ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਇੱਕ ਚਿੜੀਆਘਰ ਦੇ ਸਾਬਕਾ ਕਾਮੇ ਨੇ ਆਪਣੀ ਹੀ ਪੁਰਾਣੀ ਕੰਮ ਵਾਲੀ ਥਾਂ ਤੋਂ ਲਗਭੱਗ 25,000 ਪੌਂਡ ਦੇ ਦੋ ਪੈਂਗੁਇਨ ਅਤੇ 12 ਸਪੂਨਬਿਲ ਨਾਮ ਦੇ ਦੁਰਲੱਭ ਪੰਛੀ ਚੋਰੀ ਕੀਤੇ ਹਨ। 25 ਸਾਲਾ ਬ੍ਰੈਡਲੀ ਟੋਮਜ਼ ਨੂੰ ਸਜ਼ਾ ਸੁਣਾਉਂਦਿਆਂ ਜੱਜ ਬੇਵਰਲੇ ਲੂੰਟ ਨੇ ਕਿਹਾ ਕਿ ਉਸ ਨੂੰ ਫੇਸਬੁੱਕ ‘ਤੇ ਪੈਨਗੁਇਨ ਵੇਚਦੇ ਨੂੰ ਰੰਗੇ ਹੱਥੀਂ ਫੜਿਆ ਗਿਆ ਹੈ। ਇਸ ਮਾਮਲੇ ਵਿੱਚ ਦੋਸ਼ੀ ਟੋਮਜ਼ ਨੇ ਕੰਬਰੀਆ ਦੇ ਉਸ ਸਾਊਥ ਲੇਕਸ ਸਫਾਰੀ ਵਿਖੇ ਪੰਛੀਆਂ ਨੂੰ ਚੋਰੀ ਕੀਤਾ ਜਿੱਥੇ ਉਸਨੇ ਚਾਰ ਸਾਲ ਕੰਮ ਕੀਤਾ ਸੀ। ਜੱਜ ਅਨੁਸਾਰ ਪੰਛੀਆਂ ਨੂੰ ਬਰਾਮਦ ਕਰਨ ਲਈ ਉਸਦੇ ਘਰ ਜੁਲਾਈ ਅਤੇ ਅਕਤੂਬਰ 2018 ਵਿਚ ਛਾਪੇ ਵੀ ਮਾਰੇ ਗਏ ਸਨ ਪਰ ਉਸਨੇ ਉਨ੍ਹਾਂ ਨੂੰ ਆਪਣੇ ਚਾਚੇ ਦੀ ਜਾਇਦਾਦ ਵਿਚ ਰੱਖਿਆ ਸੀ। ਉਸ ਨੂੰ 16 ਜਨਵਰੀ, 2019 ਨੂੰ ਪੈਬਲੋ ਅਤੇ ਪੈਨੀ ਨਾਮ ਦੇ ਦੋ ਪੈਂਗੁਇਨਜ਼ ਨੂੰ ਖਰੀਦਦਾਰ ਦੇ ਘਰ ਪਹੁੰਚਾਉਣ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਸਮੇਂ ਉਸਨੇ ਸਾਰੇ ਮਾਮਲਿਆਂ ਤੋਂ ਇਨਕਾਰ ਕੀਤਾ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਇੱਕ ਪਸ਼ੂ ਵਪਾਰੀ ਸੀ। ਦੋਸ਼ੀ ਨੇ ਦਾਅਵਾ ਕੀਤਾ ਕਿ ਉਸਨੇ ਸਕਾਟਲੈਂਡ ਦੇ ਇੱਕ ਆਦਮੀ ਤੋਂ ਪੈਂਗੁਇਨ ਖਰੀਦੇ ਸਨ। ਪਰ ਪੈਂਗੁਇਨਜ਼ ਦੇ ਸਰੀਰ ‘ਚ ਮਾਈਕਰੋਚਿਪ ਫਿੱਟ ਕੀਤੇ ਹੋਣ ਕਰਕੇ ਉਹ ਚਿੜੀਆਘਰ ਵਿੱਚ ਟਰੈਕ ਕੀਤੇ ਗਏ। ਪ੍ਰੈਸਟਨ ਕੋਰਟ ਨੇ ਟੋਮਜ਼ ਨੂੰ ਸ਼ੁੱਕਰਵਾਰ ਨੂੰ ਦੋ ਸਾਲ ਅਤੇ ਅੱਠ ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਵਿਅਕਤੀ ਜਾਨਵਰਾਂ ਨੂੰ ਸੰਭਾਲਣ ਦਾ ਮਾਹਿਰ ਸੀ ਪਰ ਉਸਦੀ ਦਾਦੀ ਦੀ ਮੌਤ ਅਤੇ ਘਰੇਲੂ ਸਮੱਸਿਆਵਾਂ ਕਰਕੇ ਨਸ਼ਿਆਂ ਦਾ ਆਦੀ ਹੋ ਗਿਆ ਸੀ।