– ਗਾਇਕਾ ਸਨੇਹਾ ਸਿੱਧੂ ਦਾ ਗੀਤ “ਗਰੂਰ” ਪੇਸ਼ ਕਰਕੇ ਅਥਾਹ ਖੁਸ਼ੀ ਮਿਲੀ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) “ਸਮਾਜ ਦੇ ਸਰੋਕਾਰਾਂ ਦੀ ਗੱਲ ਕਰਦੇ, ਪਾਕ ਪਵਿੱਤਰ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ, ਮੁਹੱਬਤ ਦੇ ਇਜਹਾਰ ਵੀ ਪਵਿੱਤਰਤਾ ਨਾਲ ਕਰਦੇ ਗੀਤ ਮੇਰੀ ਪਹਿਲੀ ਪਸੰਦ ਰਹੇ ਹਨ। ਸਾਫ ਸੁਥਰਾ ਗਾਉਣ ਵਾਲਿਆਂ ਦਾ ਮੈਂ ਮੁਰੀਦ ਬਣਕੇ ਸਾਥ ਦਿੰਦਾ ਹਾਂ। ਉੱਭਰ ਰਹੀ ਗਾਇਕਾ ਸਨੇਹਾ ਸਿੱਧੂ ਦੀ ਆਵਾਜ਼ ਨੇ ਮਨ ਨੂੰ ਟੁੰਬਿਆ ਤਾਂ ਅਸੀਂ ਪੇਸ਼ਕਾਰ ਵਜੋਂ ਨਾਲ ਖੜ੍ਹਨ ਦੀ ਹਾਮੀ ਭਰੀ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਕਾਰੋਬਾਰੀ, ਸਮਾਜਸੇਵੀ ਤੇ ਸੰਗੀਤ ਪ੍ਰਮੋਟਰ ਦਲਜਿੰਦਰ ਸਿੰਘ ਸਮਰਾ ਨੇ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਆਪਣਾ ਵਾਅਦਾ ਪੁਗਾਉਂਦਿਆਂ ਦਲਜਿੰਦਰ ਸਿੰਘ ਸਮਰਾ ਮੱਖਣ ਗੋਰਸੀਆਂ (ਗਲਾਸਗੋ) ਤੇ ਕੁਲਦੀਪ ਕੌਰ ਸਮਰਾ ਵੱਲੋਂ ਆਪਣੀ ਮਰਹੂਮ ਧੀ ਕਿਰਨ ਦੀ ਯਾਦ ਵਿੱਚ ਗਾਇਕਾ ਸਨੇਹਾ ਸਿੱਧੂ ਦਾ ਸਿੰਗਲ ਟਰੈਕ “ਗਰੂਰ” ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਉਹ ਸੁਰੀਲੇ ਫਨਕਾਰਾਂ ਦੇ ਕਦਰਦਾਨ ਹਨ ਤੇ ਚੰਗਾ ਗਾਉਣ ਵਾਲਿਆਂ ਦੇ ਨਾਲ ਖੜ੍ਹਨਾ ਆਪਣੀ ਜ਼ਿੰਮੇਵਾਰੀ ਸਮਝਦੇ ਹਨ। “ਯੂਟਿਊਬ ਟੀਵੀ” ਕੰਪਨੀ ਵੱਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ “ਬੀਟ ਕਰੂਜਰ” ਨੇ ਸ਼ਿੰਗਾਰਿਆ ਹੈ। ਸਮਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ “ਗਰੂਰ” ਗੀਤ ਰਾਹੀਂ ਸਨੇਹਾ ਸਿੱਧੂ ਵੱਖ ਵੱਖ ਚੈਨਲਾਂ ‘ਤੇ ਵੀ ਨਜ਼ਰ ਆਵੇਗੀ।