10.8 C
United Kingdom
Wednesday, May 8, 2024

More

    ਨਾਵਲ- ਬੇਨਾਮ ਰਿਸ਼ਤੇ (ਕਾਂਡ 2) ਪ੍ਰਕਾਸ਼ ਸੋਹਲ

    ਰੁਖ਼ਸਾਨਾ

    ਇਹ ਦਿਨ, ਇਹ ਤਾਰੀਖ਼ ਉਹ ਕਦੇ ਵੀ ਭੁਲਾ ਨਹੀਂ ਸੀ ਸਕੀ, ਉਸਦੇ ਪਰਿਵਾਰ ਦੀ ਜ਼ਿੰਦਗੀ ਵਿਚ ਬਹੁਤ ਵੱਡਾ ਮੋੜ ਆਇਆ ਸੀ।
    ਸੱਤਾਂ ਸਾਲਾਂ ਦੀ ਰੁਖ਼ਸਾਨਾ ਤੇ ਉਸਤੋਂ ਸਾਲ ਕੁ ਵੱਡੀ ਉਸਦੀ ਬਾਜੀ ਰਾਵੀਆ, ਆਪਣੀ ਅੰਮੀ ਦੇ ਨਾਲ ਲਾਹੌਰੋਂ ਚੱਲ ਕੇ, ਕ੍ਰਿਸਮਸ ਤੋਂ ਦੋ ਦਿਨ ਬਾਦ, ਠਰੇ ਠਰੇ ਲੰਡਨ ਦੇ ਹੀਥਰੋ ਏਅਰਪੋਰਟ ਤੇ ਥੱਕੀਆਂ, ਲੇਕਿਨ ਬੜੇ ਹੀ ਉਤਸ਼ਾਹ ਨਾਲ ਪਹੁੰਚ ਗਈਆਂ ਸਨ। ਚਾਰ ਚੁਫ਼ੇਰੇ ਚਿੱਟੀ ਕੋਰੀ ਚਾਦਰ ਵਾਂਗ ਵਿਛੀ ਹੋਈ ਬਰਫ਼ ਤੇ ਬਿਜਲੀ ਦੇ ਖੰਬਿਆਂ ਨਾਲ ਲਟਕਦੀਆਂ ਸੰਤਰੀ ਰੰਗ ਦੀ ਭੈਅ ਮਾਰਦੀਆਂ ਲਾਈਟਾਂ ਨੇ ਰੁਖ਼ਸਾਨਾ ਦਾ ਮਨ ਮੋਹ ਲਿਆ ਸੀ। ਲੰਡਨ ਬਾਰੇ ਉਸ ਕਹਾਣੀਆਂ ਸੁਣੀਆਂ ਸਨ ਤੇ ਹੁਣ ਉਹ ਆਪਣੇ ਆਪ ਨੂੰ ਬਹਿਸ਼ਤ ਵਿਚ ਆ ਗਈ, ਮਹਿਸੂਸ ਕਰਦੀ ਸੀ। ਏਥੇ ਆ ਕੇ ਬਕਾਦਗ਼ੀ ਨਾਲ ਉਸਨੂੰ ਤੇ ਉਸਦੀ ਬਾਜੀ ਨੂੰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਸੀ। ਪੜ੍ਹਾਈ ਵਿਚ ਉਹ ਦੋਵੇਂ ਹੀ ਹੁਸ਼ਿਆਰ ਸਨ ਤੇ ਉਹਨਾ ਨੂੰ ਏਥੇ ਦਾ ਮਾਹੌਲ ਅਪਨਾਉਣ ਵਿਚ ਕੋਈ ਖ਼ਾਸ ਮੁਸ਼ਕਲ ਪੇਸ਼ ਨਹੀਂ ਸੀ ਆਈ।
