
ਰਜਨੀ ਵਾਲੀਆ
ਗੱਭਰੂ ਕੀਤੇ ਨਸਿ਼ਆਂ ਚੂਰ,
ਜਵਾਨੀ ਕਿੱਥੇ ਗਈ |
ਹੋਏ ਪੁੱਤ ਮਾਪਿਆਂ ਤੋਂ ਦੂਰ,
ਜਵਾਨੀ ਕਿੱਥੇ ਗਈ |
ਗੱਭਰੂ ਕੀਤੇ ਨਸਿ਼ਆਂ ਚੂਰ,
ਜਵਾਨੀ ਕਿੱਥੇ ਗਈ |
ਪੁੱਤਰ ਜਦੋਂ ਦਾ ਹਾਣੀ ਹੋਇਆ,
ਗੱਲ ਕਿਸੇ ਨੂੰ ਜਰਦਾ ਨਈਂ |
ਘੂਰੀ ਵੱਟਿਆਂ ਘੂਰੀ ਪਾਉਂਦਾ,
ਭੋਰਾ ਵੀ ਓ ਡਰਦਾ ਨਈਂ |
ਪਿਉ ਨੂੰ ਅੱਗੋਂ ਪਵੇ ਖਾਣ ਨੂੰ,
ਮਾਂ ਦਾ ਟੁੱਟ-ਟੁੱਟ ਪਵੇ ਗਰੂਰ |
ਜਵਾਨੀ ਕਿੱਥੇ ਗਈ |
ਗੱਭਰੂ ਕੀਤੇ ਨਸਿ਼ਆਂ ਚੂਰ,
ਜਵਾਨੀ ਕਿੱਥੇ ਗਈ |
ਆਇਓਡੈਕਸ ਬਰੈੱਡ ਤੇ ਲਾ ਕੇ,
ਨਸੇ਼ ਨੂੰ ਕਰਦੇ ਪੂਰਾ |
ਪੁੱਤ ਦੁੱਧਾਂ ਨਾਲ ਪਾਲਿਆ ਸੀ ਜੋ,
ਹੁਣ ਹੁੰਦਾ ਜਾਵੇ ਅਧੂਰਾ |
ਦੇਵਣ ਵਾਲਾ ਹੀ ਜਾਣੇਂ,
ਉਸਨੂੰ ਕੀ ਏ ਮਨਜੂਰ |
ਜਵਾਨੀ ਕਿੱਥੇ ਗਈ |
ਗੱਭਰੂ ਕੀਤੇ ਨਸਿ਼ਆਂ ਚੂਰ,
ਜਵਾਨੀ ਕਿੱਥੇ ਗਈ |
ਕੈਸਾ ਦੌਰ ਪੰਜਾਬ ਚ ਆਇਆ,
ਨਸੇ਼ ਵਗਣ ਦਰਿਆਵਾਂ ਵਾਂਗੂ |
ਜੋ ਕਰਦੇ ਸਨ ਕਸਤਰ ਉੱਠ ਕੇ,
ਹੁਣ ਪੁੱਤਰ ਹੋਏ ਸਵਾਹਾਂ ਵਾਂਗੂ |
ਮਾਲੀ ਨਾ ਰਹੇ ਬਾਗਾਂ ਦੇ,
ਇਹ ਤੇਰਾ ਕੈਸਾ ਏ ਦਸਤੂਰ |
ਜਵਾਨੀ ਕਿੱਥੇ ਗਈ |
ਗੱਭਰੂ ਕੀਤੇ ਨਸਿ਼ਆਂ ਚੂਰ,
ਜਵਾਨੀ ਕਿੱਥੇ ਗਈ |
ਅਧ-ਮੋਇਆ ਜਦ ਤੱਕਿਆ ਵੀਰਾ,
ਫਿਰ ਭੈਣ ਮਾਰਕੇ ਧਾਹਾਂ ਰੋਈ |
ਰੱਬ ਵੀ ਕੇਹੇ ਕਸਾਰੇ ਲਗਾਵੇ ,
ਰੱਖੜੀ ਲਈ ਗੁੱਟ ਮਿਲੇ ਨਾ ਕੋਈ |
ਨਸਿ਼ਆਂ ਨੂੰ ਠੱਲ ਪਾ ਦੇ ਰੱਬਾ,
ਤੂੰ ਬਹੁਤਾ ਨਾ ਹੋ ਕਰੂਰ |
ਜਵਾਨੀ ਕਿੱਥੇ ਗਈ |
ਗੱਭਰੂ ਕੀਤੇ ਨਸਿ਼ਆਂ ਚੂਰ,
ਜਵਾਨੀ ਕਿੱਥੇ ਗਈ |
ਰਜਨੀ ਨਸੇ਼ ਨੇ ਹਰ ਇੱਕ,
ਘਰ ਵਿੱਚ ਵੈਣ ਪਵਾ ਦਿੱਤੇ |
ਮੜੀਆਂ ਦੇ ਵਿੱਚ ਗੱਭਰੂਆਂ,
ਦੇ ਸਿਵੇ ਮਚਾ ਦਿੱਤੇ |
ਪਿਉ ਭੁੱਬੀਂ ਪਿਆ ਰੋਏ ਮੋਏ,
ਪੁੱਤਰਾਂ ਦਾ ਸੱਲ ਬਣਿਆ ਨਾਸੂਰ |
ਜਵਾਨੀ ਕਿੱਥੇ ਗਈ |
ਗੱਭਰੂ ਕੀਤੇ ਨਸਿ਼ਆਂ ਚੂਰ,
ਜਵਾਨੀ ਕਿੱਥੇ ਗਈ |