ਰਿਪੋਰਟ- ਭਿੰਦਰ ਜਲਾਲਾਬਾਦੀ
18 ਅਕਤੂਬਰ, ਐਤਵਾਰ ਨੂੰ ‘ਕਲਮ ਐਂਡ ਆਰਟ’ ਕਲੱਬ ਯੂ.ਕੇ. ਵਲੋੰ ਜ਼ੂਮ ਤਕਨੀਕ ਰਾਹੀਂ ਇਕੱਤਰਤਾ ਕੀਤੀ ਗਈ। ਮੀਟਿੰਗ ਵਿੱਚ ‘ਕਲਮ ਐਂਡ ਆਰਟ’ ਕਲੱਬ ਦੀ ਸੰਚਾਲਕ ਡਾ: ਅਮਰ ਜਿਉਤੀ ਨੇ ਸਭ ਨੂੰ ‘ਜੀਅ ਆਇਆਂ’ ਆਖਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਅਜੋਕੇ ਦੌਰ ‘ਚ ‘ਸੋਸ਼ਲ ਮੀਡੀਆ ਦੇ ਸਾਹਿਤ ਉੱਪਰ ਪੈਂਦੇ ਚੰਗੇ-ਮਾੜੇ ਪ੍ਰਭਾਵ’ ਬਾਰੇ ਵਿਚਾਰਾਂ ਹੋਈਆਂ। ਸਾਰੇ ਮੈਂਬਰਾਂ ਵਲੋਂ ਸੋਸ਼ਲ ਮੀਡੀਆ ਦੇ ਸਾਹਿਤ ਸਬੰਧੀ ਫਾਇਦੇ-ਨੁਕਸਾਨ ਵਾਲੇ ਦੋਵੇਂ ਪੱਖ ਬੜੀ ਗੰਭੀਰਤਾ ਨਾਲ ਵਿਚਾਰੇ ਗਏ।
ਪ੍ਰੋਗਰਾਮ ਦੇ ਦੂਸਰੇ ਦੌਰ ਵਿੱਚ ਗੁਰਮੇਲ ਕੌਰ ਸੰਘਾ ਦੀਆਂ ਹਾਲ ਹੀ ਵਿੱਚ ਛਪੀਆਂ ਦੋ ਕਿਤਾਬਾਂ ‘ਦਰਦ ਅਵੱਲੜੇ’ ਅਤੇ ‘ਸੱਚ ਦੇ ਬੋਲ’ ‘ਤੇ ਗੱਲਬਾਤ ਹੋਈ ਅਤੇ ਗੁਰਮੇਲ ਸੰਘਾ ਵਲੋਂ ਆਪਣੀ ਇੱਕ ਗਜ਼ਲ ਸੁਣਾ ਕੇ ਪ੍ਰੋਗਰਾਮ ਨੂੰ ਅੱਗੇ ਵਧਾਇਆ ਗਿਆ। ਉਸ ਪਿੱਛੋਂ ਸਾਰਿਆਂ ਵਲੋਂ ਆਪੋ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਕੁਲਦੀਪ ਕਿੱਟੀ ਬੱਲ, ਬੇਅੰਤ ਕੌਰ ਸੱਚਰ, ਦਲਵਿੰਦਰ ਕੌਰ ਬੁੱਟਰ, ਸ਼ਿਵਦੀਪ ਕੌਰ ਢੇਸੀ, ਗੁਰਮੇਲ ਕੌਰ ਸੰਘਾ, ਡਾ: ਅਮਰ ਜਿਉਤੀ ਅਤੇ ਭਿੰਦਰ ਜਲਾਲਾਬਾਦੀ ਸਮੇਤ ਲੇਖਕਾਂ ਨੇ ਹਿੱਸਾ ਲਿਆ।
ਆਖਿਰ ਵਿੱਚ ਡਾ: ਅਮਰ ਜਿਉਤੀ ਵਲੋਂ ਸਭ ਦਾ ਧੰਨਵਾਦ ਕਰਦਿਆਂ ਅਗਲੀ ਇਕੱਤਰਤਾ ਵਿੱਚ ‘ਸੋਸ਼ਲ ਮੀਡੀਆ ਦੇ ਸਾਹਿਤ ਉੱਪਰ ਪ੍ਰਭਾਵ’ ਵਿਸ਼ੇ ਨੂੰ ਹੋਰ ਡੁੰਘਾਈ ਨਾਲ ਵਿਚਾਰਨ ਦੀ ਸਲਾਹ ਦਿੰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।