    ਉਸਦੇ ਅੱਬੂ ਤੇ ਖਾਸ ਕਰ ਅੰਮੀ ਨੇ ਬਹੁਤ ਮਿਹਨਤ ਕਰ ਕੇ ਈਸਟਹੈਮ ਦੇ ਇਲਾਕੇ ਵਿਚ ਤਿੰਨ ਬੈਡਰੂਮ ਦਾ ਆਪਣਾ ਘਰ ਲੈ ਲਿਆ ਸੀ। ਅੰਮੀ ਦਿਨ ਰਾਤ ਸਿਲਾਈ ਮਸ਼ੀਨ ਨਾਲ ਮਸ਼ੀਨ ਹੋ ਕੇ, ਪੀਸ ਵਰਕ ਤੇ ਕਪੜੇ ਸੀਂਦੀ ਰਹਿੰਦੀ ਤੇ ਉਹ ਦੋਨੋ ਵੀ ਸਕੂਲ਼ੋਂ ਵਾਪਸ ਆ ਉਸਦੀ ਮਦਦ ਕਰਨ ਵਿਚ ਜੁੱਟ ਜਾਂਦੀਆਂ। ਸਭ ਕੁਝ ਠੀਕ ਠਾਕ ਚੱਲਦਾ ਰਿਹਾ ਸੀ, ਬਸ ਜੋ ਠੀਕ ਨਹੀਂ ਸੀ ਉਹ ਸੀ ਉਹਨਾ ਦੇ ਅੱਬੂ ਦਾ ਚਿੜਚਿੜਾ ਤੇ ਗੁੱਸੇਖੋਰ ਸੁਭਾਅ। ਬਾਤ ਬਾਤ ਤੇ ਅੰਮੀ ਨੂੰ ਕੋਸਦਾ ਤੇ ਡਾਂਟਦਾ ਰਹਿੰਦਾ। ਪਿਆਰ ਨਾਲ ਬੋਲਣਾ ਤਾਂ ਉਸ ਸਿਖਿਆ ਹੀ ਨਹੀਂ ਸੀ ਤੇ ਹਰ ਬਾਤ, ਹਰ ਬੰਦੇ ਨੂੰ ਉਹ ਸ਼ੱਕੀ ਨਜ਼ਰ ਨਾਲ ਦੇਖਦਾ। ਖ਼ੈਰ! ਵਕਤ ਨੇ ਆਪਣੀ ਰਫ਼ਤਾਰ ਨਾਲ ਗੁਜ਼ਰਦੇ ਰਹਿਣਾ ਹੁੰਦਾ, ਸੋ ਗੁਜ਼ਰ ਗਿਆ।
    ਦੋਹਾਂ ਭੈਣਾਂ ਨੂੰ ਅੰਮੀ ਤੋਂ ਪਤਾ ਲਗਾ ਸੀ ਕਿ ਅੱਬੂ, ਉਹਨਾ ਦੇ ਆਉਣ ਤੋਂ ਚਾਰ ਸਾਲ ਪਹਿਲਾਂ, ਕਿਸੇ ਜਾਹਲੀ ਤਰੀਕੇ ਨਾਲ ਏਥੇ ਪਹੁੰਚਿਆ ਸੀ ਤੇ ਪੱਕਾ ਹੋਣ ਲਈ ਉਸਨੂੰ ਬਜ਼ਾਰੂ ਜਿਹੀ ਗੋਰੀ ਨਾਲ ਫ਼ਰਜ਼ੀ ਸ਼ਾਦੀ ਕਰਵਾਉਣੀ ਪਈ ਸੀ।ਪਾਸਪੋਰਟ ਤੇ ਸਟੈਂਪ ਲੱਗਣ ਤੱਕ ਉਹ ਦੰਦਾਂ ਥੱਲੇ ਜੀਭ ਰੱਖ, ਗੋਰੀ ਦੇ ਨਖ਼ਰੇ ਝੱਲਦਾ ਰਿਹਾ ਸੀ ਤੇ ਫ਼ਿਰ ਬਾਦ ਵਿਚ ਉਸਨੇ ਆਪਣੇ ਅਸਲੀ ਪਰਿਵਾਰ, ਉਹਨਾ ਤਿੰਨਾ ਨੂੰ ਬੁਲਾ ਲਿਆ ਸੀ।