9.5 C
United Kingdom
Sunday, April 20, 2025

More

    ਨਗਰ ਨਿਗਮ ਦੇ ਸਾਈਕਲ: ਟੁੱਟ ਗਈਆਂ ਟੱਲੀਆਂ, ਖਿੱਲਰ ਗਏ ਪੈਡਲ

    ਅਸ਼ੋਕ ਵਰਮਾ
    ਬਠਿੰਡਾ,29 ਅਕਤੂਬਰ। ਅਕਾਲੀ ਭਾਜਪਾ ਗੱਠਜੋੜ ਵੱਲੋਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਹੇ ਲਈ ਜੌਗਰ ਪਾਰਕ ’ਚ ਸ਼ੁਰੂ ਕੀਤੀ ਸਾਈਕਿਗ ਸਕੀਮ ਦਮ ਤੋੜ ਗਈ ਹੈ।  ਹੁਣ ਤਾਂ ਸਾਈਕਲ ਕਬਾੜ ਬਣ ਗਏ ਹਨ ਜਿਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਨਗਰ ਨਿਗਮ ਨੇ ਇਹ ਟੁੱਟੇ ਫੁੱਟੇ ਸਾਈਕਲ ਪਾਰਕ ਦੇ ਇੱਕ ਪਿੰਜਰਾਨੁਮਾ ਕਮਰੇ ’ਚ ਰਖਵਾ ਦਿੱਤੇ ਹਨ। ਨਗਰ ਨਿਗਮ ਦਾ ਖੀਸਾ ਖਾਲੀ ਹੈ ਜਿਸ ਕਰਕੇ ਨਵੇਂ ਸਾਈਕਲ ਲਿਆਉਣ ਅਤੇ ਮੁਰੰਮਤ ਤੋਂ ਪਾਸਾ ਵੱਟਿਆ ਲਿਆ ਹੈ ।ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਾਈਕਲ ਹੁਣ ਖਰਚੇ ਦਾ ਘਰ ਹਨ ਤਾਹੀਂਓਂ ਕੋਈ ਇੰਨਾਂ ਨੂੰ  ਚਿਮਟੇ ਨਾਲ ਛੂਹਣ ਲਈ ਤਿਆਰ ਨਹੀਂ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਹ ਡਰੀਮ ਪ੍ਰੋਜੈਕਟ ਸੀ ਜਿਸ ਨੂੰ ਗ੍ਰਹਿਣ ਲੱਗ ਗਿਆ ਹੈ।
                       ਜਾਣਕਾਰੀ ਅਨੁਸਾਰ ਸ਼ਹਿਰ ਦੇ ਰੋਜ਼ ਗਾਰਡਨ ਦੇ ਪਿੱਛੇ ਢਾਈ ਕਿਲੋਮੀਟਰ ਲੰਮਾ ਸਾਈਕਲ ਟਰੈਕ ਬਣਾਇਆ ਗਿਆ ਸੀ ਜਿਸ ਦੀ ਚੌੜਾਈ ਤਿੰਨ ਮੀਟਰ ਦੇ ਕਰੀਬ ਹੈ। ਇਸ ਪ੍ਰਾਜੈਕਟ ਦੇ ਅੰਦਰ ਪਹਾੜਨੁਮਾ ਦਿ੍ਰਸ਼ ਵੀ ਬਣਾਏ ਗਏ ਹਨ ਅਤੇ ਚਾਰ ਚੁਫੇਰੇ ਹੱਰੀ ਪੱਟੀ ਵੀ ਵਿਕਸਤ ਕੀਤੀ ਗਈ ਹੈ। ਸੁੰਦਰਤਾ ਵਧਾਉਣ ਖਾਤਰ ਜੌਗਿੰਗ ਪਾਰਕ ਵਿੱਚ ਕਰੀਬ 35 ਲੱਖ ਰੁਪਏ ਖਰਚ ਕੇ ਰੰਗਦਾਰ ਲਾਈਟਾਂ  ਵੀ ਲਾਈਆਂ  ਗਈਆਂ ਸਨ। ਪਾਰਕਿੰਗ ਦਾ ਵੀ ਢੁੱਕਵਾਂ  ਇੰਤਜ਼ਾਮ ਹੈ ਅਤੇ ਸਾਈਕਲ ਟਰੈਕ ਦੇ ਨਾਲ ਨਾਲ ਦੋਵੇਂ ਪਾਸੇ ਪੌਦੇ ਵੀ ਲਾਏ ਗਏ ਹਨ। ਇਹਨਾਂ ਵਸਤਾਂ ਦਾ ਮੰਤਵ ਇੱਥੇ ਸੈਰ ਕਰਨ ਤੇ ਸਾਈਕਲ ਚਲਾਉਣ ਲਈ ਆਉਣ ਵਾਲਿਆਂ ਵਾਸਤੇ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਉਣਾ ਸੀ।
