14.8 C
United Kingdom
Monday, June 22, 2026

More

    ਫੌਜ ’ਚ ਭਰਤੀ ਦੇ ਨਾਂ ’ਤੇ 85 ਲੱਖ ਦੀ ਠੱਗੀ ਨੂੰ ਲੈਕੇ ਪੁਲਿਸ ਨੇ ਸ਼ਿਕੰਜਾ ਕਸਿਆ

    ਅਸ਼ੋਕ ਵਰਮਾ
    ਬਠਿੰਡਾ,21। ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ ਅਤੇ ਮਾਨਸਾ ਇਲਾਕੇ  ਦੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਦੇ ਨਾਮ ਹੇਠ 85 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਮਾਮਲੇ ’ਚ ਪੁਲਿਸ ਨੇ ਇੱਕ ਸੇਵਾਮੁਕਤ ਕਰਨਲ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਤਲਵੰਡੀ ਸਾਬੋ ਪੁਲਿਸ ਨੇ ਲਖਵੀਰ ਸਿੰਘ ਪੁੱਤਰ ਭੁਪਿੰਦਰ ਸਿੰਘ ਦੇ ਬਿਆਨਾਂ ਤੇ ਇਕਬਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਦੇਸੂਯੋਧਾ ਹਰਿਆਣਾ,ਨਰਿੰਦਰ ਸਿੰਘ ਧਾਲੀਵਾਲ ਪੁੱਤਰ ਜਰਨੈਲ ਸਿੰਘ ਵਾਸੀ ਸੰਗਰੂਰ ਅਤੇ ਬਲਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਾਹੀਨੰਗਲ ਨੂੰ ਧਾਰਾ 420,465,471,120ਬੀ ਤਹਿਤ ਨਾਮਜਦ ਕੀਤਾ ਹੈ। ਮਾਮਲੇ ਦਾ ਹੈਰਾਨਕੁੰਨ ਪਹਿਲੂ ਹੈ ਕਿ ਠੱਗੀ ਮਾਰਨ ਵਾਲਿਆਂ ਨੇ ਕਈ ਨੌਜਵਾਨਾਂ ਨੂੰ ਫੌਜ ‘ਚ ਨੌਕਰੀ ਤੇ ਹਜਾਰ ਹੋਣ ਲਈ ਫ਼ਰਜੀ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਸਨ। ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਮੱਧਵਰਗੀ ਪ੍ਰੀਵਾਰਾਂ ਨਾਲ ਸਬੰਧਤ ਹਨ ਜਿਹਨਾਂ ਚੋਂ ਕਈਆਂ ਨੇ ਸ਼ਾਹੂਕਾਰਾਂ ਤੋਂ ਵਿਆਜ ਤੇ ਪੈਸੇ ਲੈਕੇ ਦਿੱਤੇ ਹਨ ਜਦੋਂਕਿ ਕਈਆਂ ਨੇ ਜਮੀਨ ਅਤੇ ਗਹਿਣੇ ਵੇਚਕੇ ਪੈਸਾ ਦਿੱਤਾ ਹੈ।
                               ਕਰਨਲ ਨਰਿੰਦਰ ਸਿੰਘ ਵਾਸੀ ਸੰਗਰੂਰ ਸਾਲ 2014-15 ’ਚ ਫੌਜ ਤੋਂ ਸੇਵਾਮੁਕਤ ਹੋਇਆ ਸੀ। ਉਸ ਨੇ ਆਪਣੇ ਮਾਮੇ ਨੂੰ ਭਰੋਸੇ ’ਚ ਲੈ ਲਿਆ ਅਤੇ ਉਸ ਦੇ ਨਾਮ ਤੇ ਰਜਿਸ਼ਟਰਡ ਕਰਵਾ ਕੇ ਸੰਗਰੂਰ ’ਚ ਧਾਲੀਵਾਲ ਗੁੱਰਪ ਅਕੈਡਮੀ ਖੋਹਲ ਲਈ। ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਨੇ ਇਕਬਾਲ ਸਿੰਘ ਉਰਫ ਏਕਮ ਅਤੇ ਬਲਵਿੰਦਰ ਸਿੰਘ ਨਾਲ ਮਿਲਕੇ ਤਲਵੰਡੀ ਸਾਬੋ ’ਚ ਧਾਲੀਵਾਲ ਗਰੁੱਪ ਅਕੈਡਮੀ ਦਾ ਦਫਤਰ ਖੋਹਲ ਲਿਆ ਅਤੇ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿੱਤੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ। ਨਰਿੰਦਰ ਸਿੰਘ ਨੇ ਅਕੈਡਮੀ ਦੀ ਆੜ ’ਚ ਕਈ ਪੇਂਡੂ ਨੌਜਵਾਨਾਂ ਨੂੰ ਫੌਜ ’ਚ ਭਰਤੀ ਹੋਣ ਲਈ ਫਸਾ ਲਿਆ ਅਤੇ ਕਰੀਬ 15 ਲੜਕਿਆਂ ਤੋਂ 85 ਲੱਖ ਰੁਪਏ ਲੈਕੇ ਜਾਅਲੀ ਨਿਯੁਕਤੀ ਪੱਤਰ ਦੇ ਦਿੱਤੇ। ਜਦੋਂ ਨੌਜਵਾਨਾਂ ਨੂੰ ਠੱਗੀ ਦਾ ਪਤਾ ਲੱਗਿਆ ਤਾਂ ਕਰਨਲ ਮੌਕੇ ਤੋਂ ਫਰਾਰ ਹੋ ਗਿਆ। ਨੌਜਵਾਨਾਂ ਵੱਲੋਂ ਪੁਲਿਸ ਨੂੰ ਸ਼ਕਾਇਤ ਦਿੱਤੀ ਗਈ ਜਿਸ ਦੀ ਪੜਤਾਲ ਉਪਰੰਤ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਤਾਜਾ ਕਾਰਵਾਈ ਕੀਤੀ ਹੈ।
                     ਲਖਵੀਰ ਸਿੰਘ  ਵਾਸੀ ਰਾਮਾ ਮੰਡੀ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ’ਚ ਦੱਸਿਆ ਹੈ ਕਿ ਉਹ 12ਵੀਂ ਪਾਸ ਕਰਨ ਤੋਂ ਬਾਅਦ ਬੇਰੁਜਗਾਰ ਅਤੇ ਨੌਕਰੀ ਦੀ ਤਲਾਸ਼ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਸਾਲ 2019 ’ਚ ਉਸ ਨੇ ਧਾਲੀਵਾਲ ਅਕੈਡਮੀ ਸੰਗਰੂਰ ਦਾ ਇਸ਼ਤਿਹਾਰ ਪੜ੍ਹਿਆ ਅਤੇ ਅਕੈਡਮੀ ਦੇ ਮੈਨੇਜਰ ਇਕਬਾਲ ਸਿੰਘ ਨੂੰ ਮਿਲਿਆ ਜਿਸ ਨੇ ਭਰੋਸਾ ਦਿੱਤਾ ਕਿ ਕਿਧਰੇ ਵੀ ਜਾਣ ਦੀ ਜਰੂਰਤ ਨਹੀਂ ਉਸ ਨੂੰ ਘਰ ਬੈਠਿਆਂ ਹੀ ਨਿਯੁਕਤੀ ਪੱਤਰ ਮਿਲ ਜਾਏਗਾ। ਲਖਵੀਰ ਸਿੰਘ ਅਨੁਸਾਰ ਉਸ ਨੇ ਨੰਬਰਦਾਰ ਬਲਦੇਵ ਸਿੰਘ ਅਤੇ ਜਸਵੰਤ ਸਿੰਘ ਦੇ ਸਾਹਮਣੇ ਪੈਸੇ ਦੇ ਦਿੱਤੇ। ਉਸਨੇ ਦੱਸਿਆ ਕਿ ਛੇ ਮਹੀਨਿਆਂ ਬਾਅਦ ਉਸ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਜੋ ਪੜਤਾਲ ਕਰਨ ਤੇ ਫਰਜੀ ਨਿਕਲਿਆ। ਉਸ ਨੇ ਦੱਸਿਆ ਕਿ ਉਹ ਜਾਅਲੀ ਨਿਯੁਕਤੀ ਪੱਤਰ ਲੈਕੇ  ਨੰਬਰਦਾਰ ਬਲਦੇਵ ਸਿੰਘ ਅਤੇ ਜਸਵੰਤ ਸਿੰਘ ਨੂੰ ਨਾਲ ਲੈਕੇ ਅਕੈਡਮੀ ਗਿਆ ਜਿੱਥੇ ਇਕਬਾਲ ਸਿੰਘ ਅਤੇ ਉਸ ਦੇ ਸਾਥੀ ਪੈਸਿਆਂ ਤੋਂ ਮੁੱਕਰ ਗਏ ਅਤੇ ਫਰਾਰ ਹੋ ਗਏ।
             
