
ਰਾਏਕੋਟ (ਰਘਵੀਰ ਸਿੰਘ ਜੱਗਾ) :
ਕਰੋਨਾ ਵਾਇਰਸ ਕਾਰਨ ਪੈਦਾ ਹੋਏ ਮੁਸ਼ਕਿਲ ਹਲਾਤਾਂ ਦੌਰਾਨ ਸਰਕਾਰੀ ਰਾਸ਼ਨ ਦੀ ਵੰਡ ਮੌਕੇ ਰਾਜਸੀ ਪੱਖਪਾਤ ਹੋਣ ਅਤੇ ਲੋੜਵੰਦਾਂ ਨੂੰ ਰਾਸ਼ਨ ਨਾ ਮਿਲਣ ਸਬੰਧੀ ਅੱਜ ਸੀਟੂ ਆਗੂ ਬੀਡੀਪੀਓ ਦਫ਼ਤਰ ਰਾਏਕੋਟ ਪੁੱਜੇ ਪੰ੍ਰਤੂ ਬੀਡੀਪੀਓ ਦਫ਼ਤਰ ਨੂੰ ਤਾਲਾ ਲੱਗਾ ਹੋਣ ਕਾਰਨ ਉਹ ਉੱਥੇ ਹੀ ਧਰਨੇ ‘ਤੇ ਬੈਠ ਗਏ।
ਇਸ ਸਬੰਧੀ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਪਿੰਡਾਂ ਵਿੱਚੋਂ ਉਹਨਾਂ ਨੂੰ ਸੀਟੂ ਵਰਕਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਿੰਡਾਂ ਵਿੱਚ ਉਸਾਰੀ ਕਾਮਿਆਂ, ਮਨਰੇਗਾ ਤੇ ਖੇਤ ਮਜ਼ਦੂਰਾਂ ਅਤੇ ਆਮ ਦਿਹਾੜੀਦਾਰ ਕਾਮਿਆਂ ਨੂੰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਭੇਜੇ ਗਏ ‘ਨਿਗੁਣੇ’ ਰਾਸ਼ਨ ਵਿੱਚ ਵੀ ਰਾਜਨੀਤੀ ਕੀਤੀ ਗਈ ਹੈ ਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣਾਂ ਤਾਂ ਦੂਰ ਦੀ ਗੱਲ ਹੈ ਉਹਨਾਂ ਦਾ ਨਾਂਅ ਵੀ ਲਿਸਟ ਵਿੱਚ ਦਰਜ ਨਹੀ ਕੀਤੇ ਗਏ। ਇਸ ਸਬੰਧੀ ਉਹ ਬੀਡੀਪੀਓ ਨੂੰ ਮਿਲਣ ਲਈ ਆਏ ਸਨ ਪੰ੍ਰਤੂ ਬੀਡੀਪੀਓ ਦਫ਼ਤਰ ਰਾਏਕੋਟ ਵਿਖੇ 11 ਵਜੇ ਤੱਕ ਕੋਈ ਵੀ ਅਧਿਕਾਰੀ ਦਫ਼ਤਰ ਵਿੱਚ ਆਇਆ ਨਹੀ ਸੀ, ਬਲਕਿ ਦਫ਼ਤਰ ਦੇ ਮੇਨ ਗੇਟ ਨੂੰ ਵੀ ਤਾਲ•ਾ ਲੱਗਿਆ ਹੋਇਆ ਸੀ ।
ਜਿਸ ਦੇ ਰੋਸ ਵਜੋਂ ਕਾਮਰੇਡ ਦਲਜੀਤ ਕੁਮਾਰ ਗੋਰਾ, ਪ੍ਰਕਾਸ ਬਰਮੀ, ਰਾਜ ਜਸਵੰਤ ਸਿੰਘ ਜੋਗਾ ਆਪਣੇ ਸਾਥੀਆਂ ਸਮੇਤ ਰੋਸ ਵਜੋਂ ਧਰਨੇ ‘ਤੇ ਬੈਠ ਗਏ। ਉਹਨਾਂ ਦਫ਼ਤਰ ਵਿੱਚੋ ਗੈਰ ਹਾਜ਼ਿਰ ਰਹਿਣ ਵਾਲੇ ਅਧਿਕਾਰੀਆਂ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਜਿਸ ਨੂੰ ਦੇਖਦੇ ਹੋਏ ਬੀਡੀਪੀਓ ਰੁਪਿੰਦਰ ਕੌਰ ਵੀ ਦਫਤਰ ਪੁੱਜ ਗਏ ਪੰ੍ਰਤੂ ਉਹਨਾਂ ਤੋਂ ਸੀਟੂ ਆਗੂ ਸੰਤੁਸਟ ਨਾ ਹੋਏ। ਇਸ ਉਪਰੰਤ ਮੌਕੇ ‘ਤੇ ਪੁੱਜੇ ਤਹਿਸੀਲਦਾਰ ਰਾਏਕੋਟ ਮੁਖਤਿਆਰ ਸਿੰਘ ਨੇ ਸੀਟੂ ਆਗੂਆਂ ਨੂੰ ਭਰੋਸਾ ਦਿੱਤਾ ਕਿ ਹਰ ਜਰੂਰਤਮੰਦ ਨੂੰ ਸਰਕਾਰੀ ਸਹਾਇਤਾਂ ਮਹੁੱਈਆਂ ਕਰਵਾਈ ਜਾਵੇਗੀ।
ਇਸ ਸਬੰਧੀ ਐਸ.ਡੀ.ਐਮ. ਰਾਏਕੋਟ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਬੀਡੀਪੀਓ ਰਾਏਕੋਟ ਰੁਪਿੰਦਰ ਕੌਰ ਤੇ ਉਹਨਾਂ ਦਾ ਸਟਾਫ ਪਿੰਡਾਂ ‘ਚ ਚੈਕਿੰਗ ‘ਤੇ ਹੋਣ ਕਾਰਨ ਦਫਤਰ ਬੰਦ ਹੋ ਸਕਦਾ ਹੈ ਤੇ ਉਹਨਾਂ ਕਿਹਾ ਕਿ ਪ੍ਰਸਾਸ਼ਨ ਦੀ ਕੋਸਿਸ਼ ਹੈ ਕਿ ਹਰ ਲੋੜਵੰਦ ਤੱਕ ਰਾਸ਼ਨ ਪੁੱਜੇ ਜੇ ਫੇਰ ਵੀ ਕਿਤੇ ਵਿਤਕਰਾ ਹੁੰਦਾ ਹੈ ਤਾਂ ਉਹਨਾਂ ਨਾਲ ਸਪਰੰਕ ਕੀਤਾ ਜਾ ਸਕਦਾ ਹੈ। ਬੀਡੀਪੀਓ ਰੁਪਿੰਦਰ ਕੌਰ ਨਾਲ ਵਾਰ-ਵਾਰ ਸਪਰੰਕ ਕਰਨ ‘ਤੇ ਵੀ ਨਾ ਹੋ ਸਕਿਆ।