ਉਹ ਕਦੇ ਕਦੇ ਸੋਚਦੀ ਕਿ ਅੱਬੂ ਦਾ ਕਿਸੇ ਹੋਰ ਔਰਤ ਨਾਲ ਦੋ ਢਾਈ ਸਾਲ ਇਕ ਮਕਾਨ ਵਿਚ ਰਹਿਣਾ, ਅੰਮੀ ਨੇ ਏਨੀ ਆਸਾਨੀ ਨਾਲ ਕਿਵੇਂ ਜਰਿਆ ਹੋਵੇਗਾ? ਉਹ ਤਾਂ ਸਗੋਂ ਅੱਬੂ ਦੇ, ਸਾਨੂੰ ਸਭ ਨੂੰ ਏਥੇ ਬੁਲਾ ਲੈਣ ਨੂੰ, ਹਮੇਸ਼ਾ ਹੀ ਅਹਿਸਾਨ ਸਮਝਦੀ ਰਹੀ ਸੀ। ਔਰਤ ਰਿਸ਼ਤਿਆਂ ਨੂੰ ਨਿਭਾਉਣ ਲਈ ਕੀ ਕੀ ਨਹੀਂ ਸਹਿ ਜਾਂਦੀ, ਉਹ ਅਕਸਰ ਸੋਚਿਆ ਕਰਦੀ ਸੀ।
    ਜਦੋਂ ਬੱਚੇ ਜਵਾਨ ਹੋ ਜਾਣ ਤਾਂ ਮਾਂ ਬਾਪ ਦੀ ਸੋਚ ਨੂੰ ਵੀ ਜਵਾਨ ਹੋ ਜਾਣਾ ਚਾਹੀਦਾ, ਲੇਕਿਨ ਉਸਦਾ ਅੱਬੂ ਤਾਂ ਪੁਰਾਣੀ ਘਿਸੀ ਪਿਟੀ ਸੋਚ ਚੋਂ ਬਾਹਰ ਨਿਕਲਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ।ਉਸਦੀ ਪਰੋਬਲਮ ਕੀ ਸੀ, ਰੁਖ਼ਸਾਨਾ ਨੂੰ ਕਦੇ ਵੀ ਸਮਝ ਨਹੀਂ ਸੀ ਆਈ। ”ਏਹ ਪਾਕਿਸਤਾਨ ਤਾਂ ਹੈ ਨਹੀਂ… ਅਸੀਂ ਯੂ ਕੇ ਵਿਚ ਰਹਿੰਦੇ ਆਂ ਤੇ ਗਰਲਜ਼ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਹੀ ਚਾਹੀਦੈ… ਉਹ ਲੜਕਿਆਂ ਵਾਂਗੂੰ ਕਿਉ ਫਰਦਰ ਸਟੱਡੀ ਨਹੀਂ ਕਰ ਸਕਦੀਆਂ?” ਉਹ ਅਕਸਰ ਕਿਹਾ ਕਰਦੀ ਸੀ।
    ਉਦਾਸ ਹੋ ਉਹ ਅਕਸਰ ਆਪਣੇ ਨਾਲ ਗੱਲਾਂ ਕਰਨ ਬਹਿ ਜਾਂਦੀ – ਅੰਮੀ ਨੂੰ ਤਾਂ ਹੈਲਪ ਕਰਨੀ ਚਾਹੀਦੀ ਏ, ਲੇਕਿਨ ਉਹ ਤਾਂ ਖ਼ੁਦ ਅੱਬੂ ਤੋਂ ਏਨਾ ਡਰਦੀ ਏ ਕਿ ਉਸਦੇ ਸਾਹਵੇਂ ਉੱਚਾ ਸਾਹ ਤੱਕ ਨਹੀਂ ਲੈਂਦੀ। ਉਹ ਸੋਚਦੀ ਸੀ, ਬਾਜੀ ਮੇਰੇ ਤੋਂ ਸਿਰਫ਼ ਇਕ ਸਾਲ ਵੱਡੀ ਏ, ਅਗਲੇ ਸਾਲ ਮੇਰੇ ਏ ਲੈਵਲ ਫ਼ਿਨਸ਼ ਹੋ ਜਾਣੇ ਨੇ ਤੇ ਮੈਂ ਹੁਣ ਤੋਂ ਈ ਡਰ ਰਹੀਂ ਆਂ… ਮੈਂ ਤਾਂ ਅਗੇ ਜ਼ਰੂਰ ਪੜਾਂਗੀ। ਲੜਕੀਆਂ ਨੂੰ ਬੱਸ ਖ਼ੱਤ ਪਤਰ ਲਿਖਣ ਪੜ੍ਹਨ ਤੱਕ ਈ ਪੜ੍ਹਾਣਾ ਚਾਹੀਦਾ, ਕਿੰਨੀ ਬੈਕਵਾਰਡ ਸੋਚ ਏ… ਅਸੀਂ ਵੈਸਟ ਵਿਚ ਆ ਵਸੇ ਆਂ, ਲੇਕਿਨ ਕਿਰਦਾਰ ਸਾਡਾ ਓਹੀ ਤਕੀਆਨੂਸੀ… ਪੱਛੜਿਆ ਹੋਇਆ – ਅੋਰਤਾਂ ਲਈ ਪੜ੍ਹਾਈ ਜ਼ਰੂਰੀ ਨਹੀਂ… ਸਾਰਾ ਕਸੂਰ ਡੋਰਮੈਟ ਅੰੰਮੀ ਦਾ, ਜੋ ਅੱਬੂ ਨੇ ਕਹਿ ਦਿਤਾ ਬਸ ਪੱਥਰ ਤੇ ਲਕੀਰ… ਅੱਬੂ ਵਿਚਾਰਾ ਵੀ ਕੀ ਕਰੇ, ਉਹ ਵੀ ਮੁਆਸ਼ਰੇ ਦਾ ਈ ਹਿੱਸਾ ਏ… ਔਰਤ ਨੂੰ ਗੁਲਾਮ ਬਣਾ ਕੇ ਰੱਖਣਾ, ਬਸ ਇਹੀ ਚੱਲਦਾ ਆ ਰਿਹਾ… ਮੈਂ ਇਹਨਾ ਜੰਜ਼ੀਰਾਂ ਨੂੰ ਤੋੜ ਕੇ ਰਹਾਂਗੀ… ਸਾਨੂੰ ਅੱਗੇ ਪੜ੍ਹਨੋ ਕੋਈ ਨਹੀਂ ਰੋਕ ਸਕਦਾ! ਐਲਾਨ ਕਰ, ਉਹ ਆਪਣੇ ਆਪ ਨੂੰ ਸਮਝਾ ਰਹੀ ਸੀ।

    ਵਕਤ ਗੁਜ਼ਰਦਾ ਗਿਆ। ਉਸਦੀ ਬਾਜੀ ਰਾਵੀਆ ਨੇ ‘ਏ ਲੈਵਲ’ ਵਿਚ ਦੋ ‘ਏ ਸਟਾਰ’ ਲਏ ਸਨ… ਅਗੇ ਪੜ੍ਹਨ ਲਈ ਓਹ ਬਹੁਤ ਰੋਈ ਸੀ ਲੇਕਿਨ ਅੱਬੂ ਨੇ ਉਹਨਾ ਦੀ ਤਾਂ ਇਕ ਨਹੀਂ ਸੀ ਸੁਣੀ। ਹਾਂ! ਅਗਰ ਉਹ ਕਿਸੇ ਦੀ ਸੁਣਦਾ ਸੀ ਤਾਂ ਉਹ ਸੀ ਪਾਕਿਸਤਾਨ ਵਿਚ ਰਹਿੰਦੀ ਉਸਦੀ ਬੜੀ ਖ਼ਾਲਾ, ਰੇਹਾਨਾ ਬੇਗ਼ਮ। ਸੋ ਥੱਕ ਹਾਰ ਕੇ ਰਾਵੀਆ ਨੇ ਸਭ ਤੋਂ ਚੋਰੀ ਆਪਣੀ ਖ਼ਾਲਾ ਤੋਂ ਮਦਦ ਮੰਗ ਲਈ ਸੀ। ਖਾਲਾ ਦੇ ਸਮਝਾਉਣ ਤੇ, ਅੱਬੂ ਜਕਾਂ ਤਕਾਂ ਕਰਦਾ ਆਖ਼ਿਰ ਮੰਨ ਹੀ ਗਿਆ ਸੀ ਤੇ ਉਸਨੇ ਈਸਟ ਲੰਡਨ ਯੂਨੀ ਵਿਚ ਦਾਖਲਾ ਲੈ ਲਿਆ ਸੀ।