                           ਇਹ ਵੀ ਹੋਏ ਠੱਗਾਂ ਦੇ ਸ਼ਿਕਾਰ
    ਲਖਵੀਰ ਸਿੰਘ ਤੋਂ ਇਲਾਵਾ ਗੁਰਦੀਪ ਸਿੰਘ,ਚਮਕੌਰ ਸਿੰਘ ਤੇ ਅਵਤਾਰ ਸਿੰਘ ਵਾਸੀ ਧਿੰਗੜ ਤੋਂ 11 ਲੱਖ ਰੁਪਏ,ਜੀਵਨ ਸਿੰਘ ਵਾਸੀ ਬੱਪੀਆਣਾ ਤੋਂ 5 ਲੱਖ ਰੁਪਏ, ਬਲਵਿੰਦਰ ਸਿੰਘ ਤੇ ਨੈਬ ਸਿੰਘ ਵਾਸੀ ਰਾਮ ਨਗਰ ਭੱਠਲ ਤੋਂ 10 ਲੱਖ,ਹਰਦੀਪ ਸਿੰਘ ਵਾਸੀ ਗਹਿਲੇਵਾਲਾ ਤੋਂ 2 ਲੱਖ,ਸੰਦੀਪ ਸਿੰਘ ਮੈਨੂੰਆਣਾ ਤੋਂ 5 ਲੱਖ,ਗੁਰਪ੍ਰੀਤ ਸਿੰਘ ਵਾਸੀ ਰਾਜਗੜ ਕੁੱਬੇ ਤੋਂ ਢਾਈ ਲੱਖ,ਗੁਰਪਾਲ ਸਿੰਘ ਵਾਸੀ ਤਖਤ ਮੱਲ ਤੋਂ 6 ਲੱਖ ਰੁਪਏ,ਗੁਰਜੀਤ ਸਿੰਘ ਵਾਸੀ ਮਲਕਾਣਾ ਤੋਂ5 ਲੱਖ ਰੁਪਏ,ਦੇਵੀ ਦਿਆਲ ਵਾਸੀ ਗਹਿਲੇਵਾਲਾ ਤੋਂ 1 ਲੱਖ ਰੁਪਏ,ਧਰਮਪ੍ਰੀਤ ਵਾਸੀ ਗਹਿਲੇਵਾਲਾ ਤੋਂ 4 ਲੱਖ,ਰਾਮ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਕਾਲਿਆਂਵਾਲੀ ਤੋਂ 14 ਲੱਖ,ਹਰਜਿੰਦਰ ਸਿੰਘ ਵਾਸੀ ਮਾਨਸਾ ਤੋਂ 1 ਲੱਖ,ਹਰਬੰਸ ਸਿੰਘ ਵਾਸੀ ਗਹਿਲੇਵਾਲਾ ਤੋਂ 5 ਲੱਖ ਅਤੇ ਗੁਰਜੀਤ ਸਿੰਘ ਵਾਸੀ ਝੰਡੂਕੇ ਤੋਂ 2 ਲੱਖ 75 ਹਜਾਰ ਸਮੇਤ ਕੁੱਲ 85 ਲੱਖ ਰੁਪਏ ਵਸੂਲੇ ਹਨ ਜੋ ਖੂਹ ਖਾਤੇ ਪੈ ਗਏ ਹਨ।
                            ਗਿ੍ਰਫਤਾਰੀ ਲਈ ਜਲਦੀ ਕਾਰਵਾਈ:ਐਸਐਚਓ
    ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਮਨਿੰਦਰ ਸਿੰਘ ਦਾ ਕਹਿਣਾ ਸੀ ਕਿ ਮਾਮਲਾ ਜਾਂਚ ਪਿੱਛੋਂ ਥਾਣੇ ਪੁੱਜਾ ਸੀ ਜਿਸ ਦੇ ਅਧਾਰ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ‘ਚ ਫਿਲਾਹਲ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਜਲਦੀ ਹੀ ਸੰਗਰੂਰ ਆਦਿ ’ਚ ਛਾਪੇਮਾਰੀ ਸ਼ੁਰੂ ਕਰ ਰਹੀ ਹੈ ਅਤੇ ਮੁਲਜਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!