14.8 C
United Kingdom
Monday, June 22, 2026

More

    ਮਾਨਸਾ ਪੁਲਿਸ ਵੱਲੋਂ ਡਿਊਟੀ ਦੇ ਬੋਝ ਨੂੰ ਹਲਕਾ ਕਰਨ ਲਈ ‘ਕਪਾਲਭਾਤੀ’

    ਅਸ਼ੋਕ ਵਰਮਾ
    ਬਠਿੰਡਾ,27 ਅਕਤੂਬਰ2020:  ਆਮ ਲੋਕਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਣ ਵਾਲੀ ਮਾਨਸਾ ਪੁਲਿਸ ਹੁਣ ਯੋਗ ਮਾਹਰਾਂ ਦੇ ਇਸ਼ਾਰਿਆਂ ਨੇ ਨੱਚਣ ਲੱਗੀ ਹੈ। ਮਾਮਲਾ ਪੁਲਿਸ ਮੁਲਾਜਮਾਂ ਦੀ ਸਿਹਤ ਨਾਲ ਜੁੜਿਆ ਹੈ ਜਿਸ ਕਰਕੇ ਪੁਲਿਸ ਦੇ ਉੱਚ ਅਫਸਰਾਂ ਨੇ ਹੁਣ ਯੋਗ ਦਾ ਸਹਾਰਾ ਤੱਕਿਆ ਹੈ । ਪੁਲਿਸ ਅਫਸਰਾਂ ਦੀ ਸੋਚ ਹੈ ਕਿ ਪਿੱਛੇ ਜਿਹੇ ਚੱਲੀ ਕੋਵਿਡ-19 ਸਬੰਧੀ ਲਗਾਤਾਰ ਡਿਊਟੀ ਤੋਂ ਪ੍ਰਭਾਵਿਤ ਹੋਏ ਪੁਲਿਸ ਮੁਲਾਜਮਾਂ ਦੀ ਸਿਹਤ ਸੰਭਾਲ ਅਤੇ ਉਹਨਾਂ ਦਾ ਤਣਾਅ ਦੂਰ ਕਰਨਾ ਜਰੂਰੀ ਹੈ । ਉਂਜ ਵੀ ਵਾਤਾਵਰਨ ’ਚ ਫੈਲੇ ਪ੍ਰਦੂਸ਼ਣ ਕਾਰਨ ਜਿੱਥੇ ਆਮ ਆਦਮੀ ਦੀ ਸਿਹਤ ਤੇ ਮਾੜੇ ਪ੍ਰਭਾਵ ਦੇਖਣ ਨੂੰ ਮਿਲੇ ਹਨ ਉੱਥੇ ਹੀ ਸਮਾਜਿਕ ਤਾਣੇ ਬਾਣੇ ’ਚ ਆਏ ਵਿਗਾੜ ਤੋਂ ਪੁਲਿਸ ਵੀ ਬਚ ਨਹੀਂ ਸਕੀ ਹੈ। ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾਂ  ਦੀ ਪਹਿਲਕਦਮੀ ਤੇ ਐਸਪੀ ਸਥਾਨਕ ਸਤਨਾਮ ਸਿੰਘ ਅਤੇ ਡੀਐਸਪੀ ਸਥਾਨਕ ਮਨੋਜ ਗੋਰਸੀ ਦੀ ਅਗਵਾਈ ਹੇਠ ਯੋਗ ਮਾਹਿਰ ਯਾਦਵਿੰਦਰ ਸਿੰਘ ਵੱਲੋਂ ਯੋਗ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ।  
