
ਗੁਰਿੰਦਰਜੀਤ ਨੀਟਾ / ਕੁਲਵੰਤ ਧਾਲੀਆਂ ਮਾਛੀਕ,ਫਰਿਜ਼ਨੋ(ਕੈਲੀਫੋਰਨੀਆਂ),24 ਅਕਤੂਬਰ 2020– ਸਰਗਰਮ ਚੋਣ ਮਾਹੌਲ ਹੋਣ ਕਰਕੇ ਚੋਣ ਦਿਨ ਤੋਂ ਪਹਿਲਾਂ ਬਹਿਸਾਂ ਦੇ ਖਤਮ ਹੋਣ ਦੇ ਬਾਵਜੂਦ ਵੀ ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਵਿਚਕਾਰ ਸ਼ਾਬਦਿਕ ਖਿੱਚੋਤਾਣ ਜ਼ਾਰੀ ਹੈ। ਉਹ ਇੱਕ ਦੂਜੇ ਵਿਰੁੱਧ ਭੜਾਸ ਕੱਢਣ ਦੇ ਆਖਰੀ ਪੜਾਅ ਵਿੱਚ ਸ਼ਾਮਿਲ ਹੋ ਚੁੱਕੇ ਹਨ। ਸ਼ੁੱਕਰਵਾਰ ਨੂੰ ਟੈਲੀਵਿਜ਼ਨ ਪ੍ਰਸਾਰਣ ਰਾਹੀਂ ਰਾਸ਼ਟਰਪਤੀ ਟਰੰਪ ਨੇ ਸਪੀਕਰ ਫੋਨ ਉੱਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ। ਜਿਸ ਵਿੱਚ ਇਜ਼ਰਾਈਲ ਅਤੇ ਸੁਡਾਨ ਦਰਮਿਆਨ ਸੰਬੰਧਾਂ ਨੂੰ ਸਧਾਰਣ ਬਣਾਉਣ ਦੇ ਸਮਝੌਤੇ ਬਾਰੇ ਚਰਚਾ ਕੀਤੀ। ਇਸ ਤੋਂ ਦੋ ਘੰਟਿਆਂ ਬਾਅਦ ਵਿਲਮਿੰਗਟਨ ਵਿੱਚ ਡੈਮੋਕਰੇਟਿਕ ਉਮੀਦਵਾਰ ਜੋਏ ਬਾਈਡੇਨ ਨੇ ਕੋਰੋਨਾਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਦੀਆਂ ਆਪਣੀਆਂ ਯੋਜਨਾਵਾਂ ਦੀ ਰੂਪ ਰੇਖਾ ਦੱਸੀ।
ਉਨ੍ਹਾਂ ਦੀ ਆਖਰੀ ਬਹਿਸ ਦੇ ਨਾਲ ਇਹ ਮੁਹਿੰਮਾਂ ਚੋਣ ਸੰਬੰਧੀ ਦੌੜ ਨੂੰ ਇਸਦੇ ਮੁਕਾਮ ਤੱਕ ਪਹੁੰਚਾ ਰਹੀਆਂ ਹਨ। ਚੋਣ ਦਿਵਸ ਵਿੱਚ ਗਿਣਤੀ ਦੇ ਦਿਨ ਹੀ ਬਾਕੀ ਹੋਣ ਕਰਕੇ, ਲੱਖਾਂ ਹੀ ਅਮਰੀਕਨਾਂ ਨੇ ਪਹਿਲਾਂ ਹੀ ਆਪਣੀ ਵੋਟ ਭੁਗਤਾ ਦਿੱਤੀ ਹੈ। ਟਰੰਪ ਦੇ ਵਿਰੋਧੀ ਉਮੀਦਵਾਰ ਬਾਈਡੇਨ ਨੇ ਬਹਿਸ ਦੌਰਾਨ ਅਤੇ ਵਿਲਮਿੰਗਟਨ ਵਿਚ ਉਨ੍ਹਾਂ ਦੇ ਨੀਤੀਗਤ ਭਾਸ਼ਣ ਵਿਚ ਰਾਸ਼ਟਰਪਤੀ ਦੁਆਰਾ ਕੋਰੋਨਾਂ ਵਾਇਰਸ ਦੀ ਰੋਕਥਾਮ ਪ੍ਰਤੀ ਨੀਤੀਆਂ ਨੂੰ ਗੱਲਬਾਤ ਦਾ ਵਿਸ਼ਾ ਬਣਾਇਆ। ਬਾਈਡੇਨ ਅਨੁਸਾਰ ਅਮਰੀਕਾ ਵਿੱਚ ਮੌਤਾਂ ਦੀ ਗਿਣਤੀ ਬੰਦ ਹੋਣੀ ਚਾਹੀਦੀ ਹੈ ਅਤੇ ਉਸ ਦੀ ਇਹ ਟਿੱਪਣੀ ਅਮਰੀਕਾ ਵਿੱਚ ਵੀਰਵਾਰ ਨੂੰ 71,671 ਨਵੇਂ ਕੋਰੋਨਾਂ ਵਾਇਰਸ ਕੇਸਾਂ ਦੇ ਦਰਜ ਹੋਣ ਤੋਂ ਬਾਅਦ ਆਈ ਹੈ।ਸਾਬਕਾ ਉਪ ਰਾਸ਼ਟਰਪਤੀ ਨੇ ਵਾਇਰਸ ਸੰਬੰਧੀ ਆਪਣੀ ਨੀਤੀ ਬਾਰੇ ਦੱਸਿਆ ਕਿ ਉਹ ਰਾਜਪਾਲਾਂ ਨੂੰ ਮਾਸਕ ਜਰੂਰੀ ਕਰਨ, ਰਾਸ਼ਟਰੀ ਪ੍ਰੀਖਣ ਦੀ ਰਣਨੀਤੀ ਤਿਆਰ ਕਰਨ, ਰਾਜਾਂ ਨੂੰ ਮੁੜ ਖੋਲ੍ਹਣ ਦੇ ਫ਼ੈਸਲੇ ਲੈਣ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਸਪਲਾਈ ਵਧਾਉਣ ਲਈ ਰੱਖਿਆ ਉਤਪਾਦਨ ਐਕਟ ਨੂੰ ਲਾਗੂ ਕਰਨ ਲਈ ਉਤਸ਼ਾਹਤ ਕਰਨਗੇ। ਉਸਨੇ ਇਹ ਵੀ ਕਿਹਾ ਕਿ ਇਲਾਜ ਅਤੇ ਟੀਕੇ ਮੁਫਤ ਉਪਲਬਧ ਹੋਣੇ ਚਾਹੀਦੇ ਹਨ । ਚੋਣ ਦਿਵਸ ਤੋਂ ਪਹਿਲਾਂ ਦੋਵੇਂ ਉਮੀਦਵਾਰਾਂ ਵੱਲੋਂ ਕੁਝ ਕੁ ਹੋਰ ਖੇਤਰਾਂ ਵਿੱਚ ਰੈਲੀਆਂ ਕਰਨੀਆਂ ਆਜੇ ਬਾਕੀ ਹਨ।