                                ਸੂਤਰ ਦੱਸਦੇ ਹਨ ਕਿ ਦੋ ਮਹੀਨੇ ਪਹਿਲਾਂ ਹੀ ਡੇਂਗੂ ਦੇ ਲੱਛਣ ਸਾਹਮਣੇ ਆਏ ਸਨ ਪਰ ਸਿਹਤ ਵਿਭਾਗ ਬਠਿੰਡਾ ’ਚ ਇਸ ਕੰਮ ਲਈ ਜਿੰਮੇਵਾਰ ਅਧਿਕਾਰੀ ਹੱਥ ਤੇ ਹੱਥ ਧਰ ਕੇ ਬੈਠੇ ਰਹੇ।  ਹੁਣ ਵੀ ਇਹੋ ਹਾਲ ਹੈ ਕਿ ਅਧਿਕਾਰੀਆਂ ਵੱਲੋਂ ਦਫਤਰ ’ਚ ਬੈਠ ਕੇ ‘ਗੋਂਗਲੂਆਂ ਤੋਂ ਮਿੱਟੀ’ ਝਾੜੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਥਿਤੀ ਨਾਂ ਸੰਭਾਲੀ ਤਾਂ ਆਉਣ ਵਾਲੇ ਦਿਨਾਂ ਦੌਰਾਨ ਡੇਂਗੂ ਦਾ ਪੱਧਰ ਖਤਰਨਾਕ ਹੱਦ ਤੱਕ ਜਾ ਸਕਦਾ ਹੈ। ਦੂਜੇ ਪਾਸੇ ਲਾਰਵਾ ਟੀਮਾਂ ਲਈ ਸਿਹਤ ਵਿਭਾਗ ਦਾ ਖੀਸਾ ਖਾਲੀ ਹੈ। ਇੱਕ ਮੁਲਾਜਮ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਹਨਾਂ ਨੂੰ ਬਿਨਾਂ ਹਥਿਆਰਾਂ ਤੋਂ ਲੜਾਈ ਲੜਨ ਲਈ ਕਿਹਾ ਜਾ ਰਿਹਾ ਹੈ।
                            ਉਹਨਾਂ ਆਖਿਆ ਕਿ ਉਹਨਾਂ ਨੂੰ ਤਾਂ ਮਿੱਟੀ ਦੇ ਤੇਲ ਖਾਤਰ ਮੁਸ਼ੱਕਤ ਕਰਨੀ ਪੈ ਰਹੀ ਹੈ ਬਾਕੀ ਚੀਜ਼ਾਂ ਤਾਂ ਇੱਕ ਪਾਸੇ ਹਨ। ਹਾਲਾਂਕਿ  ਪਿਛਲੇ ਕੁਝ ਦਿਨਾਂ ਦੌਰਾਨ ਗਰਮ ਮੌਸਮ ‘ਚ ਪਰਤੀ ਠੰਢਕ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ ਹੈ ਪਰ ਡੇਂਗੂ ਬੁਰੀ ਤਰਾਂ ਡੰਗਣ ਲੱਗਿਆ ਹੈ। ਸਿਹਤ ਮਾਹਿਰ ਆਖਦੇ ਹਨ ਕਿ ਜੇ ਮੀਂਹ ਪਿਆ ਤਾਂ ਪਾਣੀ ਕਾਰਨ ਮੁਸ਼ਕਲਾਂ ਵਧ ਸਕਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਸ਼ ਡੇਂਗੂ ਦੇ ਮੱਛਰਾਂ ਦੀ ਪੈਦਾਇਸ਼ ਵਧਾ ਦਿੰਦੀ ਹੈ ਜਿਸ ਨਾਲ ਮਲੇਰੀਆ,ਡੇਂਗੂ ਤੇ ਚਿਕਨਗੁਨੀਆਂ ਫੈਲਣ ਦੇ ਮੌਕੇ ਵਧ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ਹਿਰੀਆਂ ਦੇ ਅਵੇਸਲਾਪਣ ਕਾਰਨ ਵੀ ਬੀਮਾਰੀ ਵਧ ਰਹੀ ਹੈ।
