23.1 C
United Kingdom
Sunday, June 21, 2026

More

    ਯੂਕੇ ਦੀ ਭਾਰਤੀ ਮੂਲ ਦੀ ਪਹਿਲੀ ਮੇਅਰੈੱਸ ਉਰਮਿਲਾ ਕੁਮਾਰੀ ਸ਼ਰਮਾ ਦਾ ਦਿਹਾਂਤ।

    -ਸੀਮਾ ਮਲਹੋਤਰਾ, ਰਘਵਿੰਦਰ ਸਿੱਧੂ, ਵੀਰੇਂਦਰ ਸ਼ਰਮਾ, ਹਰਲੀਨ ਅਟਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ 
    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਆਪਣੇ ਪਤੀ ਕੌਂਸਲਰ ਜਗਦੀਸ਼ ਸ਼ਰਮਾ ਤੇ ਪੁੱਤਰਾਂ ਨਾਲ ਉਰਮਿਲਾ ਕੁਮਾਰੀ ਸ਼ਰਮਾ ਦੀ ਯਾਦਗਾਰੀ ਤਸਵੀਰ

    ਹੌਂਸਲੋ ਵੈਸਟ ਤੋਂ ਕੌਂਸਲਰ ਜਗਦੀਸ਼ ਸ਼ਰਮਾ ਦੀ ਪਤਨੀ ਸ੍ਰੀਮਤੀ ਉਰਮਿਲਾ ਕੁਮਾਰੀ ਸ਼ਰਮਾ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹਨਾਂ ਨੂੰ ਭਾਈਚਾਰੇ ਦੇ ਲੋਕਾਂ ਵੱਲੋਂ ਆਦਰ ਸਤਿਕਾਰ ਸਹਿਤ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਸ੍ਰੀਮਤੀ ਸ਼ਰਮਾ ਦਾ ਜਨਮ ਪੰਜਾਬ ਦੇ ਪਿੰਡ ਬਿਲਗਾ ਵਿਖੇ 1937 ਵਿੱਚ ਹੋਇਆ ਸੀ। ਉਹ ਅਤੇ ਕੌਂਸਲਰ ਜਗਦੀਸ਼ ਸ਼ਰਮਾ ਦੋਵੇਂ ਭਾਰਤ ਵਿੱਚ ਸਿੱਖਿਆ ਖੇਤਰ ਨਾਲ ਸੰਬੰਧਤ ਸਨ। ਕੌਂਸਲਰ ਸ਼ਰਮਾ ਨੇ ਯੂਕੇ ਵਿੱਚ ਆ ਕੇ ਵੀ ਸਿੱਖਿਆ ਖੇਤਰ ਵਿੱਚ ਕੰਮ ਕਰਨਾ ਜਾਰੀ ਰੱਖਿਆ ਪਰ ਸ੍ਰੀਮਤੀ ਸ਼ਰਮਾ ਬ੍ਰਿਟਿਸ਼ ਏਅਰਵੇਜ਼ ਵਿੱਚ ਕੰਮ ਕਰਨ ਲੱਗੇ। ਕੰਮ ਪ੍ਰਤੀ ਉਹਨਾਂ ਦੀ ਲਗਨ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ 1972 ਤੋਂ 1997 ਵਿੱਚ ਤੱਕ ਬ੍ਰਿਟਿਸ਼ ਏਅਰਵੇਜ਼ ਲਈ 25 ਵਰ੍ਹੇ ਕੰਮ ਕੀਤਾ ਤੇ ਉੱਥੋਂ ਹੀ ਸੇਵਾ ਮੁਕਤ ਹੋਏ। 1979 ਵਿੱਚ ਉਹਨਾਂ ਨੂੰ ਪਹਿਲੀ ਭਾਰਤੀ ਮੇਅਰਸ ਬਣਨ ਦਾ ਮਾਣ ਹਾਸਲ ਹੋਇਆ ਜਦੋਂ ਕੌਂਸਲਰ ਜਗਦੀਸ਼ ਸ਼ਰਮਾ ਨੇ ਯੂਕੇ ਵਿਚ ਪਹਿਲੇ ਭਾਰਤੀ ਮੇਅਰ ਬਣ ਕੇ ਇਤਿਹਾਸ ਰਚਿਆ। ਲੈਂਪਟਨ ਸਕੂਲ ਵਿਖੇ ਨਵੇਂ ਸਾਇੰਸ ਬਲਾਕ ਦੇ ਉਦਘਾਟਨ ਸਮੇਂ ਉਹਨਾਂ ਨੇ ਬਹੁਤ ਹੀ ਜ਼ਿੰਮੇਵਾਰੀ ਪੂਰਵਕ ਫ਼ਰਜ਼ ਅਦਾ ਕਰਦਿਆਂ ਮਹਾਰਾਣੀ ਐਲਿਜ਼ਾਬੈੱਥ ਦੋਇਮ ਦਾ ਸਵਾਗਤ ਕੀਤਾ ਸੀ। ਉਹਨਾਂ ਦੇ ਵਿਛੋੜੇ ‘ਤੇ ਸਥਾਨਕ ਸੰਸਦ ਮੈਂਬਰ ਸੀਮਾ ਮਲਹੋਤਰਾ, ਹੌਂਸਲੋ ਦੇ ਮੇਅਰ ਟੋਨੀ ਲੂਕੀ, ਡਿਪਟੀ ਮੇਅਰ ਰਘਵਿੰਦਰ ਸਿੰਘ ਸਿੱਧੂ, ਲੀਡਰ ਸਟੀਵ ਕੈਰਨ, ਸਾਊਥਾਲ ਈਲਿੰਗ ਸੰਸਦ ਮੈਂਬਰ ਵੀਰੇਂਦਰ ਸ਼ਰਮਾ, ਕੌਂਸਲਰ ਹਰਲੀਨ ਅਟਵਾਲ ਨੇ ਕਿਹਾ ਕਿ ਉਰਮਿਲਾ ਕੁਮਾਰੀ ਸ਼ਰਮਾ ਬਹੁਤ ਹੀ ਮਿਲਣਸਾਰ, ਨੇਕ ਸੁਭਾਅ ਤੇ ਆਦਰਸ਼ ਸੋਚ ਦੀ ਧਾਰਨੀ ਵਿਲੱਖਣ ਸਖਸ਼ੀਅਤ ਦੀ ਮਾਲਕ ਸਨ। ਭਾਈਚਾਰੇ ਲਈ ਉਹਨਾਂ ਵੱਲੋਂ ਕੀਤੇ ਕਾਰਜਾਂ ਨੂੰ ਸਤਿਕਾਰ ਸਹਿਤ ਯਾਦ ਕੀਤਾ ਜਾਂਦਾ ਰਹੇਗਾ। ਮਰਹੂਮ ਉਰਮਿਲਾ ਕੁਮਾਰੀ ਸ਼ਰਮਾ ਦੇ ਪਤੀ ਕੌਂਸਲਰ ਜਗਦੀਸ਼ ਸ਼ਰਮਾ ਨੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਦਾ ਅੰਤਿਮ ਸੰਸਕਾਰ (ਸਿਰਫ ਪਰਿਵਾਰ ਅਤੇ ਨਜ਼ਦੀਕੀ ਦੋਸਤ) 28 ਅਕਤੂਬਰ 2020 ਨੂੰ ਸਵੇਰੇ 10.40 ਵਜੇ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!