    ਤਿੰਨ ਸਾਲਾਂ ਵਿਚ ਰਾਵੀਆ ਨੇ ਬੀ ਏ ਪਾਸ ਕਰ ਲਈ ਸੀ ਤੇ ਰੁਖ਼ਸਾਨਾ ਵੀ ਹੁਣ ਉਸ ਯੂਨੀ ਵਿੱਚ ਹੀ ਬੀ ਏ ਕਰ ਰਹੀ ਸੀ। ਹੁਣ ਅੱਬੂ ਆਪ ਵੀ ਕਦੇ ਕਦੇ ਗੱਲ ਕਰਦਿਆਂ ਫ਼ਖ਼ਰ ਮਹਿਸੂਸ ਕਰਦਾ ਤੇ ਆਖਦਾ ਕਿ ਉਸਦੀਆਂ ਦੋਵੇਂ ਬੇਟੀਆਂ ਤਾਲੀਮ-ਯਾਫ਼ਤਾ ਨੇ, ਲੇਕਿਨ ਉਸਦੇ ਮੂੰਹੋਂ ਕਦੇ ਵੀ ਸ਼ਾਬਾਸ਼ ਨਹੀਂ ਸੀ ਨਿਕਲੀ।

    *

    ਰਾਵੀਆ ਦੇ ਬੀਏ ਦੇ ਰੀਜ਼ਲਟ ਤੋਂ ਦੋ ਹਫ਼ਤੇ ਬਾਦ, ਇਕ ਸ਼ਾਮ ਨੂੰ ਰੁਖ਼ਸਾਨਾ  ਆਪਣੇ ਕਮਰੇ ਵਿਚ ਦਾਖਲ ਹੋਈ ਤਾਂ ਉਸਨੇ ਰਾਵੀਆ ਨੂੰ ਸਿਰ ਸਿੱਟ ਬੈਡ ਤੇ ਬੈਠੀ ਨੂੰ ਡੁੱਸਕਦਿਆਂ ਸੁਣਿਆਂ ਤੇ ਕਿਹਾ, ‘ਕੀ ਹੋਇਆ, ਬਾਜੀ? ਇੰਝ ਰੋਇਆਂ ਤਾਂ ਕੁਛ ਨਹੀਂ ਬਨਣ ਵਾਲਾ। ਤੂੰ ਏਨੀ ਜਲਦੀ ਹਾਰ ਨਹੀਂ ਮੰਨ ਸਕਦੀ। ਇਕ ਵਾਰ ਕਹਿ ਕੇ ਤਾਂ ਦੇਖ,’ ਉਸਨੇ ਬੈਡਰੂਮ ਦਾ ਹੌਲੀ ਦੇਣੀ ਦਰਵਾਜ਼ਾ ਬੰਦ ਕਰਦਿਆਂ ਕਿਹਾ।
      ‘ਇਟਸ ਟੂ ਲੇਟ… ਹੁਣ ਮੈਂ ਰੋਵਾਂ ਨਾ ਤਾਂ ਹੋਰ ਕੀ ਕਰਾਂ… ਕੋਈ ਸੁਣਦਾ ਈ ਨਹੀਂ… ਤੈਨੂੰ ਪਤਾ ਉਹ ਤਾਂ ਮੇਰਾ ਨਿਕਾਹ ਕਰਨ ਦੀਆਂ ਸਕੀਮਾਂ ਬਣਾ ਰਹੇ ਨੇ ਪਾਕਿਸਤਾਨ ਜਾ ਕੇ?’ ਰਾਵੀਆ ਨੇ ਉਦਾਸ ਹੁੰਦਿਆਂ ਕਿਹਾ।
      ‘ਨੋਅ! ਰੀ…ਅ…ਲੀ…? ਤੈਨੂੰ ਕਿਵੇਂ ਪਤਾ?’
