ਜੋਗਾ(ਮਾਛੀਕੇ / ਧਾਲੀਆਂ)

ਬੀਤੀ ਰਾਤ ਜੋਗਾ ਦੇ ਢਾਈ ਸਾਲਾ ਬੱਚੇ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਮਸੂਮ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਵਰਿੰਦਰ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੇ ਭਤੀਜੇ ਰਿਆਨ (ਢਾਈ ਸਾਲ) ਦੇ ਸਰੀਰ ‘ਤੇ ਗਰਮ ਚਾਹ ਪੈ ਗਈ ਸੀ, ਜਿਸ ਕਰਕੇ ਬੱਚਾ ਸਾਹ ਚੜਾ ਗਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਾਹਰਲੇ ਸ਼ਹਿਰਾਂ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਇੰਨ੍ਹਾਂ ਹਸਪਤਾਲਾਂ ਵਿਚ ਕੋਈ ਡਾਕਟਰ ਨਾ ਮਿਲਣ ਕਰਕੇ ਉਹ ਸੜਕਾਂ ‘ਤੇ ਹੀ 5 ਘੰਟੇ ਇਲਾਜ ਕਰਵਾਉਣ ਲਈ ਤੜਫ਼ਦੇ ਰਹੇ, ਕਿਸੇ ਵੀ ਡਾਕਟਰਾ ਨੇ ਹਸਪਤਾਲ ਵਿਚ ਆ ਕੇ ਬੱਚੇ ਦਾ ਇਲਾਜ ਕਰਨਾ ਆਪਣਾ ਫ਼ਰਜ਼ ਨਹੀ ਸਮਝਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਾਅਦ ਵਿਚ ਸਰਕਾਰੀ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਜਾਇਆ ਗਿਆ, ਡਾਕਟਰਾਂ ਵੱਲੋਂ ਦੱਸਣ ਮੁਤਾਬਿਕ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਜੇਕਰ ਬੱਚੇ ਦਾ ਇਲਾਜ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾਂਦਾ ਤਾਂ ਬੱਚਾ ਬਚ ਸਕਦਾ ਸੀ।