                       ਇਹ ਪ੍ਰਾਜੈਕਟ ਜੂਨ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਮੁਕੰਮਲ ਹੁੰਦਿਆਂ ਕਰੀਬ ਢਾਈ ਸਾਲ ਲੱਗ ਗਏ ਸਨ। ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 23 ਸਤੰਬਰ 2013 ਨੂੰ ਉਦਘਾਟਨ ਕੀਤਾ ਸੀ। ਇਸ ਮੌਕੇ ਛੋਟੇ ਬਾਦਲ ਨੇ ਸਾਈਕਲ ਚਲਾਇਆ ਅਤੇ ਉਹ ਪ੍ਰਜੈਕਟ ਤੋਂ ਕਾਫੀ ਖੁਸ਼ ਵੀ ਹੋਏ ਸਨ। ਟਰੈਕ ਵਾਸਤੇ ਕਰੀਬ ਤਿੰਨ ਲੱਖ ਰੁਪਏ ਖਰਚ ਕਰਕੇ 10 ਅਤੀ-ਆਧੁਨਿਕ ਸਾਈਕਲ ਖਰੀਦੇ ਗਏ ਸਨ। ਟਰੈਕ ਤੇ ਸਾਈਕਲ ਚਲਾਉਣ ਲਈ 200 ਰੁਪਏ ਪ੍ਰਤੀ ਮਹੀਨਾ ਫੀਸ ਤੈਅ ਕੀਤੀ ਗਈ ਸੀ ਅਤੇ ਰੋਜਾਨਾ ਅੱਧਾ ਘੰਟਾ ਸਾਈਕਲ ਚਲਾਉਣ ਲਈ ਦਿੱਤਾ ਜਾਂਦਾ ਸੀ। 14 ਮਾਰਚ 2014 ਨੂੰ ਸਾਈਕਿਗ ਦੀ ਸ਼ੁਰੂਆਤ ਕੀਤੀ ਗਈ ਅਤੇ ਮੁਢਲੇ ਪੜਾਅ ਤੇ ਕਰੀਬ ਸਵਾ ਸੌ ਲੋਕਾਂ ਨੇ ਮੈਂਬਰਸ਼ਿਪ ਹਾਸਲ ਕੀਤੀ ਸੀ।
                ਸਾਈਕਲ ਚਲਾਉਣ ਦਾ ਸਮਾਂ ਸਵੇਰੇ 5 ਤੋਂ 8 ਵਜੇ ਅਤੇ ਸ਼ਾਮ ਨੂੰ 5 ਵਜੇ ਤੋਂ 9 ਵਜੇ ਤੱਕ ਰੱਖਿਆ ਗਿਆ ਸੀ। ਬਠਿੰਡਾ ਦੇ ਰੋਜ਼ ਗਾਰਡਨ ਵਿੱਚ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਦੇ ਹਨ ਜਿਸ ਕਰਕੇ ਜੌਗਰ ਪਾਰਕ ਸਾਈਕਲ ਚਲਾਉਣ ਵਾਲਿਆਂ ਲਈ ਵਰਦਾਨ ਬਣ ਗਿਆ ਸੀ । ਨਗਰ ਨਿਗਮ ਦੇ ਇੱਕ ਮੁਲਾਜਮ ਦਾ ਕਹਿਣਾ ਸੀ ਕਿ ਸ਼ਹਿਰ ਵਾਸੀਆਂ ਨੇ ਪ੍ਰਜੈਕਟ ’ਚ ਕਾਫੀ ਰੁਚੀ ਦਿਖਾਈ ਸੀ ਅਤੇ ਸ਼ਾਮ ਸਵੇਰ ਸਾਈਕਲ ਚਲਾਉਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਉਹਨਾਂ ਦੱਸਿਆ ਕਿ ਕੁਝ ਮਹੀਨੇ  ਤਾਂ ਸਭ ਠੀਕ ਠਾਕ ਚੱਲਦਾ ਰਿਹਾ ਪਰ ਬਾਅਦ ’ਚ ਸਾਈਕਲਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ। ਦੇਖਣ ’ਚ ਆਇਆ ਹੈ ਕਿ ਇਹਨਾਂ  ਸਾਈਕਲਾਂ  ਦਾ ਸਪੇਅਰ ਪਾਰਟ ਕਮਜ਼ੋਰ ਹੈ।