                                 ਪੁਲਿਸ ਲਾਈਨ ਮਾਨਸਾ  ਦੇ  ਮੈਦਾਨ ‘ਚ ਪੁਲਿਸ ਮੁਲਾਜਮਾਂ ਨੂੰ ‘ਸਿਹਤ ਹੈ ਤਾਂ ਸਭ ਕੁਝ ਹੈ ਦਾ ਸੁਨੇਹਾਂ ਦੇਣ ਲਈ’ ਲਾਏ ਯੋਗ ਕੈਂਪ ’ਚ ਰੋਜਾਨਾਂ 200 ਤੋਂ 250 ਪੁਲਿਸ ਮੁਲਾਜਮ ਰੋਜਾਨਾਂ ਯੋਗ ਅਭਿਆਸ ਕਰਦੇ ਹਨ ਜਿਹਨਾਂ ’ਚ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਐਸਪੀ ਸਥਾਨਕ ਸਤਨਾਮ ਸਿੰਘ ਨੇ ਯੋੋਗ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੁਲਿਸ ਦੀ ਡਿਊਟੀ ਕਾਫ਼ੀ ਚੁਣੌੌਤੀ ਅਤੇ ਤਣਾਅਪੂਰਨ ਰਹਿੰਦੀ ਹੈ ਜਿਸ ਤੋਂ ਮੁਕਤੀ ਪਾਉਣ ਅਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਇਹ ਪ੍ਰੋਗਰਾਮ ਲਾਹੇਵੰਦ ਰਹੇਗਾ। ਉਹਨਾਂ ਕਿਹਾ ਕਿ ਅੱਜ-ਕੱਲ ਦੀ ਦੌੜ-ਭੱਜ ਵਾਲੀ ਜ਼ਿੰਦਗੀ ’ਚ ਯੋੋੋਗ ਸਰੀਰਕ ਅਤੇ ਮਾਨਸਿਕ ਤੌਰ ’ਤੇ ਬਹੁਤ ਹੀ ਫਾਇਦੇਮੰਦ ਹੈ। ਉਹਨਾਂ ਦੱਸਿਆ ਕਿ ਕੋਵਿਡ 19 ਕਾਰਨ ਪੁਲਿਸ ਮੁਲਾਜਮਾਂ ਦੀ ਅਮਿਊਨਟੀ ਵਧਾਉਣ ਲਈ ਵੀ ਯੋਗ ਕਲਾਸਾਂ ਦੀ ਸ਼ਰੂਆਤ ਕੀਤੀ ਗਈ ਹੈ। ਪੁਲਿਸ ਅਫਸਰ ਵੀ ਆਖਦੇ ਹਨ ਕਿ ਮੁਲਾਜਮਾਂ ਦੀ ਸਿਹਤ ਦੇ ਮੱਦੇਨਜ਼ਰ ਇਹ ਅਮਲ ਜਾਰੀ ਰੱਖਿਆ ਜਾਏਗਾ।
                                       ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਦੇ ਕੰਮ ਕਾਜ ਦੌਰਾਨ ਪੁਲਿਸ ਮੁਲਾਜਮਾਂ ਤੇ ਮਾਨਸਿਕ ਦਬਾਅ ਰਹਿੰਦਾ ਹੈ ਜਿਸ ਨਾਲ ਉਨਾਂ ਦੀ ਸ਼ਰੀਰਕ ਸਮਰੱਥਾ ਤੇ ਵੀ ਅਸਰ ਪੈਂਦਾ ਹੈ। ਇਸ ਯੋਗ ਸਮਾਗਮ ਉਪਰੰਤ ਪੁਲਿਸ ਕਰਮੀਆਂ ‘ਚ ਇਸ ਪ੍ਰੋਗਰਾਮ ਪ੍ਰਤੀ ਉਤਸ਼ਾਹ ਦੇਖਣ ਨੂੰ ਮਿਲਿਆ। ਹਾਲਾਂਕਿ ਇਕਦਮ ਸ਼ਰੀਰ ਨੂੰ ਕਸ਼ਟਦਾਇਕ ਸਥਿਤੀ ‘ਚ ਲਿਜਾਣ ਵੇਲੇ ਕੁਝ ਮੁਲਾਜਮਾਂ ਨੂੰ ਔਕੜਾਂ ਵੀ ਆਈਆਂ ਹਨ। ਪੁਲਿਸ ਮੁਲਾਜਮਾਂ ਨੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਅਤੇ ਇਹ ਪ੍ਰੋਗਰਾਮ ਲਗਾਤਾਰ ਜਾਰੀ ਰੱਖਣ ਦੀ  ਮੰਗ ਵੀ ਰੱਖੀ  ਹੈ । ਪੁਲਿਸ ਕਰਮਚਾਰੀਆਂ ਨੇ ਭਵਿੱਖ ‘ਚ ਯੋਗ ਮਾਹਰਾਂ ਦੀ ਸਲਾਹ ਰਾਹੀਂ ਸਿਹਤ ਪ੍ਰਤੀ ਗੰਭੀਰ ਰਹਿਣ ਬਾਰੇ ਕਿਹਾ ਹੈ । ਮੁਲਾਜਮ ਆਖਦੇ ਹਨ ਕਿ ਭੱਜ ਦੌੜ ਭਰੀ ਇਸ ਜਿੰਦਗੀ ’ਚ ਸਿਹਤ ਨਿਆਮਤ ਹੈ ਜਿਸ ਲਈ ਉਨਾਂ ਅੱਜ ਦੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ ਹੈ । ਗੌਰਤਲਬ ਹੈ ਕਿ ਯੋਗ ਮਾਹਿਰ ਵੱਲੋਂ ਸਵੇਰੇ 6.30 ਵਜੇ ਤੋਂ 8 ਵਜੇ ਤੱਕ ਵੱਖ ਵੱਖ ਤਰਾਂ ਦੇ ਯੋਗ ਆਸਣ ਕਾਰਵਾਏ ਜਾ ਰਹੇ ਹਨ।
                        ਮੁਲਾਜਮਾਂ ਦੀ ਸਿਹਤ ਦਾ ਫਿਕਰ:ਐਸਐਸਪੀ
    ਸੀਨੀਅਰ ਪੁਲਿਸ ਕਪਤਾਨ ਮਾਨਸਾ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਲੱਗੀਆਂ ਲੰਮੀਆਂ ਡਿਊਟੀਆਂ ਅਮਨ ਕਾਨੂੰਨ ਦੀ ਬਹਾਲੀ ,ਪੜਤਾਲਾਂ,ਅਤੇ ਪੁਲਿਸ ਮਹਿਕਮੇ ਨਾਲ ਸਬੰਧਤ ਕੰਮ ਕਾਜ ਕਾਰਨ ਪੁਲਿਸ ਮੁਲਾਜਮ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਪਾ ਰਹੇ ਸਨ ਜਿਸ ਕਰਕੇ ਇਹ ਯੋਗ ਕੈਂਪ ਲਾਇਆ ਗਿਆ ਹੈ ।ਉਨਾਂ ਆਖਿਆ ਕਿ ਜਿਲਾ ਪੁਲਿਸ ਆਪਣੇ ਮੁਲਾਜਮਾਂ ਦੀ ਸਿਹਤ ਪ੍ਰਤੀ ਚੌਕਸ ਹੈ ਤੇ ਅੱਜ ਦੇ ਯੋਗ ਪ੍ਰੋਗਰਾਮ ਦੀ ਬਦੌਲਤ ਪੁਲਿਸ ਕਰਮੀਆਂ ਦਾ  ਤਣਾਅ ਦੂਰ ਹੋਵੇਗਾ ਤੇ ਉਨਾਂ ‘ਚ ਤਰੋਤਾਜਗੀ ਵੀ ਆਵੇਗੀ ਉਨਾਂ ਆਖਿਆ ਕਿ ਮੁਲਾਜਮਾਂ ਦੀ ਸਿਹਤ ਸੰਭਾਲ ਉਨਾਂ ਦਾ ਟੀਚਾ ਹੈ ਅਤੇ ਉਮੀਦ ਹੈ ਕਿ ਇਸ ਕੈਂਪ ਨਾਲ ਪੁਲਿਸ ਨੂੰ ਲਾਹਾ ਮਿਲੇਗਾ।
     
                            ਹਾਈਕੋਰਟ ਦੀ ਨਰਾਜਗੀ ਦੇ ਚਰਚੇ
    ਕੁੱਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੁਲਿਸ ਮੁਲਾਜਮਾਂ ਦੀ ਫਿੱਟਨੈਸ ਸਬੰਧੀ ਜਤਾਈ ਨਰਾਜਗੀ ਕਾਰਨ ਇਸ ਯੋਗ ਕੈਂਪ ਲੱਗਣ ਦੇ ਚਰਚੇ ਹਨ। ਜਾਣਕਾਰੀ ਅਨੁਸਾਰ ਹਾਈਕੋਰਟ ’ਚ ਕਿਸੇ ਅਪਰਾਧਿਕ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਕਰਮਚਾਰੀਆਂ ਦੇ ਅਣਫਿੱਟ ਹੋਣ ਦੀ ਗੱਲ ਸਾਹਮਣੇ ਆਈ ਸੀ। ਐਸਪੀ ਸਥਾਨਕ ਸਤਨਾਮ ਸਿੰਘ ਦਾ ਕਹਿਣਾ ਸੀ ਕਿ ਜਿਲਾ ਪੁਲਿਸ ਨਫਰੀ ਦੀ ਸਿਹਤ ਪ੍ਰਤੀ ਗੰਭੀਰ ਹੈ ਜਿਸ ਕਰਕੇ ਇਹ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਇਸ ਮਾਮਲੇ ਪਿੱਛੇ ਅਦਾਲਤ ਵੱਲੋਂ ਨਰਾਜ ਹੋਣ ਦੇ ਤੱਥਾਂ ਨੂੰ ਨਕਾਰਿਆ ਹੈ।
                                ਸਲਾਨਾ ਮੈਡੀਕਲ ’ਚ ਬਿਮਾਰੀਆਂ ਦੇ ਤੱਥ
    ਪੁਲਿਸ ਵੱਲੋਂ ਮੁਲਾਜਮਾਂ ਦੇ ਸਲਾਨਾ ਮੈਡੀਕਲ ਕਰਵਾਉਣ ਦੌਰਾਨ ਕਈ ਗੰਭੀਰ ਤੱਥ ਸਾਹਮਣੇ ਆਏ ਹਨ। ਸੂਤਰ ਦੱਸਦੇ ਹਨ ਕਿ ਪੁਲੀਸ ਦੇ ਕਾਫੀ ਮੁਲਾਜ਼ਮ ‘ਬਲੱਡ ਪ੍ਰੈਸ਼ਰ’, ਪਿੱਠ ਦਰਦ ,ਗੋਡਿਆਂ ਦੇ ਰੋਗ , ਪੀਲੀਆ ਅਤੇ ਹਾਈਪ੍ਰਟੈਨਸ਼ਨ  ਦੇ ਮਰੀਜ ਹਨ । ਸਿਹਤ ਮਾਹਿਰਾਂ ਨੇ ਦੱਸਿਆ ਹੈ ਕਿ ‘ਬਲੱਡ ਪ੍ਰੈਸ਼ਰ’ ਦਾ ਮੁੱਖ ਕਾਰਨ ਤਣਾਅ ਅਤੇ ਬਹੁਤਾ ਕੰਮ ਹੈ । ਪਤਾ ਲੱਗਿਆ ਹੈ ਕਿ ਕਈ ਮੁਲਾਜਮ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ ਜਦੋਂਕਿ ਕਈਆਂ ਦੀ ਦਵਾਈ ਪ੍ਰਾਈਵੇਟ ਹਸਪਤਾਲਾਂ ਤੋਂ ਚੱਲਦੀ ਹੈ। ਕੁਝ ਪੁਲਿਸ ਮੁਲਾਜਮਾਂ ਨੇ  ਕਿਹਾ ਕਿ ਉਹਨਾਂ  ਨੂੰ ਕੰਮ ਦੇ ਮੁਕਾਬਲੇ ਅਰਾਮ ਘੱਟ ਮਿਲਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!