      ‘ਅੰਮੀ ਅੱਬੂ ਮਸ਼ਵਰਾ ਕਰਦੇ ਸੁਣੇ ਸੀ, ਅਰਲੀਅਰ,’ ਉਸਦੀ ਬਾਜੀ ਨੇ ਡੁੱਸਕਦਿਆਂ ਕਿਹਾ।
      ‘ਵਾਈ ਪਾਕਿਸਤਾਨ…? ਆਈ ਡੌਂਟ ਅੰਡਰਸਟੈਂਡ, ਬਾਜੀ।’
      ‘ਅੱਬੂ ਨੇ ਪਰੌਮਿਜ਼ ਕੀਤਾ ਹੋਇਆ ਕਿਸੇ ਬਲੱਡੀ ਕਜ਼ਨ ਨਾਲ, ਓਦੋਂ ਦਾ, ਵੈਨ ਆਈ ਵਾਜ਼ ਸਿਕਸ ਯੀਅਰ ਓਲਡ… ਸੋ ਹੁਣ ਆਪਾਂ ਨੂੰ ਪਾਕਿਸਤਾਨ ਜਾਣਾ ਈ ਪੈਣਾ,’ ਰਾਵੀਆ ਨੇ ਆਪਣੇ ਹੱਥ ਵਿਚ ਪਕੜੇ ਅੱਧ ਗਿੱਲੇ ਜਿਹੇ ਟਿਸ਼ੂ ਨਾਲ ਨੱਕ ਮਲਦਿਆਂ ਕਿਹਾ।
    ‘ਵੱਟ ਯੂ ਮੀਨ, ਜਾਣਾ ਪੈਣਾ…? ਤੇ ਕੈਸਰ ਦਾ ਕੀ ਬਣੂ… ਯੂ ਲਵ ਹਿਮ… ਡੌਂਟ ਯੂ?’ ਰੁਖ਼ਸਾਨਾ ਨੇ ਕਿਹਾ। ‘ਓਹ ਹੈ ਤਾਂ ਸੁੰਨੀ ਮੁਸਲਮਾਨ ਈ, ਸੇਮ ਐਜ਼ ਅੱਸ, ਸੋ ਵੱਟਸ ਦਾ ਪਰੌਬਲਮ?’ ਉਸਨੂੰ ਸਮਝ ਨਹੀਂ ਆ ਰਹੀ ਸੀ।
      ‘ਪਰੌਬਲਮ ਬਹੁਤ ਵੱਡੀ ਆ, ਮਾਈ ਡੀਅਰ ਸਿਸ… ਓਹ ਇੰਡੀਅਨ ਆ ਤੇ ਆਪਾਂ ਪਾਕਿਸਤਾਨੀ… ਅੱਬੂ ਵਿਲ ਨੈਵਰ ਐਗ੍ਰੀ… ਟੂ ਓਲਡ ਫ਼ੈਸ਼ੰਡ ਆ ਆਪਣਾ ਅੱਬੂ,’ ਰਾਵੀਆ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ।
      ‘ਸਾਨੀਆਂ ਮਿਰਜ਼ਾ ਵੀ ਤਾਂ ਇੰਡੀਅਨ ਏ, ਓਹਨੇ ਵੀ ਤਾਂ ਪਾਕਿਸਤਾਨੀ ਕਰਿਕਟ੍ਰ… ਕੀ ਨਾਮ ਆ ਓਸਦਾ?’ ਉਸ ਸੋਚੀਂ ਪੈਂਦਿਆਂ ਕਿਹਾ।
      ‘ਸ਼ੁਐਬ ਮਲਿਕ।’
       ‘ਹਾਂ ਹਾਂ! ਮਲਿਕ ਨਾਲ ਈ ਸ਼ਾਦੀ ਕੀਤੀ ਆ।’