                               ਸਿਹਤ ਵਿਭਾਗ ਕੋਲ ਪਿਛਲੇ ਵਰਿਆਂ ਦੌਰਾਨ ਮਿਲੇ ਡੇਂਗੂ ਦੇ ਮਾਮਲਿਆਂ ਦਾ ਆਬਾਦੀ ਅਤੇ ਖੇਤਰਾਂ ਦੇ ਅਧਾਰ ਨਕਸ਼ਾ ਮੌਜੂਦ ਹੈ ਪਰ ਹੋਰ ਥਾਵਾਂ ਤੇ ਕਿਹੋ ਜਿਹੀ ਸਥਿਤੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ  ਹੈ।  ਹੁਣ ਤਾਂ ਮਰੀਜ ਵੀ ਆਖਣ ਲੱਗੇ ਹਨ ਕਿ ਡੇਂਗੂ ਦੇ ਮਰੀਜਾਂ ਨੂੰ ਅਣਗੌਲਿਆ ਕਰਕੇ ਅਫਸਰ ਲੰਮੀਆਂ ਤਾਣ ਕੇ ਸੁੱਤੇ ਪਏ ਹਨ। ਓਧਰ ਡੇਂਗੂ ਦੀ ਤਸਦੀਕ ਲਈ ਇਹ ਕਾਫੀ ਹੈ ਕਿ ਇਹਨਾਂ  ਦਿਨਾਂ  ਵਿਚ ਖੂਨਦਾਨੀਆਂ  ਦੀ ਪੁੱਛਗਿੱਛ ਕਾਫੀ ਵਧ ਗਈ ਹੈ ਕਿਉਂਕਿ ਡੇਂਗੂ ਦੀ ਮਾਰ ਪੈਂਦਿਆਂ ਹੀ ਖੂਨ ਦੀ ਜਰੂਰਤ ਪੈਣ ਲੱਗਦੀ ਹੈ । ਸਮਾਜਸੇਵੀ ਸੰਸਥਾਵਾਂ ਦੀਆਂ ਫੌਗਿੰਗ ਮਸ਼ੀਨਾਂ  ਦੀ ਘੂਕ ਸ਼ਹਿਰੀ ਖਿੱਤੇ ਵਿੱਚ ਪੈ ਰਹੀ ਹੈ ਪਰ ਸਰਕਾਰੀ ਚੁੱਪ ਹਨ। ਪੇਂਡੂ ਜ਼ਿੰਦਗੀ ਫਿਲਹਾਲ ਫਾਗਿੰਗ ਦੇ ਕੰਮ ਤੋਂ ਲਾਂਭੇ  ਹੈ ।
                  ਬਾਹਰ ਆਕੇ ਹਕੀਕਤ ਦੇਖਣ ਅਫਸਰ:ਸ਼ਰਮਾ
    ਸਹਿਯੋਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਸਮੇਂ ਸਿਰ ਕਾਰਵਾਈ ਕਰਦਾ ਤਾਂ ਸਥਿਤੀ ਤਿਲਕਣੀ ਹੀ ਨਹੀਂ ਸੀ। ਉਹਨਾਂ ਕਿਹਾ ਕਿ ਅਧਿਕਾਰੀ ਬੰਦ ਕਮਰਿਆਂ ’ਚ ਬੈਠਣ ਦੀ ਬਜਾਏ ਬਾਹਰ ਆਕੇ ਹਕੀਕਤ ਪਛਾਨਣ ਅਤੇ ਡੇਂਗੂ ਤੇ ਕਾਬੂ ਪਾਉਣ ਲਈ ਯਤਨ ਹੋਰ ਵੀ ਤੇਜ ਕਰਨ। ਉਨਾਂ ਆਖਿਆ ਕਿ ਜੇ ਅਵੇਸਲਾਪਣ ਜਾਰੀ ਰਿਹਾ ਤਾਂ ਡੇਂਗੂ ਦਾ ਡੰਗ ਲਗਾਤਾਰ ਵਧਦਾ ਜਾਏਗਾ ਜਿਸ ਨੂੰ ਕਾਬੂ ’ਚ ਲਿਆਉਣਾ ਔਖਾ ਹੋ ਜਾਣਾ ਹੈ।