                     ਕਿਸੇ ਸਾਈਕਲ ਦੀ ਟੱਲੀ ਟੁੱਟ ਗਈ ਤੇ ਕਿਸੇ ਦੇ ਪੈਡਲ ਟਿਊਬ ਅਤੇ ਚੇਨ ਦੀ ਸਮੱਸਿਆ ਵੀ ਕਾਫ਼ੀ ਆਈ ਹੈ । ਸੂਤਰਾਂ ਮੁਤਾਬਕ ਸਾਈਕਲ ਦੀ ਬਾਡੀ ਵੀ ਕਾਫ਼ੀ ਹਲਕੀ ਲਾਈ ਹੋਈ ਸੀ, ਜਿਸ ਕਰਕੇ ਕਾਫ਼ੀ ਸਾਈਕਲਾਂ  ’ਚ ਕੁਝ ਮਹੀਨਿਆਂ ਬਾਅਦ ਹੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇੱਕ ਸਾਈਕਲਿਸਟ ਦਾ ਕਹਿਣਾ ਸੀ ਕਿ ਸਾਈਕਲਾਂ  ਦੇ ਪੈਡਲ ਕੁਝ ਦਿਨਾਂ ਮਗਰੋਂ ਹੀ ਹਿੱਲਣੇ ਸ਼ੁਰੂ ਹੋ ਗਏ ਸਨ ਜਿਹਨਾਂ ਨੂੰ ਧੱਕੇ ਨਾਲ ਚਲਾਇਆ ਜਾਂਦਾ ਰਿਹਾ। ਉਹਨਾਂ ਦੱਸਿਆ ਕਿ ਦੋ ਤਿੰਨ ਸਾਈਕਲਾਂ  ਦੀ ਸ਼ੁਰੂ ’ਚ ਚੇਨ ਨਵੀਂ ਪਵਾਉਣੀ ਪਈ ਜਦੋਂਕਿ ਕਈਆਂ ਦੀਆਂ ਟਿਊਬਾਂ ਬਦਲਣੀਆਂ ਪਈਆਂ ਸਨ। ਉਹਨਾਂ ਦੱਸਿਆ ਕਿ ਮੁਰੰਮਤ ਮਹਿੰਗੀ ਅਤੇ ਢੁੱਕਵੀਂ ਨਾਂ ਹੋਣ ਕਰਕੇ ਮੁੜ ਸਾਈਕਲਾਂ ਨੂੰ ਠੀਕ ਹੀ ਨਹੀਂ ਕਰਵਾਇਆ ਗਿਆ।
    ਗੰਭੀਰ ਮਸਲਾ:ਸਾਧੂ ਰਾਮ ਕੁਸਲਾ
    ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਏਨੀਂ ਜਲਦੀ ਸਾਈਕਲ ਖਰਾਬ ਹੋਣੇ ਗੰਭੀਰ ਮਸਲਾ ਹੈ ਜਿਸ ਦੀ ਪੜਤਾਲ ਕਰਕੇ ਕਸੂਰਵਾਰਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਚਿੰਤਾ ਜਤਾਈ ਕਿ ਇਹ ਇੱਕ ਲੋਕ ਪੱਖੀ ਪ੍ਰਜੈਕਟ ਸੀ ਜੋ ਨਗਰ ਨਿਗਮ ਦੀ ਅਣਗਹਿਲੀ ਦੀ ਭੇਂਟ ਚੜ ਗਿਆ ਹੈ।
    ਸਾਈਕਲਾਂ ਬਾਰੇ ਫੈਸਲਾ ਜਲਦੀ
    ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਸੀ ਕਿ ਸਮੱਸਿਆ ਬਾਰੇ ਪਤਾ ਕਰਕੇ ਜਲਦੀ ਹੀ ਸਾਈਕਲਾਂ  ਬਾਰੇ ਫੈਸਲਾ ਲਿਆ ਜਾਏਗਾ।
    ਸਾਈਕਲ ਚਲਾਉਣ ਲੱਗਿਆ ਬਠਿੰਡਾ
    ਇਸ ਪ੍ਰਜੈਕਟ ਦਾ ਚੰਗਾ ਪੱਖ ਸਿਰਫ ਇਹੋ ਰਿਹਾ ਕਿ ਸਾਈਕਲ ਟਰੈਕ ਬਹਾਨੇ ਸ਼ਹਿਰ ਵਾਸੀਆਂ ’ਚ ਸਾਈਕਲਿੰਗ ਦਾ ਰੁਝਾਨ ਵਧਿਆ ਹੈ । ਹੁਣ ਤਾਂ ਵੱਡੀ ਗਿਣਤੀ ਲੋਕ ਰੋਜਾਨਾ ਸਵੇਰ ਵਕਤ ਰਾਈਡਿੰਗ ਕਰਦੇ ਦੇਖੇ ਜਾ ਸਕਦੇ ਹਨ।  ਸਾਈਕਲ ਵਿਕ੍ਰੇਤਾਵਾਂ ਦਾ ਕਹਿਣਾ ਸੀ ਕਿ ਮੋਟੇ ਤੌਰ ’ਤੇ ਅੱਜ ਵੀ ਸਾਈਕਲ ਦਾ ਗਾਹਕ ਹੇਠਲਾ ਵਰਗ ਹੀ ਹੈ। ਉਹਨਾਂ ਦੱਸਿਆ ਕਿ ਇਸ ਦੇ ਬਾਵਜੂਦ ਵੀ ਪਿਛਲੇ ਕੁਝ ਸਾਲਾਂ ਦੌਰਾਨ  ਰੇਸਰ ਸਾਈਕਲਾਂ ਦੀ ਵਿੱਕਰੀ ’ਚ ਕਾਫੀ ਵਾਧਾ ਹੋਇਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!