      ‘ਪਹਿਲੀ ਗੱਲ ਤਾਂ ਏਹ ਕਿ ਓਹ ਸੈਲੀਬ੍ਰਿਟੀ ਏ ਤੇ ਦੂਜੇ ਲੜਕੀ ਇੰਡੀਅਨ ਏ… ਨੌਟ ਦਾ ਅਦਰ ਵੇ ਰਾਊਂਡ…।’
      ‘ਆਈ ਥਿੰਕ ਤੈਨੂੰ ਉਹਨਾ ਤੂੰ ਦੱਸ ਤਾਂ ਦੇਣਾ ਚਾਹੀਦਾ… ਯੂ ਨੈਵਰ ਨੋ… ਤੇ ਕੈਸਰ ਦੇ ਮੰਮ ਡੈਡ ਤਾਂ ਮੰਨ ਜਾਣਗੇ?’ ਰੁਖ਼ਸਾਨਾ ਨੇ ਕਿਹਾ।
      ‘ਕੈਸਰ ਦੇ ਪੇਰੈਂਟਸ, ਨੌਟ ਦ ਪ੍ਰੌਬਲਮ… ਬਟ ਪਲੀਜ਼ ਰੁਖ਼ਸਾਨਾ… ਪਲੀਜ਼… ਬਹੁਤ ਪ੍ਰੌਬਲਮ ਖੜੀ ਹੋ ਜਾਣੀ ਏਂ… ਮੈਂ ਤੇਰੇ ਜਿੰਨੀ ਬਰੇਵ ਨਹੀਂ… ਜੋ ਅੱਲਾਹ ਨੂੰ ਮੰਨਜ਼ੂਰ, ਆਖਿਰ ਓਹੀ ਹੋਣਾ।’
      ‘ਬਸ, ਆਹ ਡੀਫੀਟਿਸਟ ਐਟੀਚੂਡ ਮੇਰੀ ਸਮਝ ‘ਚ ਬਿਲਕੁਲ ਨਹੀਂ ਆਉਂਦਾ, ਬਾਜੀ… ਯੂ ਕਾਂਟ ਲੈਟ ਦੈਮ ਰੂਈਨ ਯੂਅ੍ਰ ਲਾਈਫ਼।’

    ਕਿੰਨੀ ਹੀ ਦੇਰ ਕਬਰਸਤਾਨ ਵਰਗੀ ਚੁੱਪ ਛਾਈ ਰਹੀ। ਉਸਦੀ ਬਾਜੀ ਏਨੀ ਕਮਜ਼ੋਰ ਬਣ ਜਾਏਗੀ, ਰੁਖ਼ਸਾਨਾ ਨੇ ਕਦੇ ਐਕਸਪੈਕਟ ਹੀ ਨਹੀਂ ਸੀ ਕੀਤਾ। ਉਹ ਸੋਚੀਂ ਪੈ ਗਈ – ਪਾਕਿਸਤਾਨ ਜਾਇਆ ਜਾਵੇਗਾ ਤੇ ਕਿਸੇ ਅਜਨਬੀ, ਜੋ ਰਿਸ਼ਤੇ ਵਿਚੋਂ ਸਾਡਾ ਦੂਰ ਨੇੜੇ ਦਾ ਕਜ਼ਨ ਨਿਕਲ ਆਵੇਗਾ, ਨਾਲ ਨੂੜ੍ਹ ਦਿਤਾ ਜਾਵੇਗਾ… ਦੇਅਰ ਇਜ਼ ਨਥਿੰਗ ਇਨ ਕੌਮਨ ਬਿਟਵੀਨ ਦੈਮ ਐਂਡ ਅੱਸ।