ਰਜਨੀ ਵਾਲੀਆ
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |
ਮਹਿਕਾਂ ਨਾਲ ਗੁੰਦਿਆ,
ਗੁਲਾਬ ਨਹੀਂ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |
ਹੁਣ ਕਿੱਕਲੀ ਛਟਾਪੂ ਕਿੱਥੇ,
ਖੇਡਦੀਆਂ ਸਖੀਆਂ |
ਹੁਣ ਚੋਰੀ-ਚੋਰੀ ਕਿੱਥੇ,
ਲੜਦੀਆਂ ਅੱਖੀਆਂ |
ਕਾਹਤੋਂ ਲੱਗੀਆਂ ਨੂੰ ਲੱਗੀ,
ਦਾ ਜਵਾਬ ਨਈਂ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |
ਖਾਂਦੇ ਸੀ ਖੁਰਾਕਾਂ ਤੇ ,
ਕਲਾਕਾਰ ਉੱਚਾ ਗਾਉਂਦੇ ਸੀ |
ਸਾਰੰਗੀ,ਢੱਟ,ਅਲਗੋਜੇ਼,
ਪੂਰੀ ਜਾਨ ਨਾ ਵਜਾਉਂਦੇ ਸੀ |
ਲਗਾਇਆ ਉੱਚਾ ਸੁਰ,
ਤੇ ਰਬਾਬ ਨਈਂ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |
ਗੱਭਰੂ ਪੰਜਾਬੀ ਕਾਹਤੋਂ,
ਨਸਿ਼ਆਂ ਚ ਵਹਿ ਗਏ |
ਪੁੱਤਾਂ ਦੀਆਂ ਢੋ-ਢੋ ਲਾਸਾ਼,
ਮਾਪੇ ਦੁੱਖ ਸਹਿ ਗਏ |
ਬਣ ਗਏ ਸਵਾਲਾਂ ਦਾ,
ਜਵਾਬ ਨਈਂ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |
ਪਾਣੀਆਂ ਦੇ ਵਿੱਚ ਓ,
ਮਿਠਾਸ ਹੁਣ ਰਹੀ ਨਾ |
ਮੁਹੱਬਤਾਂ ਓ ਰਹੀਆਂ ਨਾ,
ਓ ਗੱਲ ਖਾਸ ਹੁਣ ਰਹੀ ਨਾ |
ਵਗਦਾ ਜੋ ਮਿੱਠੜਾ ਸੀ,
ਆਬ ਨਈਓਂ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |
ਪੜ-ਪੜ ਨਵੀਂ ਪੀੜੀ,
ਹੋਈ ਅਵਾਜ਼ਾਰ ਏ |
ਰਿਜ਼ਕ ਕਮਾਉਣ ਲਈ,
ਜਾਂਦੀ ਪਈ ਬਾਹਰ ਏ |
ਘਰੇ ਹੁਣ ਮਾਝਾ,ਮਾਲਵਾ,
ਦਵਾਬ ਨਈਂ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ
ਪੰਜ ਜਿਹੜੇ ਆਬ ਸੀ,
ਓ ਇਕੱਠੇ ਹੁਣ ਰਹੇ ਨਾ |
ਕੋਈ ਆਬ ਵਗਦੈ ਤੇ,
ਕੋਈ ਹੁਣ ਵਹੇ ਨਾ |
ਸੋਹਣੀ ਵਾਲਾ ਉਹ ਕਿਉਂ,
ਝਨਾਬ ਨਈ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |
ਰੱਬਾ ਰਜਨੀ ਨੂੰ ਰੰਗਲਾ,
ਪੰਜਾਬ ਉਹਦਾ ਮੋੜਦੇ |
ਟੁੱਟੀਆਂ ਨੇਂ ਜਿੱਥੋਂ-ਜਿੱਥੋਂ,
ਤੂੰ ਗੰਢਾਂ ਸਭ ਜੋੜਦੇ |
ਜੋ ਦੌੜਦਾ ਸੀ ਬੰਨੇ-ਬੰਨੇ,
ਸ਼ਬਾਬ ਨਈ ਲੱਭਦਾ |
ਮੈਨੂੰ ਮੇਰਾ ਆਪਣਾਂ,
ਪੰਜਾਬ ਨਹੀਂ ਲੱਭਦਾ |