14.8 C
United Kingdom
Saturday, September 5, 2026

More

    ਕਿਰਤੀ ਕਿਸਾਨ ਯੂਨੀਅਨ ਵੱਲੋਂ ਜੁਝਾਰੂ ਵਿਰਾਸਤ ਦੇ ਸੰਚਾਰ ਲਈ ਸਿਆਸੀ ਕਾਨਫਰੰਸਾਂ

    ਅਸ਼ੋਕ ਵਰਮਾ
    ਬਠਿੰਡਾ, 26 ਅਕਤੂਬਰ2020: ਕਿਰਤੀ ਕਿਸਾਨ ਯੂਨੀਅਨ ਅਤੇ ਜੱਥੇਬੰਦੀ ਦੇ ਯੂਥ ਵਿੰਗ ਨੇ ਅੱਜ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਕਸਬੇ ਰਾਹੋਂ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਦੇ 350ਵੇਂ ਜਨਮ ਵਰ੍ਹੇ ਨੂੰ ਸਮਰਪਿਤ ਜੁਝਾਰੂ ਵਿਰਾਸਤ ਦੇ ਸੰਚਾਰ ਲਈ ਸਿਆਸੀ ਕਾਨਫਰੰਸਾਂ ਕੀਤੀਆਂ। ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਸਮੇਂ ਵਿਸ਼ੇਸ਼ ਮਹੱਤਵ ਰੱਖਦੀਆਂ ਇਹਨਾਂ ਕਾਨਫਰੰਸਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਕਿਸਾਨ ਸੰਘਰਸ਼ ਨੂੰ ਇਤਿਹਾਸਕ ਅਤੇ ਸਮੁੱਚੇ ਪੰਜਾਬ ਦਾ ਘੋਲ ਕਰਾਰ ਦਿੰਦਿਆਂ ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੇ ਦਿੱਲੀ ਦੇ ਹੁਕਮਰਾਨਾਂ ਖਿਲਾਫ ਆਰ ਪਾਰ ਦੀ ਲੜਾਈ ਲੜਨ ਦਾ ਪ੍ਰਣ ਕਰਦਿਆਂ ਜਮੀਨਾਂ ਤੇ ਕਬਜੇ ਦੀ ਸਾਜਿਸ਼ ਖਿਲਾਫ ਆਰ ਪਾਰ ਦੀ ਲੜਾਈ ਦਾ ਸੱਦਾ ਦਿੱਤਾ
                            ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਜਗੀਰਦਾਰੀ ਖ਼ਿਲਾਫ਼ ਲੜਾਈ ਲੜੀ ਅਤੇ ਜਾਤਪਾਤੀ ਵਿਤਕਰੇ ਨੂੰ ਤੋੜਕੇ ਹਜ਼ਾਰਾਂ ਸਾਲਾਂ ਦੇ ਦਬਾਇਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਜਿਸ ਨੂੰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਬਰਕਰਾਰ ਨਹੀਂ ਰੱਖਿਆ ਜਾ ਸਕਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਅਸਲ ‘ਚ ਸਿੱਖ ਰਾਜ ਸਥਾਪਿਤ ਕੀਤਾ ਜੋ ਹਰ ਤਰਾਂ ਦੇ ਵਿਤਕਰੇ ਖਿਲਾਫ ਸੀ। ਉਹਨਾਂ ਕਿਹਾ ਕਿ ਬਾਬਾ ਜੀ ਦੀ ਲੜਾਈ ਧਾਰਮਿਕ ਨਹੀਂ ਸਿਆਸੀ ਸੀ, ਜਿਸ ਨੂੰ ਕਈ ਇਤਿਹਾਸਕਾਰਾਂ ਨੇ ਗਲ੍ਹਤ ਰੰਗਤ ਦੇ ਕੇ ਪੇਸ਼ ਕੀਤਾ ਹੈ।
                                 ਉਹਨਾਂ ਕਿਹਾ ਕਿ ਮੌਜੂਦਾ ਹਕੂਮਤ ਵੀ ਜਬਰ ਤੇ ਤਾਨਾਸ਼ਾਹੀ ਦਾ ਰਾਜ ਸਥਾਪਤ ਕਰ ਰਹੀ ਹੈ ਅਤੇ ਧਰਮ, ਜਾਤ ਦੇ ਨਾਮ ‘ਤੇ ਵਿਤਕਰਾ ਕਰਨ ਸਮੇਤ ਦੇਸ਼ ਦਾ ਜਲ, ਜੰਗਲ, ਜ਼ਮੀਨ ਕਾਰਪੋਰੇਟ ਕੰਪਨੀਆਂ ਨੂੰ ਲੁਟਾਇਆ ਜਾ ਰਿਹਾ ਹੈ ਅਤੇ ਵਿਰੋਧ ਕਰਨ ਵਾਲੇ ਦੇਸ਼ ਧ੍ਰੋਹੀ ਕਰਾਰੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਲੜੇ ਜਾ ਰਹੇ ਘੋਲ ਨੂੰ ਲੀਹੋਂ ਲਾਹੁਣ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਜਿਹਨਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦਾ ਏਕਾ, ਘੋਲ ਦੀ ਤਿੱਖੀ ਧਾਰ, ਘੋਲ ਦਾ ਦੇਸ਼ ਵਿਆਪੀ ਫੈਲਾਅ, ਦਾਅ-ਪੇਚ ਅਤੇ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਸਕਦਾ ਹੈ।
                             ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਸਿਰਫ ਕਿਸਾਨੀ ਨੂੰ ਉਜਾੜਨ ਲਈ ਹੀ ਨਹੀਂ ਬਲਕਿ ਸਮੁੱਚੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ। ਅੰਤ ਵਿੱਚ ਆਗੂਆਂ ਨੇ ਲੋਕਾਂ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਨੂੰ ਉਲਟਾਉਣ ਅਤੇ ਵਿਤਕਰੇ ਖ਼ਿਲਾਫ਼ ਪੂਰੀ ਤਾਣ ਲਾ ਕੇ ਦਿੱਲੀ ਦੇ ਹਾਕਮਾਂ ਖਿਲਾਫ ਸਮੁੱਚੇ ਪੰਜਾਬ ਨੂੰ ਲਾਮਬੰਦ ਕਰਨ ਲਈ ਕਿਹਾ ਤਾਂ ਜੋ ਹਕੂਮਤੀ ਕਾਰਪੋਰੇਟ ਗੱਠਜੋੜ ਨੂੰ ਭਾਂਜ ਦਿੱਤੀ ਜਾ ਸਕੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂਆਂ ਸੰਤੋਖ ਸਿੰਘ ਸੰਧੂ, ਬਲਵਿੰਦਰ ਸਿੰਘ ਭੁੱਲਰ, ਅਮਰਜੀਤ ਹਨੀ ਤੋਂ ਇਲਾਵਾ ਨਵਾਂਸ਼ਹਿਰ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਹੁਸ਼ਿਆਰਪੁਰ ਦੇ ਪ੍ਰਧਾਨ ਜਗਤਾਰ ਸਿੰਘ ਭਿੰਡਰ, ਮੋਗਾ ਦੇ ਪ੍ਰਧਾਨ ਪ੍ਰਗਟ ਸਾਫੂਵਾਲਾ, ਸਰਬਜੀਤ ਅਜਿੱਤਗਿਲ, ਸ਼ਿੰਦਰਪਾਲ ਕੌਰ ਰੋਡੇ ਨੇ ਸੰਬੋਧਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!