                          ਮੈਕਲਾਂਜਾ ਟੈਸਟ ਨਾਲ ਪੁਸ਼ਟੀ
    ਸਿਹਤ ਵਿਭਾਗ ‘ਚ ਉਹਨਾਂ ਮਰੀਜਾਂ ਨੂੰ ਡੇਂਗੂ ਪਾਜ਼ਿਟਿਵ ਮੰਨਦਾ ਹੈ ਜਿਹਨਾਂ ਦਾ ਮੈਕਲਾਂਜ਼ਾ ਟੈਸਟ ਪਾਜ਼ਿਟਿਵ ਆਉਂਦਾ ਹੈ । ਇਹ ਟੈਸਟ ਹਸਪਤਾਲ ‘ਚ ਮੁਫਤ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ ਅਤੇ ਸਾਫ਼ ਪਾਣੀ ਵਿੱਚ ਪਲਦਾ ਹੈ । ਇਸੇ ਕਰਕੇ ਸਿਹਤ ਵਿਭਾਗ ਆਮ ਲੋਕਾਂ  ਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵਧੇਰੇ ਚੌਕਸੀ ਨਾਲ ਸਫਾਈ ਰੱਖਣ ਤੋਂ ਜਾਗਰੂਕ ਕਰਦਾ ਹੈ। ਅਧਿਕਾਰੀ ਆਮ ਲੋਕਾਂ ਨੂੰ ਫੌਗਿੰਗ ਦੌਰਾਨ ਘਰਾਂ ਦੀਆਂ ਖਿੜਕੀਆਂ ਤੇ ਹੋਰ ਰਸਤੇ ਖੁੱਲ੍ਹੇ ਰੱਖਣ ਦੀ ਅਪੀਲ ਕਰਦੇ ਹਨ ਤਾਂ ਕਿ ਦਵਾਈ ਦਾ ਵਿਆਪਕ ਅਸਰ ਹੋ ਸਕੇ ।
                 ਸਿਹਤ ਵਿਭਾਗ ਗੰਭੀਰ:ਸਿਵਲ ਸਰਜਨ
    ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦਾ ਕਹਿਣਾ ਹੈ  ਸਥਿਤੀ ਨਾਲ ਨਿਪਟਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਡੇਂਗੂ ਦੇ ਟੈਸਟ ਤੇ ਇਲਾਜ ਦੀ ਸਹੂਲਤ ਮੁਫਤ ਹੈ  ਅਤੇ ਹਸਪਤਾਲ ਵਿੱਚ ਵਿਸ਼ੇਸ਼ ਡੇਂਗੂ ਵਾਰਡ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ  ਡੇਂਗੂ ਦਾ ਇਸ ਵੇਲੇ ਪੀਕ ਸੀਜ਼ਨ ਹੈ ਜਿਸ ਲਈ ਆਮ  ਲੋਕ ਵੀ ਕਸੂਰਵਾਰ ਹਨ ਜੋ ਫਰਿੱਜ, ਕੂਲਰ ਅਤੇ ਗਮਲਿਆਂ ਆਦਿ ਦੇ ਪਾਣੀ ਨੂੰ ਪੂਰੀ ਤਰਾਂ ਸਾਫ ਨਹੀਂ ਕਰਦੇ ਹਨ । ਉਹਨਾਂ ਕਿਹਾ ਕਿ ਜੇਕਰ ਲੋਕਾਂ ਦਾ ਸਹਿਯੋਗ ਮਿਲੇ ਤਾਂ ਖਤਮ ਨਾਂ ਸਹੀ ਖਤਰਾ ਘਟਾਇਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!