ਸਿਰਫ਼ ਇਸ ਲਈ ਕਿ ਅੱਬੂ ਨੇ ਵਾਅਦਾ ਕੀਤਾ ਸੀ ਬਹੁਤ ਸਾਲ ਪਹਿਲਾਂ… ਬਲੱਡੀ ਸਟੂਪਿਡ ਆਈ ਸੇ… ਮੈਨੂੰ ਹੀ ਕੁਛ ਨਾ ਕੁਛ ਤਾਂ ਕਰਨਾ ਪੈਣਾ… ਉਹ ਆਪਣੇ ਆਪ ਨੂੰ ਜਿਵੇਂ ਹੱਲਾਸ਼ੇਰੀ ਦੇ ਰਹੀ ਸੀ, ਇਹ ਜਾਣਦਿਆਂ ਕਿ ਕਿਸੇ ਨੇ ਵੀ ਉਹਨਾ ਦੀ ਇਕ ਨਹੀਂ ਸੀ ਸੁਨਣੀ।
      ‘ਵੀ ਨੀਡ ਟੂ ਟਰਾਈ, ਬਾਜੀ… ਯੂ ਲਵ ਕੈਸਰ… ਕੁਛ ਤਾਂ ਸੈਕਰੀਫ਼ਾਈਸ ਕਰਨਾ ਈ ਪੈਣਾ… ਮੈਂ ਗੱਲ ਕਰਦੀਆਂ ਅੰਮੀ ਨਾਲ।’
    ‘aਹਨਾ ਮੰਨਣਾ ਤਾਂ ਹੈ ਨਹੀਂ ਅਗੇ ਤੇਰੀ ਮਰਜ਼ੀ’। ਬਸ ਏਨਾ ਕਹਿ ਉਹ ਭੁੱਬਾਂ ਮਾਰ ਫ਼ਿਰ ਰੋਣ ਲਗ ਪਈ। ‘ਆਈ ਲਵ ਹਿਮ ਸੋ ਮੱਚ…ਆਈ ਡੂ… ਆਈ ਕਾਂਟ ਲਿਵ ਵਿਦਆਊਟ ਹਿਮ।’
      ‘ਦੈਨ ਡੂ ਬਲੱਡੀ ਸਮਥਿੰਗ, ਫ਼ਾਰ ਗੌਡ ਸੇਕ,’ ਰੁਖ਼ਸਾਨਾ ਨੇ ਫ਼ਰਸਟਰੇਟਡ ਹੁੰਦਿਆਂ ਕਿਹਾ। ਕੁਝ ਇਕ ਦੇਰ ਦੋਹਾਂ ਦਰਮਿਆਨ ਖ਼ਾਮੋਸ਼ੀ ਛਾਈ ਰਹੀ ਸੀ।
    ‘ਆਈ ਐਮ ਸੌਰੀ, ਬਾਜੀ, ਲੇਕਿਨ ਸਾਨੂੰ ਟਰਾਈ ਤਾਂ ਕਰ ਦੇਖਣੀ ਚਾਹੀਦੀ ਆ। ਡਾਂਟ ਈ ਪੈ ਜੂ… ਨਾਲੇ ਏਹ ਕਿਹੜਾ ਪਹਿਲੀ ਵਾਰ ਏ,’ ਉਸਨੇ ਰਾਵੀਆ ਦੇ ਦੋਨੋ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ, ਦਿਲਾਸਾ ਦਿੰਦਿਆਂ ਕਿਹਾ। ਛੋਟੀ ਬਹਿਨ ਵੱਡੀ ਨੂੰ ਸਮਝਾ ਰਹੀ ਸੀ… ਜ਼ਮਾਨਾ ਬਦਲ ਗਿਆ, ਦੇਖੋ!

    PUNJ DARYA

    Leave a Reply

    Latest Posts

    error: Content is protected !!